ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥
ਸੰਸਾ ਤੇ ਮਾਇਆ-ਮੋਹ ਮੇਰੇ ਅੰਦਰੋਂ ਦੂਰ ਹੋ ਗਏ ਹਨ ਅਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥ ਮੈਂ ਸਤਿਨਾਮ ਵਿੱਚ ਲੀਨ ਹੋ ਗਿਆ ਹਾਂ, ਰੱਬ ਦਾ ਜੱਸ ਗਾਉਂਦਾ ਹਾਂ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਸੁੱਖ ਪਾਉਂਦਾ ਹਾਂ। ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥ ਦਿਨ ਤੇ ਰਾਤ ਮੈਂ ਹਮੇਸ਼ਾਂ ਹੀ ਪ੍ਰਸੰਨ ਰਹਿੰਦਾ ਹਾਂ ਅਤੇ ਮੇਰੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ। ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥ ਮੈਂ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿਗਦਾ ਹਾਂ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ। ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥ ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ, ਤਦ ਮੇਰੀ ਦੇਹ ਸੋਨੇ ਦੀ ਹੋ ਜਾਵੇਗੀ। ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥ ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸਾਈਂ ਦੀ ਸਿਫ਼ਤ ਕਰਦੇ ਹਨ। ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥ ਸੱਚੇ ਗੁਰਾਂ ਦੇ ਬਾਝੋਂ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਉਣਗੇ? ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ ਪ੍ਰਲੋਕ ਵਿੱਚ ਉਹ ਕਿਹੜਾ ਮੂੰਹ ਦਿਖਾਉਣਗੇ? ਉਹ ਆਪਣੇ ਗੁਨਾਹਾਂ ਲਈ ਅਫਸੋਸ ਕਰਨਗੇ ਅਤੇ ਨਿਰੋਲ ਕਸ਼ਟ ਹੀ ਪਾਉਣਗੇ। ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥ ਗੂੜ੍ਹੀ ਲਾਲ ਰੰਗਤ ਹੈ ਉਨ੍ਹਾਂ ਦੀ ਜੋ ਨਾਮ ਨਾਲ ਰੰਗੀਜੀਆਂ ਹਨ। ਉਹ ਆਪਣੇ ਪਤੀ ਦੇ ਸਰੂਪ ਵਿੱਚ ਲੀਨ ਹੋ ਜਾਂਦੀਆਂ ਹਨ। ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥ ਉਸ ਜਿੱਡਾ ਵੱਡਾ ਹੋਰ ਕੋਈ ਮੈਨੂੰ ਸੁਝ ਨਹੀਂ ਆਉਂਦਾ, ਮੈਂ ਹੋਰ ਕੀਹਦੇ ਕੋਲ ਜਾ ਕੇ ਫਰਿਆਦੀ ਹੋਵਾਂ? ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥ ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸੁਆਮੀ ਦੀ ਸਿਫ਼ਤ ਕਰਦਾ ਹੈ। ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥ ਜੋ ਸੱਚਿਆਂ ਦੇ ਪਰਮ ਸੱਚਿਆਰਾਂ ਦੀ ਸਿਫ਼ਤ-ਸਨ ਕਰਦੇ ਹਨ ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ। ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥ ਸੱਚੇ ਅਤੇ ਪਵਿੱਤਰ ਹਨ ਉਹ ਪੁਰਸ਼, ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ। ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥ ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ, ਇਨਸਾਨ ਨਾਮ ਦੇ ਸੱਚੇ ਤਾਲਾਬ ਅੰਦਰ ਨ੍ਹਾਉਂਦਾ ਹੈ ਅਤੇ ਸੁਭਾਵਕ ਹੀ ਸਤਿਵਾਦੀ ਥੀ ਵੰਞਦਾ ਹੈ। ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥ ਸੱਚੇ ਗੁਰਾਂ ਨੇ ਮੈਨੂੰ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਗਾਧ ਪ੍ਰਭੂ ਦਾ ਨਾਮ ਦਰਸਾ ਦਿੱਤਾ ਹੈ। ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥ ਪ੍ਰੇਮ ਨਾਲ ਰੰਗੇ ਹੋਏ ਜੋ ਰਾਤ ਦਿਨ ਸੱਚੇ ਸਾਈਂ ਦੀ ਪ੍ਰੇਮ ਮਈ ਸੇਵਾ ਕਰਦੇ ਹਨ, ਹੇ ਨਾਨਕ! ਉਹ ਉਸ ਅੰਦਰ ਲੀਨ ਹੋ ਜਾਂਦੇ ਹਨ। ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥ ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ, ਜੋ ਸਚਿਆਰ ਪ੍ਰਭੂ ਦਾ ਸਿਮਰਨ ਕਰਦੇ ਹਨ। ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ ਵਡਹੰਸ ਦੀ ਵਾਰ ਚੌਥੀ ਪਾਤਿਸ਼ਾਹੀ। ਲਲਾ ਬਹਲੀਮਾ ਦੀ ਸੁਰਤਾਲ ਤੇ ਗਾਉਣੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ ਰੋ ਰੱਬੀ ਕਲਾਮ ਨਾਲ ਰੰਗੀਜੇ ਹਨ ਅਤੇ ਸੱਚੇ ਨਾਮ ਨੂੰ ਆਪਣੇ ਦਿਲ ਅੰਦਰ ਵਸਾਉਂਦੇ ਹਨ, ਉਹ ਪਰਮ ਹੰਸ ਹਨ। ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ ਉਹ ਸੱਚ ਨੂੰ ਇਕੱਤਰ ਕਰਦੇ ਹਨ, ਹਮੇਸ਼ਾਂ ਸੱਚ ਵਿੱਚ ਵੱਸਦੇ ਹਨ ਅਤੇ ਸੱਚੇ ਨਾਮ ਨਾਲ ਪ੍ਰੇਮ ਲਾਉਂਦੇ ਹਨ। ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ ਹਮੇਸ਼ਾਂ ਲਈ ਉਹ ਪਵਿੱਤਰ ਹਨ, ਉਨ੍ਹਾਂ ਨੂੰ ਕੋਈ ਮੈਲ ਨਹੀਂ ਚਿਮੜਦੀ ਅਤੇ ਉਨ੍ਹਾਂ ਉਤੇ ਸਿਰਜਣਹਾਰ ਦੀ ਮਿਹਰ ਹੈ। ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥ ਨਾਨਕ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜਾ ਰੈਣ ਦਿਹੁੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਮੈਂ ਉਨ੍ਹਾਂ ਨੂੰ ਪਰਮ ਹੰਸ ਖਿਆਲ ਕੀਤਾ ਸੀ। ਤਾਂ ਹੀ ਮੈਂ ਉਸ ਦੀ ਸੰਗਤ ਕੀਤੀ ਹੈ। ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥ ਜੇਕਰ ਮੈਂ ਜਾਣਦੀ ਹੁੰਦੀ ਕਿ ਉਹ ਵੀਚਾਰਾ ਬਗਲਾ ਹੀ ਹੈ, ਮੈਂ ਮੁੱਢ ਤੋਂ ਹੀ ਉਸ ਨਾਲ ਮੇਲ-ਮਿਲਾਪ ਨਾਂ ਕਰਦੀ। ਮਃ ੩ ॥ ਤੀਜੀ ਪਾਤਿਸ਼ਾਹੀ। ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ ਹੰਸਾਂ ਨੂੰ ਤਾਰੀਆਂ ਲਾਉਂਦੇ ਦੇਖ ਕੇ, ਬਗਲਿਆਂ ਨੂੰ ਵੀ ਤਰਨ ਦੀ ਖਾਹਿਸ਼ ਪੈਦਾ ਹੋ ਗਈ। ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥ ਵਿਚਾਰੇ ਬਗਲੇ ਡੁਬ ਕੇ ਮਰ ਗਏ। ਉਨ੍ਹਾਂ ਦੇ ਸਿਰ ਹੇਠਾਂ ਤੇ ਪੈਰ ਉਤੇ ਨੂੰ ਸਨ। ਪਉੜੀ ॥ ਪਉੜੀ। ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥ ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਅਤੇ ਤੂੰ ਖੁਦ ਹੀ ਤੂੰ ਜਗਤ ਨੂੰ ਰਚਿਆ ਹੈ। ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥ ਹੇ ਸਰੂਪ-ਰਹਿਤ ਸੁਆਮੀ! ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈਂ। ਤੇਰੇ ਬਿਨਾ ਹੋਰ ਕੋਈ ਦੂਸਰਾ ਨਹੀਂ। ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ ਤੂੰ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਜੋ ਤੂੰ ਕਰਦਾ ਹੈ, ਉਹੀ ਹੁੰਦਾ ਹੈ। ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ ਤੂੰ ਬਿਨ ਮੰਗੀਆਂ ਦਾਤਾਂ ਸਾਰਿਆਂ ਜੀਵਾਂ ਨੂੰ ਦਿੰਦਾ ਹੈ। ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥ ਸਾਰੇ ਜਣੇ ਕਹੋ, "ਧੰਨ! ਧੰਨ! ਹਨ ਸੱਚੇ ਗੁਰਦੇਵ ਜੀ" ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਮੁਖੀ ਤਾਦ ਮੈਨੂੰ ਦਿੱਤੀ ਹੈ। copyright GurbaniShare.com all right reserved. Email |