ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥
ਅੰਨ੍ਹੇ ਅਧਰਮੀ ਸਾਹਿਬ ਨੂੰ ਚੇਤੇ ਨਹੀਂ ਕਰਦੇ, ਜੰਮਣ ਤੇ ਮਰਨ ਵਿੱਚ ਉਹ ਤਬਾਹ ਹੋ ਜਾਂਦੇ ਹਨ। ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥ ਨਾਨਕ ਗੁਰਾਂ ਦੇ ਰਾਹੀਂ, ਕੇਵਲ ਓਹੀ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੀ ਪ੍ਰਾਲਭਧ ਵਿੱਚ ਆਦੀ ਪ੍ਰਭੂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ। ਪਉੜੀ ॥ ਪਉੜੀ। ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥ ਵਾਹਿਗੁਰੂ ਦਾ ਨਾਮ ਮੇਰਾ ਛੱਤੀ ਕਿਸਮ ਦਾ ਖਾਣਾ ਹੈ, ਜਿਸ ਨੂੰ ਛੱਕਣ ਦੁਆਰਾ ਮੈਂ ਰੱਜ ਗਿਆ ਹਾਂ। ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਹੈ, ਜਿਸ ਨੂੰ ਪਾਉਣ ਦੁਆਰਾ ਮੈਂ ਮੁੜ ਕੇ ਨੰਗਾ ਨਹੀਂ ਹੋਵਾਂਗਾ ਅਤੇ ਹੋਰ ਕੁਝ ਪਹਿਨਣ ਦੀ ਖਾਹਿਸ਼ ਨਾਸ ਹੋ ਗਈ ਹੈ। ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ ਸਾਈਂ ਦਾ ਨਾਮ ਮੇਰਾ ਬਿਉਪਾਰ ਹੈ, ਸਾਈਂ ਦਾ ਨਾਮ ਹੀ ਮੇਰੀ ਸੁਦਾਗਰੀ ਅਤੇ ਸਾਈਂ ਦੇ ਨਾਮ ਦਾ ਕਾਰੋਬਾਰ ਹੀ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ। ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ ਮੈਂ ਸਾਹਿਬ ਦੇ ਨਾਮ ਦਾ ਹਿਸਾਬ ਕਿਤਾਬ ਲਿਖਦਾ ਹਾਂ ਅਤੇ ਅੱਗੇ ਲਈ ਮੇਰੀ ਮੌਤ ਦੀ ਸਾਰੀ ਮੁਥਾਜੀ ਚੁੱਕੀ ਜਾਵੇਗੀ। ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥ ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜੇ ਜੋ ਵਾਹਿਗੁਰੂ ਦੀ ਮਿਹਰ ਦੇ ਪਾਤਰ ਹਨ, ਤੇ ਜਿਨ੍ਹਾਂ ਦੇ ਹੱਕ ਵਿੱਚ ਐਸੀ ਲਿਖਤਾਕਾਰ ਹੈ, ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥ ਸੰਸਾਰ ਬੇਸਮਝ ਅਤੇ ਅੰਨ੍ਹਾ ਹੈ। ਹੋਰਸ ਦੀ ਪ੍ਰੀਤ ਰਾਹੀਂ ਇਹ ਕੰਮ ਕਰਦਾ ਹੈ। ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥ ਜਿਤਨੇ ਭੀ ਅਮਲ ਬੰਦਾ ਦਵੈਤ-ਭਾਵ ਰਾਹੀਂ ਕਮਾਉਂਦਾ ਹੈ ਉਨ੍ਹਾਂ ਸਾਰਿਆਂ ਨਾਲ ਦੁੱਖ ਤਕਲੀਫ ਭੱਜ ਕੇ ਉਸ ਦੀ ਦੇਹ ਨੂੰ ਚਿਮੜਦੇ ਹਨ। ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥ ਜਦ ਪ੍ਰਾਣੀ ਗੁਰਾਂ ਦੇ ਬਚਨ ਉਤੇ ਅਮਲ ਕਰਦਾ ਹੈ, ਤਾਂ ਗੁਰਾਂ ਦੀ ਦਇਆ ਦੁਆਰਾ ਆਰਾਮ ਉਤਪੰਨ ਹੋ ਜਾਂਦਾ ਹੈ। ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥ ਉਹ ਸੱਚੀ ਗੁਰਬਾਣੀ ਦੇ ਦਰਸਾਏ ਹੋਏ ਅਮਲ ਕਮਾਉਂਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਆਰਾਧਨ ਕਰਦਾ ਹੈ। ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥ ਨਾਨਕ, ਉਹ ਉਸ ਨਾਲ ਜੁੜਦਾ ਹੈ, ਜਿਸ ਨਾਲ ਹਰੀ ਖੁਦ ਉਸ ਨੂੰ ਜੋੜਦਾ ਹੈ। ਆਦਮੀ ਦਾ ਉਸ ਵਿੱਚ ਕੋਈ ਦਖਲ ਨਹੀਂ। ਮਃ ੩ ॥ ਤੀਜੀ ਪਾਤਿਸ਼ਾਹੀ। ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥ ਮੇਰੇ ਗ੍ਰਿਹ ਅੰਦਰ ਸਦੀਵੀ ਸਥਿਰ ਨਾਮ ਦਾ ਨਿਧਾਨ ਤੇ ਸ਼ਰਧਾ-ਪ੍ਰੇਮ ਦਾ ਪਰੀਪੂਰਨ ਕੋਸ਼ ਹੈ। ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥ ਸੱਚੇ ਗੁਰਦੇਵ ਰੂਹਾਨੀ ਜੀਵਨ ਦੇਣ ਵਾਲੇ ਹਨ। ਉਹ ਦਾਤਾਰ, ਹਮੇਸ਼ਾਂ ਹੀ ਜੀਉਂਦੇ ਜਾਗਦੇ ਹਨ। ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥ ਅਨੰਤ ਗੁਰਬਾਣੀ ਦੇ ਰਾਹੀਂ, ਰਾਤ ਦਿਨ, ਮੈਂ ਹਮੇਸ਼ਾਂ ਸਾਹਿਬ ਦੀ ਕੀਰਤੀ ਗਾਇਨ ਕਰਦਾ ਹਾਂ। ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥ ਮੈਂ ਸਦੀਵ ਹੀ ਗੁਰਾਂ ਦੀ ਬਾਣੀ ਦਾ ਉਚਾਰਨ ਕਰਦਾ ਹਾਂ ਜਿਨ੍ਹਾਂ ਦੀ ਰਜ਼ਾ ਸਾਰਿਆਂ ਯੁੱਗਾਂ ਅੰਦਰ ਕਲਾ ਵਰਤਾਉਂਦੀ ਹੈ। ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥ ਮੇਰੀ ਇਹ ਆਤਮਾ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ ਅਤੇ ਸ਼ਾਂਤ ਚਿੱਤ ਹੀ ਸਾਈਂ ਦੇ ਨਾਮ ਦਾ ਵਣਜ ਕਰਦੀ ਹੈ। ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥ ਮੇਰੇ ਅੰਦਰ ਗੁਰਾਂ ਦੀ ਬਖਸ਼ੀ ਹੋਈ ਦਾਤ ਪ੍ਰਭੂ ਗਿਆਨ ਰੂਪੀ ਹੀਰਾ ਹੈ, ਜੋ ਮੇਰੀ ਕਲਿਆਣ ਕਰਦਾ ਹੈ। ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥ ਨਾਨਕ, ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ ਉਹ ਇਸ ਦਾਤ ਨੂੰ ਹਾਸਲ ਕਰ ਲੈਂਦਾ ਹੈ ਅਤੇ ਉਹ ਸਾਹਿਬ ਦੇ ਦਰਬਾਰ ਅੰਦਰ ਸੱਚਾ ਕਰਾਰ ਦਿੱਤਾ ਜਾਂਦਾ ਹੈ। ਪਉੜੀ ॥ ਪਉੜੀ। ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਜਾ ਕੇ ਸੱਚੇ ਗੁਰਾਂ ਦੇ ਪੈਰੀਂ ਪੈਂਦਾ ਹੈ। ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ। ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ ਮੁਬਾਰਕ! ਮੁਬਾਕਰ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜਿਸ ਦੀ ਆਤਮਾ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਪ੍ਰਸੰਨ ਹੁੰਦੀ ਹੈ। ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥ ਮੁਬਾਰਕ, ਮੁਬਾਰਕ! ਆਖਿਆ ਜਾਂਦਾ ਹੈ, ਉਹ ਗੁਰਸਿੱਖ ਜੋ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਸੁਆਮੀ ਦੇ ਨਾਮ ਨੂੰ ਪਰਾਪਤ ਹੁੰਦਾ ਹੈ। ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥ ਮੈਂ ਹਮੇਸ਼ਾਂ ਉਸ ਗੁਰਸਿੱਖ ਨੂੰ ਪ੍ਰਣਾਮ ਕਰਦਾ ਹਾਂ ਜਿਹੜਾ ਗੁਰੂ ਦਾ ਸਿੱਖ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨ ਦੇ ਹੱਠ ਰਾਹੀਂ ਕੋਈ ਭੀ ਸਾਈਂ ਨੂੰ ਪ੍ਰਾਪਤ ਨਹੀਂ ਹੋਇਆ। ਹੱਠ ਨਾਲ ਕਾਰਜਾਂ ਨੂੰ ਕਰਦੇ ਸਾਰੇ ਹਾਰ ਹੁੱਟ ਗਏ ਹਨ। ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ ਚਿੱਤ ਦੀ ਜਿੱਦ ਦੁਆਰਾ ਅਤੇ ਝੂਠੇ ਵੇਸ ਕਰ ਕੇ ਉਹ ਭਰਮਾ ਵਿੱਚ ਵਿਚਰਦੇ ਹਨ ਅਤੇ ਇਸੇ ਕਾਰਨ ਹੋਰਸ ਦੀ ਪ੍ਰੀਤ ਰਾਹੀਂ ਤਕਲੀਫ ਉਠਾਉਂਦੇ ਹਨ। ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ ਧਨ-ਪਦਾਰਥ ਤੇ ਕਰਾਮਾਤ ਸਭ ਸੰਸਾਰੀ ਲਗਨ ਹੈ। ਉੇਸ ਦੇ ਸਬੱਬ ਨਾਮ ਚਿੱਤ ਅੰਦਰ ਆ ਕੇ ਨਹੀਂ ਟਿਕਦਾ। ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ ਗੁਰਾਂ ਦੀ ਘਾਲ ਕਮਾਉਣ ਦੁਆਰਾ ਆਤਮਾ ਪਵਿੱਤ, ਹੋ ਜਾਂਦੀ ਹੈ ਅਤੇ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ ਨਾਮ ਹੀਰਾ ਬੰਦੇ ਦੇ ਮਨ ਗ੍ਰਿਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਹੇ ਨਾਨਕ! ਉਹ ਬੈਕੁੰਠੀ ਆਨੰਦ ਵਿੱਚ ਲੀਨ ਹੋ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। copyright GurbaniShare.com all right reserved. Email |