Page 587
ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥
ਭੁੱਖ ਦੀ ਪੀੜ ਲੱਗਣ ਤੇ ਉਹ ਗ੍ਰਿਹ ਗ੍ਰਿਹ ਭਟਕਦਾ ਫਿਰਦਾ ਹੈ ਅਤੇ ਪ੍ਰਲੋਕ ਅੰਦਰ ਉਸ ਨੂੰ ਦੁਗਣੀ ਸਜਾ ਮਿਲਦੀ ਹੈ।

ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥
ਉਸ ਦੇ ਮਨ ਵਿੱਚ ਸੰਤੋਖ ਨਹੀਂ ਆਉਂਦਾ, ਤਾਂ ਜੋ ਉਹ ਜਿਹੜਾ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਸੰਤੋਖ ਨਾਲ ਖਾਵੇ।

ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥
ਜਿਸ ਕਿਸੇ ਪਾਸੋਂ ਉਹ ਮੰਗਦਾ ਹੈ, ਉਹ ਆਪਣੇ ਚਿੱਤ ਦੀ ਨਿਰਲੱਜਤਾ ਨਾਲ ਮੰਗਦਾ ਹੈ ਅਤੇ ਲੈਣ ਦੁਆਰਾ ਉਹ ਆਪਣੇ ਦੇਣ ਵਾਲੇ ਨੂੰ ਖੁਦ ਪਚਾਉਂਦਾ ਹੈ।

ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥
ਇਸ ਭੇਖੀ (ਵਿਖਾਵੇ ਦਾ) ਲਿਬਾਸ ਪਹਿਨਣ ਨਾਲੋਂ ਘਰਬਾਰੀ ਹੋਣਾ ਚੰਗਾ ਹੈ, ਜੋ ਕਿਸੇ ਨਾਂ ਕਿਸੇ ਨੂੰ ਤਾਂ ਕੁਝ ਦਿੰਦਾ ਹੀ ਹੈ।

ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥
ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਮਝ ਆ ਜਾਂਦੀ ਹੈ, ਹੋਰ ਸੰਦੇਹ ਅੰਦਰ ਭੰਬਲਭੂਸੇ ਖਾਂਦੇ ਹਨ।

ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥
ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਨਾਲ ਗਲਬਾਤ ਕਰਨ ਦਾ ਕੋਈ ਲਾਭ ਨਹੀਂ।

ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥
ਨਾਨਕ ਕੇਵਲ ਓਹੀ ਚੰਗੇ ਹਨ, ਜਿਹੜੇ ਉਸ ਸੁਆਮੀ ਨੂੰ ਚੰਗੇ ਲੱਗਦੇ ਹਨ ਤੇ ਜਿਨ੍ਹਾਂ ਦੀ ਇੱਜ਼ਤ ਉਹ ਬਰਕਰਾਰ ਰੱਖਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਾਣੀ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ ਅਤੇ ਉਸ ਦੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।

ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥
ਉਸ ਨੂੰ ਉਕਾ ਹੀ ਫਿਰਕ ਅੰਦੇਸਾ, ਨਹੀਂ ਹੁੰਦਾ ਅਤੇ ਫਿਕਰ-ਰਹਿਤ ਸਾਹਿਬ ਉਸ ਦੇ ਚਿੱਤ ਵਿੱਚ ਆ ਟਿਕਦਾ ਹੈ।

ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥
ਉਸ ਦੇ ਅੰਦਰ ਬ੍ਰਹਮ-ਬੋਧ ਦਾ ਧਰਮ ਅਸਥਾਨ ਹੈ। ਸੱਚੇ ਗੁਰਾਂ ਨੇ ਇਹ ਉਸ ਨੂੰ ਦੱਸ ਦਿੱਤਾ ਹੈ।

ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥
ਧਰਮ ਅਸਥਾਨ ਦੇ ਸੁਧਾਰਸ ਦੇ ਤਾਲਾਬ ਅੰਦਰ ਨ੍ਹਾ ਕੇ ਮੈਲ ਲਹਿ ਜਾਂਦੀ ਹੈ ਤੇ ਉਸ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ।

ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥
ਸੱਚੇ ਨਾਮ ਦੇ ਪ੍ਰੇਮ ਰਾਹੀਂ ਮਿੱਤ੍ਰ ਵਹਿਗੁਰੂ ਮਿੱਤਰ ਨੂੰ ਮਿਲ ਪੈਂਦਾ ਹੈ।

ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥
ਆਪਣੇ ਗ੍ਰਿਹ ਅੰਦਰ ਹੀ ਉਹ ਬ੍ਰਹਮ ਵੀਚਾਰ ਨੂੰ ਪਾ ਲੈਂਦਾ ਹੈ ਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।

ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥
ਦੰਭੀ ਨੂੰ ਮੌਤ ਦਾ ਦੂਤ ਛੱਡਦਾ ਨਹੀਂ ਅਤੇ ਉਸ ਨੂੰ ਬੇਇੱਜ਼ਤ ਕਰਕੇ ਅੱਗੇ ਲਾ ਲੈਂਦਾ ਹੈ।

ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥
ਨਾਨਕ ਜੋ ਨਾਮ ਨਾਲ ਰੰਗੇ ਹਨ, ਉਹ ਬੱਚ ਜਾਂਦੇ ਹਨ। ਸੱਚੇ ਸਾਹਿਬ ਨਾਲ ਉਨ੍ਹਾਂ ਦਾ ਪਿਆਰ ਹੈ।

ਪਉੜੀ ॥
ਪਉੜੀ।

ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥
ਜਾ ਕੇ ਉਸ ਸਾਧ ਸੰਗਤ ਵਿੱਚ ਬੈਠ, ਜਿਥੇ ਵਾਹਿਗੁਰੂ ਸੁਆਮੀ ਦਾ ਨਾਮ ਰਿੜਕਿਆ (ਸਿਮਰਿਆ) ਜਾਂਦਾ ਹੈ।

ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥
ਤੂੰ ਧੀਰਜ ਭਾਅ ਨਾਲ ਰੱਬ ਦੇ ਨਾਮ ਦਾ ਸਿਮਰਨ ਕਰ, ਤਾਂ ਜੋ ਤੂੰ ਵਾਹਿਗੁਰੂ ਦੇ ਜੌਹਰ ਨੂੰ ਨਾਂ ਗੁਆ ਬੈਠੇ।

ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥
ਦਿਨ ਰੈਣ ਹਮੇਸ਼ਾਂ ਰੱਬ ਦੇ ਨਾਮ ਦਾ ਉਚਾਰਨ ਕਰ। ਤਾਂ ਜੋ ਤੈਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਮਿਲ ਜਾਵੇ।

ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥
ਕੇਵਲ ਓਹੀ ਪੂਰਨ ਸੱਚੇ ਨੂੰ ਪਾਉਂਦੇ ਹਨ, ਜਿਸ ਦੀ ਪੇਸ਼ਾਨੀ ਅਤੇ ਮੱਥੇ ਉਤੇ, ਐਨ ਆਰੰਭ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ।

ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥
ਸਾਰੇ ਜਣੇ ਉਸ ਗੁਰੂ ਨੂੰ ਪ੍ਰਣਾਮ ਕਰੋ, ਜੋ ਪ੍ਰਭੂ ਦੀ ਈਸ਼ਵਰੀ ਕਥਾ-ਵਾਰਤਾ ਉਚਾਰਨ ਕਰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥
ਉਹ ਮਿੱਤ੍ਰ ਜੋ ਸੱਚੇ ਗੁਰਾਂ ਨੂੰ ਮੁਹੱਬਤ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨੂੰ ਮਿਲ ਪੈਂਦੇ ਹਨ।

ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥
ਪਿਆਰੇ ਸਤਿਗੁਰਾਂ ਨੂੰ ਮਿਲ ਕੇ ਉਹ ਸੱਚੀ ਪ੍ਰੀਤ ਤੇ ਮੁਹੱਬਤ ਨਾਲ ਸਾਹਿਬ ਨੂੰ ਸਿਮਰਦੇ ਹਨ।

ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥
ਗੁਰਾਂ ਦੀ ਲਾਸਾਨੀ ਬਾਣੀ ਦੁਆਰਾ ਉਨ੍ਹਾਂ ਦੇ ਚਿੱਤ ਦੀ, ਆਪਣੇ ਚਿੱਤ ਤੋਂ ਹੀ ਨਿਸ਼ਾ ਹੋ ਜਾਂਦੀ ਹੈ।

ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥
ਇਹ ਮਿੱਤ੍ਰ ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ, ਮਿਲਣ ਮਗਰੋਂ ਫੇਰ ਵੱਖਰੇ ਨਹੀਂ ਹੁੰਦੇ।

ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥
ਕਈ ਗੁਰਾਂ ਦੇ ਦੀਦਾਰ ਵੇਖਣ ਦੇ ਗੁਣ ਵਿੱਚ ਭਰੋਸਾ ਨਹੀਂ ਰੱਖਦੇ, ਅਤੇ ਨਾਮ ਦਾ ਸਿਮਰਨ ਨਹੀਂ ਕਰਦੇ।

ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥
ਵਿਛੜਿਆਂ ਹੋਇਆ ਦਾ, ਜੋ ਦਵੈਤ-ਭਾਵ ਨਾਲ ਪ੍ਰੀਤ ਕਰਦੇ ਹਨ, ਹੋਰ ਕੀ ਵਿਛੋੜਾ ਹੋ ਸਕਦਾ ਹੈ।

ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥
ਅਧਰਮੀਆਂ ਨਾਲ ਮਿੱਤ੍ਰਤਾ ਥੋੜਾ ਜੇਹਾ ਸਮਾਂ, ਕੇਵਲ ਚਾਰ ਦਿਹਾੜੇ ਦਾਹੀ ਨਿਭਦਾ ਹੈ।

ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥
ਇਸ ਪਿਆਰ ਨੂੰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ। ਏਸ ਦੋਸਤੀ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ।

ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥
ਜੋ ਆਪਣੇ ਹਿਰਦੇ ਵਿੱਚ ਸੱਚੇ ਸੁਆਮੀ ਤੋਂ ਨਹੀਂ ਡਰਦੇ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦੇ,

ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥
ਹੇ ਨਾਨਕ! ਉਨ੍ਹਾਂ ਨਾਲ ਸੱਜਣਤਾਈ ਕਿਉਂ ਪਾਉਣੀ ਹੋਈ? ਉਨ੍ਹਾਂ ਨੂੰ ਸਿਰਜਣਹਾਰ ਨੇ ਖੁਦ ਕੁਰਾਹੇ ਪਾ ਛੱਡਿਆ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
ਕਈ ਹਮੇਸ਼ਾਂ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ। ਮੈਂ ਸਦੀਵ ਹੀ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ।

ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥
ਆਪਣੀ ਦੇਹ, ਆਤਮਾ ਅਤੇ ਦੌਲਤ ਮੈਂ ਉਨ੍ਹਾਂ ਦੇ ਸਮਰਪਨ ਕਰਦਾ ਹਾਂ ਅਤੇ ਨੀਵਾਂ ਹੋ ਉਨ੍ਹਾਂ ਦੇ ਪੈਰੀ ਪੈਂਦਾ ਹੈ।

ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥
ਉਨ੍ਹਾਂ ਨੂੰ ਮਿਲ ਕੇ ਆਤਮਾ ਰੱਜ ਜਾਂਦੀ ਹੈ ਅਤੇ ਆਦਮੀ ਦੀ ਖਾਹਿਸ਼ ਤੇ ਖੁਦਿਆ ਸਭ ਦੂਰ ਹੋ ਜਾਂਦੀਆਂ ਹਨ।

ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥
ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਖੁਸ਼ ਰਹਿੰਦੇ ਹਨ, ਸੱਚੇ ਸੁਆਮੀ ਨਾਲ ਉਹ ਆਪਣੀ ਬਿਰਤੀ ਜੋੜਦੇ ਹਾਂ।

ਪਉੜੀ ॥
ਪਉੜੀ

ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
ਕੁਰਬਾਨ ਹਾਂ ਮੈਂ ਉਸ ਗੁਰੂ ਜੀ ਉਤੋਂ, ਜੋ ਮੈਨੂੰ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।

copyright GurbaniShare.com all right reserved. Email