Page 582
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥
ਆਓ, ਓ ਮੇਰੇ ਮਿੱਤ੍ਰੋ ਅਤੇ ਭਰਾਓ! ਮੇਨੂੰ ਮਿਲ ਕੇ ਆਪਣੀ ਗਲਵਕੜੀ ਵਿੱਚ ਲੈ ਲਓ, ਅਤੇ ਮੈਨੂੰ ਅਸ਼ੀਰਵਾਦ ਦਿਓ।

ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥
ਹੇ ਮਿੱਤ੍ਰੋ! ਮੇਰੇ ਪਿਆਰੇ ਪ੍ਰਭੂ ਨਾਲ ਮੇਰੇ ਮਿਲਾਪ ਵਾਸਤੇ ਅਰਦਾਸ ਕਰੋ। ਸੱਚੇ ਸਾਈਂ ਦਾ ਮਿਲਾਪ ਕਦੇ ਟੁੱਟਦਾ ਨਹੀਂ।

ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥
ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਆਪਣੇ ਸੁਆਮੀ ਦੀ ਪ੍ਰੇਮ-ਮਈ ਸੇਵਾ ਕਮਾਵਾਂ। ਅੱਗੇ ਹੀ ਮਿਲਿਆ ਹੋਇਆ ਦਾ, ਹੋਰ ਕੀ ਮੇਲਣਾ ਹੈ?

ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥
ਕਈ ਨਾਮ ਤੇ ਅਸਲੀ ਰਸਤੇ ਤੋਂ ਘੱਸੇ ਹੋਏ ਹਨ, ਉਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਖੇਡ ਖੇਡਣ ਲਈ ਕਹੋ।

ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥
ਉਨ੍ਹਾਂ ਨੂੰ ਕਹੋ ਕਿ ਉਹ ਮੌਤ ਦੇ ਰਾਹੇ ਨਾਂ ਟੁਰਨ ਉਹ ਸਾਈਂ ਵਿੱਚ ਲੀਨ ਰਹਿਣ, ਜਿਸ ਦਾ ਸਾਰਿਆਂ ਯੁੱਗਾਂ ਅੰਦਰ ਸੱਚਾ-ਸਰੂਪ ਹੈ।

ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥
ਚੰਗੇ ਭਾਗਾਂ ਰਾਹੀਂ ਅਸੀਂ ਐਸੇ ਮਿੱਤ੍ਰਾਂ ਤੇ ਸਨਬੰਧੀਆਂ ਨੂੰ ਮਿਲ ਪੈਂਦੇ ਹਾਂ, ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਮੌਤ ਦੀ ਫਾਹੀ ਨੂੰ ਖੋਲ੍ਹ ਛੱਡਿਆ ਹੈ।

ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥
ਹੇ ਪਿਤਾ! ਕਸ਼ਟ ਅਤੇ ਖੁਸ਼ੀ ਦੀ ਲਿਖੀ ਹੋਈ ਲਿਖਤਾਕਾਰ ਦੇ ਅਧੀਨ, ਪ੍ਰਾਣੀ ਅਲਫ ਨੰਗਾ ਜਹਾਨ ਅੰਦਰ ਆਉਂਦਾ ਹੈ।

ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥
ਵਿਵਾਹ (ਪ੍ਰਾਲਭਧ) ਦੀ ਲਿਖਤਾਕਾਰ ਜੋ ਪਿਛਲੇ ਕਰਮਾਂ ਅਨੁਸਾਰ ਹੈ, ਬਦਲੀ ਨਹੀਂ ਜਾ ਸਕਦੀ।

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥
ਬੈਠ ਕੇ, ਸੱਚਾ ਸੁਆਮੀ, ਅੰਮ੍ਰਿਤ ਤੇ ਜ਼ਹਿਰ ਲਿਖਦਾ ਹੈ। ਪ੍ਰਾਣੀ ਉਸੇ ਨਾਲ ਜੁੜਦਾ ਹੈ ਜਿਸ ਨਾਲ ਸੁਆਮੀ ਉਸ ਨੂੰ ਜੋੜਦਾ ਹੈ।

ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥
ਟੂਣੇ ਹਾਰਨੀ ਮਾਇਆ ਆਪਣਾ ਟੂਣਾ ਕਰਦੀ ਹੈ ਅਤੇ ਹਰ ਜਣੇ ਦੀ ਗਰਦਨ ਦੁਆਲੇ ਬਹੁਰੰਗਾ ਧਾਗਾ ਪਾ ਦਿੰਦੀ ਹੈ।

ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥
ਸ਼ੁਹਦੀ ਅਕਲ ਨਾਲ ਚਿੱਤ ਸ਼ੁਹਦਾ ਹੋ ਜਾਂਦਾ ਹੈ ਅਤੇ ਇਨਸਾਨ ਮਿੱਠੇ ਦੇ ਨਾਲ ਮੱਖੀ ਨੂੰ ਵੀ ਖਾ ਜਾਂਦਾ ਹੈ।

ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥
ਅਲਫ ਨੰਗਾ ਜਾਂ ਮਰਯਾਦਾ ਦੇ ਉਲਟ ਪ੍ਰਾਣੀ ਜੱਗ ਅੰਦਰ ਆਉਂਦਾ ਹੈ ਅਤੇ ਨੰਗਾ ਹੀ ਉਹ ਨਰੜ ਕੇ ਟੋਰ ਦਿੱਤਾ ਜਾਂਦਾ ਹੈ।

ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥
ਹੇ ਮਿੱਤ੍ਰ! ਵਿਰਲਾਪ ਕਰੋ, ਜੇਕਰ ਕਿਸੇ ਨੇ ਜ਼ਰੂਰ ਵਿਰਲਾਪ ਕਰਨਾ ਹੈ, ਕਿਉਂਕਿ ਪਿਆਰੀ ਆਤਮਾ ਜੱਕੜੀ ਹੋਈ ਅੱਗੇ ਧਕੀ ਗਈ ਹੈ।

ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥
ਲਿਖਤੀ ਹੁਕਮ ਮੇਸਿਆ ਨਹੀਂ ਜਾ ਸਕਦਾ। ਸਾਹਿਬ ਦੇ ਦਰਬਾਰ ਤੋਂ ਸਦਾ ਆਇਆ ਹੈ।

ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥
ਜਦ ਉਸ ਨੂੰ ਚੰਗਾ ਲੱਗਦਾ ਹੈ, ਹਲਕਾਰਾ ਆ ਜਾਂਦਾ ਹੈ ਤੇ ਰੋਣ ਵਾਲੇ ਰੋਣ ਲੱਗ ਜਾਂਦੇ ਹਨ।

ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥
ਪੁੱਤ੍ਰ, ਭਰਾ, ਵੀਰਾ, ਦੇ ਲੜਕੇ ਅਤੇ ਪਰਮ ਮੁਹੱਬਤੀ ਯਾਰ ਵਿਰਲਾਪ ਕਰਦੇ ਹਨ।

ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥
ਕੋਈ ਭੀ ਮਰਿਆਂ ਦੇ ਨਾਲ ਨਹੀਂ ਮਰਦਾ। ਮੁਬਾਰਕ ਹੈ, ਉਹ ਜੋ ਸਾਈਂ ਦੀਆਂ ਖੁਬੀਆਂ ਨੂੰ ਯਾਦ ਕਰ ਕੇ ਉਸ ਦੇ ਡਰ ਅੰਦਰ ਰੋਂਦਾ ਹੈ।

ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥
ਨਾਨਕ, ਜੋ ਸੱਚੇ ਸਾਹਿਬ ਨੂੰ ਯਾਦ ਕਰਦੇ ਰੋਂਦੇ ਹਨ, ਉਹ ਸਾਰਿਆਂ ਯੁੱਗਾਂ ਅੰਦਰ ਸਿਆਣੇ ਜਾਣੇ ਜਾਂਦੇ ਹਨ।

ਵਡਹੰਸੁ ਮਹਲਾ ੩ ਮਹਲਾ ਤੀਜਾ
ਵਡਹੰਸ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥
ਤੂੰ ਸੱਚੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਕਰ। ਉਹ ਸਾਰੇ ਕੰਮ-ਕਾਰ ਕਰਨ ਨੂੰ ਸਮਰਥ ਹੈ।

ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥
ਉਹ, ਪਤਨੀ ਕਦਾਚਿਤ ਵਿਧਵਾ ਹੋ ਨਹੀਂ ਬਹਿੰਦੀ ਤੇ ਨਾਂ ਹੀ ਕਦੇ ਉਸ ਨੂੰ ਗਮ ਵਾਪਰਦਾ ਹੈ।

ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥
ਪਤਨੀ ਆਪਣੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ। ਉਸ ਨੂੰ ਕਦਾਚਿਤ ਅਫਸੋਸ ਨਹੀਂ ਹੁੰਦਾ ਅਤੇ ਰਾਤ ਦਿਨ ਉਹ ਅਨੰਦ ਮਾਣਦੀ ਹੈ।

ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
ਜੋ ਪ੍ਰਾਲਭਧ ਬਣਾਉਣ ਵਾਲੇ ਆਪਣੇ ਪ੍ਰੀਤਮ ਨੂੰ ਜਾਣਦੀ ਹੈ, ਉਹ ਅੰਮ੍ਰਿਤ ਵਰਗੇ ਬਚਨ ਬੋਲਦੀ ਹੈ।

ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥
ਨੇਕ ਪਤਨੀਆਂ ਦਾ, ਜੋ ਆਪਣੇ ਪਤੀ ਨੂੰ ਸਿਮਰਦੀਆਂ ਹਨ ਤੇ ਉਸ ਦੀਆਂ ਖੂਬੀਆਂ ਨੂੰ ਯਾਦ ਕਰਦੀਆਂ ਹਨ, ਉਨ੍ਹਾਂ ਦਾ ਕਦਾਚਿਤ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ।

ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
ਤੂੰ ਆਪਣੇ ਸੱਚੇ ਕੰਤ ਦੀ ਕੀਰਤੀ ਕਰ, ਜੋ ਸਾਰਾ ਕੁਝ ਕਰਨ ਨੂੰ ਸਰਬ-ਸ਼ਕਤੀਵਾਨ ਹੈ।

ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥
ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਸਿਞਾਣਿਆ ਜਾਂਦਾ ਹੈ ਅਤੇ ਉਹ ਬੰਦੇ ਨੂੰ ਆਪ ਹੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥
ਆਪਣੇ ਕੰਤ ਦੇ ਪਿਆਰ ਨਾਲ ਰੰਗੀ ਹੋਈ ਪਤਨੀ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਕੱਢ ਸੁੱਟਦੀ ਹੈ।

ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥
ਆਪਣੇ ਅੰਦਰੋਂ ਹੰਕਾਰ ਨਵਿਰਤ ਕਰਨ ਕਰਕੇ ਮੌਤ ਉਸ ਨੂੰ ਮੁੜ ਨਹੀਂ ਨਿਗਲਦੀ ਅਤੇ ਗੁਰਾਂ ਦੇ ਰਾਹੀਂ ਉਹ ਇਕ ਸਾਈਂ ਨੂੰ ਹੀ ਜਾਣਦੀ ਹੈ।

ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥
ਪਤਨੀ ਦਾ ਖਾਹਿਸ਼ ਪੂਰੀ ਜੋ ਜਾਂਦੀ ਹੈ, ਉਸ ਦਾ ਦਿਲ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਵੰਞਦਾ ਹੈ ਅਤੇ ਉਹ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਨੂੰ ਮਿਲ ਪੈਂਦੀ ਹੈ।

ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥
ਉਹ ਨਾਮ ਦੀ ਪ੍ਰੀਤ ਨਾਲ ਰੰਗੀ ਹੋਈ ਹੈ, ਜੁਆਨੀ ਨਾਲ ਮਤਵਾਲੀ ਹੈ ਅਤੇ ਆਪਣੇ ਪਤੀ ਦੇ ਸਰੂਪ ਅੰਦਰ ਲੀਨ ਥੀ ਵੰਞਦੀ ਹੈ।

ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥
ਸੱਚਾ ਸੁਆਮੀ ਉਸ ਦੇ ਨਾਮ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ ਅਤੇ ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥
ਜਿਨ੍ਹਾਂ ਨੇ ਆਪਣੇ ਭਰਤੇ ਨੂੰ ਸਿੰਞਾਣਿਆ ਹੈ, ਮੈਂ ਉਨ੍ਹਾਂ ਸਾਧੂਆਂ ਨੂੰ ਜਾ ਕੇ, ਆਪਣੇ ਸੁਆਮੀ ਬਾਰੇ ਪੁੱਛਦੀ ਹਾਂ।

copyright GurbaniShare.com all right reserved. Email