Page 583
ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ।

ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥
ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।

ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥
ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ।

ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥
ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ।

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥
ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ।

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥
ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ।

ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ।

ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ।

ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ।

ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ!

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ।

ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਿਸ਼ਾਹੀ।

ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥
ਤੁਸੀਂ ਸੁਣੋਂ, ਹੇ ਪਤੀ ਦੀਆਂ ਪਤਨੀਓ! ਤੁਸੀਂ ਆਪਣੇ ਪ੍ਰੀਤਮ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਨੂੰ ਸਿਮਰੋ।

ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥
ਗੁਣ-ਵਿਹੂਣ ਪਤਨੀ ਆਪਣੇ ਭਰਤੇ ਨੂੰ ਨਹੀਂ ਜਾਣਦੀ ਅਤੇ ਉਹ ਠੱਗੀ ਗਈ ਹੈ। ਆਪਣੇ ਪਤੀ ਨੂੰ ਭੁਲਾ ਕੇ ਉਹ ਰੋਂਦੀ ਰਹਿੰਦੀ ਹੈ।

ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥
ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਨੇਕ ਵਹੁਟੀ ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ।

ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥
ਗੁਰਾਂ ਦੇ ਰਾਹੀਂ ਸਾਹਿਬ ਜਾਣਿਆ ਜਾਂਦਾ ਹੈ, ਨਾਮ ਦੇ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ ਅਤੇ ਸੱਚੀ ਪ੍ਰੀਤ ਦੇ ਰਾਹੀਂ ਇਨਸਾਨ ਉਸ ਅੰਦਰ ਲੀਨ ਹੋ ਜਾਂਦਾ ਹੈ।

ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥
ਕੂੜੀ ਪਤਨੀ ਨੂੰ, ਜੋ ਕਿਸਮਤ ਦੇ ਲਿਖਾਰੀ ਆਪਣੇ ਪਤੀ ਨੂੰ ਨਹੀਂ ਜਾਣਦੀ, ਝੂਠ ਨੇ ਠੱਗ ਲਿਆ ਹੈ।

ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
ਸੁਣੋ, ਹੇ ਪਤੀ ਦੀਓ ਪਤਨੀਓ! ਆਪਣੇ ਪਿਆਰ ਦੀ ਟਹਿਲ ਕਮਾਓ ਤੇ ਉਸ ਦੇ ਨਾਮ ਦਾ ਜਾਪ ਕਰੋ।

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
ਆਪੇ ਹੀ ਸੁਆਮੀ ਨੇ ਸਾਰਾ ਜਹਾਨ ਸਾਜਿਆ ਹੈ। ਪ੍ਰਾਣੀ ਆਉਣ ਤੇ ਜਾਣ ਦੇ ਨੇਮ ਅਧੀਨ ਹੈ।

ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
ਧਨ-ਦੌਲਤ ਦੀ ਮਮਦਾ ਨੇ ਜੀਵ ਰੂਪੀ ਇਸਤ੍ਰੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਮੁੜ ਮੁੜ ਕੇ ਮਰਦੀ ਤੇ ਜੰਮਦੀ ਹੈ।

ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
ਉਹ ਮੁੜ ਮੁੜ ਕੇ ਜੰਮਦੀ ਹੈ। ਉਸ ਦੇ ਪਾਪ ਵਧਦੇ ਜਾਂਦੇ ਹਨ ਅਤੇ ਬ੍ਰਹਿਮ-ਵੀਚਾਰ ਦੇ ਬਗੈਰ ਉਹ ਠੱਗੀ ਗਈ ਹੈ।

ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
ਨਾਮ ਦੇ ਬਗੈਰ ਉਹ ਆਪਣੇ ਕੰਤ ਨੂੰ ਪਰਾਪਤ ਨਹੀਂ ਹੁੰਦੀ ਅਤੇ ਆਪਣਾ ਜੀਵਨ ਗੁਆ ਲੈਂਦੀ ਹੈ। ਸੋ, ਗੁਣ-ਵਿਹੂਣ ਕੂੜੀ ਇਸਤਰੀ ਵਿਰਲਾਪ ਕਰਦੀ ਹੈ।

ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
ਮੇਰਾ ਪ੍ਰੀਤਮ ਜਗਤ ਦੀ ਜਿੰਦ-ਜਾਨ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹੋਇਆ। ਪਤਨੀ ਆਪਣੇ ਕੰਤ ਨੂੰ ਵਿਸਾਰਨ ਤੇ ਹੀ ਰੋਂਦੀ ਹੈ।

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥
ਸਮੂਹ ਆਲਮ ਅਤੇ ਜੀਵ ਦਾ ਆਉਣਾ ਤੇ ਜਾਣਾ ਸੁਆਮੀ ਨੈ ਆਪ ਹੀ ਰਚਿਆ ਹੈ।

ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥
ਸੱਚਾ, ਸਦੀਵੀ ਸੱਚਾ ਹੈ ਉਹ ਕੰਤ। ਨਾਂ ਉਹ ਮਰਦਾ ਹੈ ਅਤੇ ਨਾਂ ਹੀ ਕਿਤੇ ਜਾਂਦਾ ਹੈ।

ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥
ਬੇਸਮਝ ਪਤਨੀ ਕੁਰਾਹੇ ਪਈ ਹੋਈ ਹੈ ਅਤੇ ਦਵੈਤ-ਭਾਵ ਰਾਹੀਂ ਵਿਧਵਾ ਬਣੀ ਬੈਠੀ ਹੈ।

ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥
ਹੋਰਸ ਦੀ ਪ੍ਰੀਤ ਰਾਹੀਂ ਉਹ ਵਿਧਵਾ ਦੀ ਤਰ੍ਹਾਂ ਬਹਿੰਦੀ ਹੈ, ਧਨ-ਦੌਲਤ ਦੀ ਲਗਨ ਰਾਹੀਂ ਉਹ ਦੁੱਖ ਪਾਉਂਦੀ ਹੈ, ਉਸ ਦੀ ਉਮਰ ਘਟਦੀ ਤੇ ਦੇਹ ਨਾਸ ਹੁੰਦੀ ਜਾ ਰਹੀ ਹੈ।

ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥
ਜਿਹੜਾ ਕੁਝ ਆਇਆ (ਉਪਜਿਆ) ਹੈ, ਉਹ ਸਾਰਾ ਹੀ ਟੁਰ ਵੰਝੇਗਾ। ਸੰਸਾਰੀ ਮੋਹ ਦੇ ਜ਼ਰੀਏ, ਬੰਦਾ ਦੁੱਖ ਉਠਾਉਂਦਾ ਹੈ।

ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥
ਬੰਦਾ ਮੌਤ ਦੇ ਦੂਤ ਨੂੰ ਅਨੁਭਵ ਨਹੀਂ ਕਰਦਾ, ਧਨ-ਦੌਲਤ ਦੀ ਲਾਲਸਾ ਕਰਦਾ ਹੈ ਤੇ ਆਪਣੇ ਮਨ ਨੂੰ ਹਿਰਸ ਅਤੇ ਤਮ੍ਹਾ ਨਾਲ ਜੋੜਦਾ ਹੈ।

ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥
ਸੱਚਾ, ਸਦੀਵੀ ਸੱਚਾ ਹੈ ਉਹ ਸਿਰ ਦੇ ਸਾਂਈ। ਉਹ ਮਰਦਾ ਨਹੀਂ ਨਾਂ ਹੀ ਕਿਧਰੇ ਜਾਂਦਾ ਹੈ।

ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੈ।

ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥
ਗੁਰਾਂ ਦੀ ਦਇਆ ਦੁਆਰਾ, ਸੱਚਾ ਪਤੀ ਮਿਲਦਾ ਹੈ ਅਤੇ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਉਸ ਨੂੰ ਯਾਦ ਕਰਦੀ ਹੈ।

ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥
ਉਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਜਾਣ ਕੇ, ਉਹ ਆਪਣੇ ਚਿੱਤ ਵਿੱਚ ਆਪਣੇ ਪਤੀ ਨੂੰ ਯਾਦ ਕਰਦੀ ਹੈ। ਅਧਰਮਣਾਂ ਉਸ ਨੂੰ ਦੁਰੇਡੇ ਖਿਆਲ ਕਰਦੀਆਂ ਹਨ।

ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥
ਜਿਹੜੀ ਵਹੁਟੀ ਆਪਣੇ ਸਿਰ ਦੇ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਨਹੀਂ ਕਰਦੀ, ਉਸ ਦੀ ਇਹ ਦੇਹ ਮਿੱਟੀ ਵਿੱਚ ਰੁਲਦੀ ਹੈ ਅਤੇ ਕਿਸੇ ਕੰਮ ਨਹੀਂ ਆਉਂਦੀ।

copyright GurbaniShare.com all right reserved. Email