ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ। ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ ਸਾਰਾ ਸੰਸਾਰ ਸਾਹਿਬ ਦੇ ਡਰ ਅੰਦਰ ਹੈ ਕੇਲਵ ਓਹੀ ਪੂਜਨੀਯ ਵਾਹਿਗੁਰੂ ਡਰ-ਰਹਿਤ ਹੈ। ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥ ਸੱਚੇ ਗੁਰਾਂ ਦੀ ਸੇਵਾ ਕਰਨ ਨਾਲ ਸਾਈਂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਉਥੇ ਫੇਰ ਡਰ ਨਹੀਂ ਠਹਿਰਦਾ। ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥ ਵੈਰੀ ਅਤੇ ਦੁੱਖ ਉਸ ਦੇ ਲਾਗੇ ਹੀ ਨਹੀਂ ਲੱਗਦੇ ਅਤੇ ਕੋਈ ਉਸ ਨੂੰ ਛੂਹ ਤੱਕ ਨਹੀਂ ਸਕਦਾ। ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥ ਗਰੂ-ਸਮਰਪਨ ਆਪਣੇ ਦਿਲੋਂ ਸੁਆਮੀ ਨੂੰ ਸਿਮਰਣ ਦੁਆਰਾ ਸਮਝ ਜਾਂਦਾ ਹੈ ਕਿ ਜੋ ਕੁਛ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥ ਨਾਨਕ, ਸਾਹਿਬ ਆਪ ਹੀ ਇਨਸਾਨ ਦੀ ਇੱਜ਼ਤ ਰੱਖਦਾ ਹੈ ਅਤੇ ਓਹੀ ਕੰਮ-ਕਾਜ ਸਵਾਰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ ਮੇਰੇ ਕਈ ਮਿੱਤ੍ਰ ਜਾ ਰਹੇ ਹਨ, ਕਈ ਅੱਗੇ ਹੀ (ਦੁਨੀਆਂ ਤੋਂ) ਟੁਰ ਗਏ ਹਨ ਅਤੇ ਬਾਕੀ ਦੇ ਭੀ ਆਖਰਕਾਰ ਟੁਰ ਜਾਣਗੇ। ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥ ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਉਹ ਆਪਣੇ ਆਉਣ ਤੇ ਜਾਣ ਤੇ ਪਸਚਾਤਾਪ ਕਰਦੇ ਹਨ। ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥ ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਵੱਖਰੇ ਨਹੀਂ ਹੁੰਦੇ। ਸੱਚੇ ਗੁਰਾਂ ਦੀ ਚਾਕਰੀ ਰਾਹੀਂ ਇਸ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਪਉੜੀ ॥ ਪਉੜੀ। ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥ ਤੂੰ ਉਨ੍ਹਾਂ ਮਿੱਤ੍ਰਾਂ ਦੇ ਸੱਚੇ ਗੁਰਾਂ ਨੂੰ ਮਿਲ, ਜਿਨ੍ਹਾਂ ਦੇ ਹਿਰਦੇ ਅੰਦਰ ਨੇਕੀ ਕਰਨ ਵਾਲਾ ਵਾਹਿਗੁਰੂ ਵਸਦਾ ਹੈ। ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥ ਤੂੰ ਉਸ ਪਿਆਰੇ ਸੱਚੇ ਗੁਰੂ ਨੂੰ ਮਿਲ, ਜਿਸ ਨੇ ਆਪਣੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ। ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥ ਮੁਬਾਰਕ! ਮੁਬਾਰਕ! ਹਨ ਉਹ ਪੂਰਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਰੱਬ ਦੀ ਸੇਵਾ ਦੀ ਸਿਖਮਤ ਦੇ ਕੇ ਸਾਰੀ ਦੁਨੀਆਂ ਦਾ ਸੁਧਾਰ ਕੀਤਾ ਹੈ। ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥ ਹੇ ਸਾਧੂਓ! ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰੋ, ਜੋ ਤੁਹਾਨੂੰ ਜ਼ਹਿਰੀਲੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥ ਪੂਰਨ ਗੁਰਾਂ ਨੇ ਮੈਨੂੰ ਸਾਹਿਬ ਬਾਰੇ ਸਿਖਮਤ ਦਿੱਤੀ ਹੈ। ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਸੱਚੇ ਗੁਰਾਂ ਦੀ ਖਿਦਮਤ ਤੇ ਘਾਲ, ਆਰਾਮਾਂ ਦੇ ਆਰਾਮ ਦਾ ਜੌਹਰ ਹੈ। ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਇਸ ਦੇ ਰਾਹੀਂ ਬੰਦਾ ਏਥੇ ਇੱਜ਼ਤ-ਆਬਰੂ ਪਾ ਲੈਂਦਾ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ। ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਉਹ ਸੱਚੀ ਕਿਰਤ ਕਰਦਾ ਹੈ, ਸੱਚ ਨੂੰ ਪਹਿਨਦਾ ਹੈ ਅਤੇ ਸੱਚਾ ਨਾਮ ਹੀ ਉਸ ਦਾ ਆਸਰਾ ਹੈ। ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸੱਚੀ ਸੁਹਬਤ ਰਾਹੀਂ ਉਹ ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ। ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਸੱਚੇ ਨਾਮ ਦੇ ਰਾਹੀਂ ਉਹ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ ਤੇ ਸੱਚੇ ਦਰਬਾਰ ਵਿੱਚ ਸੱਚਾ ਕਰਾਰ ਦਿੱਤਾ ਜਾਂਦਾ ਹੈ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ ਨਾਨਕ, ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਜਿਸ ਉਤੇ ਸਿਰਜਣਹਾਰ ਰਹਿਮਤ ਧਾਰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ, ਅਤੇ ਲਾਨ੍ਹਤ ਹੈ ਉਨ੍ਹਾਂ ਦੇ ਵਾਸੇ ਉਤੇ, ਜੋ ਕਿਸੇ ਹੋਰਸ ਦੀ ਸੇਵਾ ਕਮਾਉਂਦੇ ਹਨ। ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥ ਉਹ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਨੂੰ ਜੁੜਕੇ ਜ਼ਹਿਰ ਨੂੰ ਕਮਾਉਂਦੇ ਹਨ ਅਤੇ ਜ਼ਹਿਰ ਹੀ ਉਨ੍ਹਾਂ ਦੀ ਪੂੰਜੀ ਹੈ। ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥ ਵਿਹੁ ਹੈ ਉਨ੍ਹਾਂ ਦਾ ਭੋਜਨ, ਵਿਹੁ ਹੀ ਪੁਸ਼ਾਕ ਅਤੇ ਵਿਹੁ ਦੀਆਂ ਬੁਰਕੀਆਂ ਹੀ ਉਹ ਆਪਣੇ ਮੂੰਹ ਵਿੱਚ ਪਾਉਂਦੇ ਹਨ। ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ ਏਥੇ ਇਹ ਨਿਰੇਪੁਰੇ ਕਸ਼ਟ ਦੀ ਹੀ ਕਮਾਈ ਕਰਦੇ ਹਨ ਤੇ ਮਰ ਕੇ ਉਹ ਦੋਖਕ ਅੰਦਰ ਵਸਦੇ ਹਨ। ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥ ਪ੍ਰਤੀਕੂਲਾਂ ਦੇ ਚਿਹਰੇ ਗੰਦੇ ਹਨ, ਉਹ ਨਾਮ ਨੂੰ ਅਨੁਭਵ ਨਹੀਂ ਕਰਦੇ ਅਤੇ ਵਿਸ਼ੇ ਭੋਗ ਤੇ ਗੁੱਸੇ ਵਿੱਚ ਹੀ ਤਬਾਹ ਹੋ ਜਾਂਦੇ ਹਨ। ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥ ਉਹ ਸੱਚੇ ਗੁਰਾਂ ਦਾ ਡਰ ਤਿਆਗ ਦਿੰਦੇ ਹਨ ਤੇ ਉਨ੍ਹਾਂ ਦੇ ਚਿੱਤ ਦੀ ਜਿੱਦ ਦੇ ਸਬੱਬ, ਉਨ੍ਹਾਂ ਦਾ ਕਾਰਜ ਠੀਕ ਨਹੀਂ ਹੁੰਦਾ। ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥ ਮੌਤ ਦੇ ਸ਼ਹਿਰ ਵਿੱਚ ਉਹ ਨਰੜ ਕੇ ਸੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀ ਬੇਨਤੀ ਨਹੀਂ ਸੁਣਦਾ। ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥ ਨਾਨਕ ਉਹ ਆਪਣੀ ਪੂਰਬਲੀ ਲਿਖਤ ਅਨੁਸਾਰ ਕਰਮ ਕਮਾਉਂਦੇ ਹਨ। ਗੁਰਾਂ ਦੇ ਰਾਹੀਂ, ਉਹ ਨਾਮ ਅੰਦਰ ਵਸਦੇ ਹਨ। ਪਉੜੀ ॥ ਪਉੜੀ। ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ ਹੇ ਸੰਤ ਜਨੋ! ਉਸ ਸੱਚੇ ਗੁਰੂ ਦੀ ਘਾਲ ਕਮਾਓ, ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰਦਾ ਹੈ। ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥ ਦਿਨ ਰਾਤ ਉਸ ਸੱਚੇ ਗੁਰੂ ਦੀ ਪੂਜਾ ਕਰੋ, ਜੋ ਬੰਦੇ ਤੋਂ ਸੰਸਾਰ ਦੇ ਸੁਆਮੀ ਤੇ ਜਗਤ ਦੇ ਮਾਲਕ ਦਾ ਸਿਮਰਨ ਕਰਵਾਉਂਦਾ ਹੈ। ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥ ਹਰ ਮੁਹਤ ਤੂੰ ਉਸ ਸੱਚੇ ਗੁਰੂ ਨੂੰ ਵੇਖ ਜੋ ਸਾਹਿਬ ਦਾ ਰੱਬੀ ਰਾਹ ਦਰਸਾਉਂਦਾ ਹੈ। ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ ਸਾਰੇ ਉਸ ਸੱਚੇ ਗੁਰੂ ਦੇ ਪੈਰੀ ਪਓ, ਜਿਸ ਨੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ। ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥ ਸਾਰੇ ਜਣੇ ਉਨ੍ਹਾਂ ਸੱਚੇ ਗੁਰਾਂ ਨੂੰ ਸ਼ਾਬਾਸ਼! ਸ਼ਾਬਾਸ਼! ਆਖੋ ਜਿਨ੍ਹਾਂ ਨੇ ਬੰਦੇ ਨੂੰ ਰੱਬ ਦੀ ਇਬਾਦਤ ਦਾ ਖਜਾਨਾ ਲਭਾ ਦਿੱਤਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਸੱਚੇ ਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਪਾਖੰਡੀ ਬਾਣੇ ਪਾਉਣ ਨਾਲ ਸੰਸਾਰੀ ਭੁੱਖ ਦੂਰ ਨਹੀਂ ਹੁੰਦੀ। copyright GurbaniShare.com all right reserved. Email |