Page 602

ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥
ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਤੇ ਦੁੱਖੜੇ ਸਾਈਂ ਮੇਟ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਠਹਿਰਾਉ।

ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥
ਇਹ ਸਾਰੇ ਸਨਬੰਧੀ ਆਤਮਾ ਲਈ ਜੰਜੀਰਾਂ ਦੀ ਮਾਨੰਦ ਹਨ, ਹੇ ਵੀਰ! ਦੁਨੀਆਂ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ।

ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥
ਗੁਰਾਂ ਦੇ ਬਗੈਰ ਜੂੜ ਵੱਢੇ ਨਹੀਂ ਜਾਂਦੇ। ਗੁਰਾਂ ਦੇ ਰਾਹੀਂ ਕਲਿਆਣ, ਦਾ ਦਰ ਪ੍ਰਾਪਤ ਹੋ ਜਾਂਦਾ ਹੈ।

ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥
ਜੋ ਕਰਮ-ਕਾਂਡ ਕਰਦਾ ਹੈ ਅਤੇ ਗੁਰਾਂ ਦੀ ਕਲਾਮ ਨੂੰ ਨਹੀਂ ਜਾਣਦਾ, ਉਹ ਮੁੜ ਮੁੜ ਕੇ ਮਰਦਾ ਜੰਮਦਾ ਰਹਿੰਦਾ ਹੈ।

ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥
ਖੁਦੀ ਅਤੇ ਅਪਣੱਤ ਅੰਦਰ ਸੰਸਾਰ ਉਲਝਿਆ ਹੋਇਆ ਹੈ। ਪ੍ਰੰਤੂ ਕੋਈ ਭੀ ਕਿਸੇ ਦਾ ਨਹੀਂ, ਹੇ ਵੀਰ!

ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥
ਨੇਕ ਪੁਰਸ਼ ਹਰੀ ਦਾ ਜੱਸ ਗਾਉਂਦੇ ਹਨ, ਉਸ ਦੀ ਹਜ਼ੂਰੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਆਪਣੇ ਨਿੱਜ ਧਾਮ ਵਿੱਚ ਟਿਕਾਣਾ ਪਾਉਂਦੇ ਹਨ।

ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥
ਜੋ ਏਥੇ ਆਪਣੇ ਆਪ ਨੂੰ ਸੁਧਾਰ ਲੈਂਦਾ ਹੈ ਉਹ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤੇ ਸੁਆਮੀ ਮਾਲਕ ਉਸ ਦਾ ਹੋ ਜਾਂਦਾ ਹੈ।

ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥
ਸੱਚੇ ਗੁਰੂ ਜੀ ਹਮੇਸ਼ਾਂ ਹੀ ਮਿਹਰਬਾਨ ਹਨ, ਹੇ ਭਰਾਵਾਂ! ਪਰ ਪ੍ਰਾਲਭਧ ਦੇ ਬਾਝੋਂ ਪ੍ਰਾਣੀ ਕੀ ਪ੍ਰਾਪਤ ਕਰ ਸਕਦਾ ਹੈ?

ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥
ਉਹ ਸਾਰਿਆਂ ਉਤੇ ਇਕੋ ਜਿਹੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ, ਪਰ ਜੇਹੋ ਜਿਹਾ ਬੰਦੇ ਦਾ ਉਸ ਲਈ ਪ੍ਰੇਮ ਹੈ, ਉਹੋ ਜੇਹਾ ਫਲ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ।

ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥
ਨਾਨਕ ਜਦ ਬੰਦੇ ਦੇ ਚਿੱਤ ਵਿੱਚ ਨਾਮ ਟਿਕ ਜਾਂਦਾ ਹੈ ਤਦ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

ਸੋਰਠਿ ਮਹਲਾ ੩ ਚੌਤੁਕੇ ॥
ਸੋਰਠਿ ਤੀਜੀ ਪਾਤਿਸ਼ਾਹੀ। ਚੌਤੁਕੇ।

ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥
ਸੱਚੀ ਉਪਾਸ਼ਨਾ, ਸੱਚੇ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਤਦ, ਸੱਚੀ ਗੁਰਬਾਣੀ ਬੰਦੇ ਦੇ ਮਨ ਵਿੱਚ ਵੱਸ ਜਾਂਦੀ ਹੈ।

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਪਾਉਂਦਾ ਹੈ ਅਤੇ ਉਸ ਦੀ ਹੰਗਤਾ ਨਾਮ ਰਾਹੀਂ ਮਿਟ ਜਾਂਦੀ ਹੈ।

ਬਿਨੁ ਗੁਰ ਸਾਚੇ ਭਗਤਿ ਨ ਹੋਵੀ ਹੋਰ ਭੂਲੀ ਫਿਰੈ ਇਆਣੀ ॥
ਸੱਚੇ ਗੁਰਾਂ ਦੇ ਬਾਝੋਂ ਪ੍ਰੇਮਮਈ ਸੇਵਾ ਨਹੀਂ ਹੋ ਸਕਦੀ, ਤੇ ਇਸ ਤੋਂ ਬਿਨਾ ਦੁਨੀਆਂ ਇੰਞਾਣ-ਪੁਣੇ ਵਿੱਚ ਕਰਾਹੇ ਪਈ ਹੋਈ ਹੈ।

ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥
ਆਪ ਹੁਦਰੇ ਬਿਨਾ ਮਤਲਬੋਂ ਭਟਕਦੇ ਫਿਰਦੇ ਹਨ। ਉਹ ਹਮੇਸ਼ਾਂ ਤਕਲੀਫ ਉਠਾਉਂਦੇ ਹਨ, ਅਤੇ ਜਲ ਦੇ ਬਗੈਰ ਹੀ ਡੁੱਬ ਕੇ ਮਰ ਜਾਂਦੇ ਹਨ।

ਭਾਈ ਰੇ ਸਦਾ ਰਹਹੁ ਸਰਣਾਈ ॥
ਹੇ ਵੀਰ! ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾਂ ਵਿਚਰ।

ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥
ਆਪਣੀ ਮਿਹਰ ਧਾਰ ਕੇ, ਪ੍ਰਭੂ ਪ੍ਰਾਣੀ ਦੀ ਇੱਜ਼ਤ-ਆਬਰੂ ਬਰਕਰਾਰ ਰੱਖਦਾ ਹੈ ਅਤੇ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪ੍ਰਦਾਨ ਕਰਦਾ ਹੈ। ਠਹਿਰਾਉ।

ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥
ਪੂਰਨ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ।

ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥
ਉਹ ਭੋਗ-ਬਿਲਾਸ, ਗੁੱਸੇ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਜਗਤ ਦੀ ਜਿੰਦ-ਜਾਨ ਹਰੀ ਹਮੇਸ਼ਾਂ ਉਸ ਦੇ ਮਨ ਵਿੱਚ ਵੱਸਦਾ ਹੈ।

ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥
ਹਮੇਸ਼ਾਂ ਅੰਗ ਸੰਗ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਬੇਅੰਤ ਸੁਆਮੀ ਦੇ ਨਾਮ ਨੂੰ ਉਹ ਆਪਣੇ ਮਨ ਅੰਦਰ ਇਕੱਤਰ ਕਰਦਾ ਹੈ।

ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥
ਸਾਰਿਆਂ ਯੁੱਗਾਂ ਅੰਦਰ ਈਸ਼ਵਰੀ ਕਲਾਮ ਰਾਹੀਂ ਹੀ ਸਾਹਿਬ ਸਿਞਾਣਿਆ ਜਾਂਦਾ ਹੈ ਅਤੇ ਚਿੱਤ ਨੂੰ ਨਾਮ ਮਿੱਠੜਾ ਅਤੇ ਪਿਆਰਾ ਲੱਗਦਾ ਹੈ।

ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥
ਫਲਦਾਇਕ ਹੈ ਇਸ ਜਹਾਨ ਵਿੱਚ ਉਸ ਦਾ ਜੰਮਣਾ ਅਤੇ ਆਗਮਨ ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਨੂੰ ਸਿੰਞਾਣਦਾ ਹੈ।

ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥
ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਉਸ ਦੀ ਆਤਮਾ ਹਮੇਸ਼ਾਂ ਲਈ ਰੱਜ ਜਾਂਦੀ ਹੈ ਅਤੇ ਸ਼ਲਾਘਾਯੋਗ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।

ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥
ਉਸ ਦਾ ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਪ੍ਰਭੂ ਦੇ ਪ੍ਰੇਮ ਨਾਲ ਉਹ ਹਮੇਸ਼ਾਂ ਲਈ ਰੰਗਿਆ ਜਾਂਦਾ ਹੈ ਅਤੇ ਉਸ ਦੇ ਅੰਦਰ ਬੈਕੁੰਠੀ-ਕੀਰਤਨ ਗੂੰਜਦਾ ਹੈ।

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥
ਪਵਿੱਤ੍ਰ ਥੀ ਵੰਞਦੇ ਹਨ ਉਸ ਦੀ ਦੇਹ ਤੇ ਮਨ ਅਤੇ ਪਵਿੱਤਰ ਹੈ ਉਸ ਦੀ ਬੋਲ-ਬਾਣੀ। ਉਹ ਸੱਚਿਆਂ ਦੇ ਪਰਮ ਸੱਚ ਵਿੱਚ ਲੀਨ ਹੋ ਜਾਂਦਾ ਹੈ।

ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥
ਸੁਆਮੀ ਦੇ ਨਾਮ ਦੀ ਵਡਿਆਈ ਨੂੰ ਕੋਈ ਵੀ ਨਹੀਂ ਜਾਣਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬੰਦੇ ਦੇ ਮਨ ਵਿੱਚ ਪ੍ਰਕਾਸ਼ਦਾ ਹੈ।

ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਰਸਤੇ ਨੂੰ ਜਾਣ ਲੈਂਦਾ ਹੈ ਅਤੇ ਉਸ ਦੀ ਜੀਭ੍ਹ ਸਾਈਂ ਦੇ ਅੰਮ੍ਰਿਤ ਨੂੰ ਮਾਣਦੀ ਹੈ।

ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥
ਸਿਮਰਨ, ਕਰੜੀ ਘਾਲ ਤੇ ਸਵੈ-ਕਾਬੂ ਸਮੂਹ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ ਅਤੇ ਗੁਰੂ ਜੀ ਹੀ ਮਨ ਵਿੱਚ ਨਾਮ ਨੂੰ ਟਿਕਾਉਂਦੇ ਹਨ।

ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥
ਨਾਨਕ ਜਿਹੜੇ ਪੁਰਸ਼ ਨਾਮ ਦਾ ਸਿਮਰਨ ਕਰਦੇ ਹਨ ਉਹ ਸੁੰਦਰ ਦਿਸਦੇ ਹਨ ਤੇ ਸੱਚੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ।

ਸੋਰਠਿ ਮਃ ੩ ਦੁਤੁਕੇ ॥
ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੇ।

ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥
ਸੱਚੇ ਗੁਰਾਂ ਨੂੰ ਮਿਲ ਕੇ ਬੰਦਾ ਮਾਇਆ ਵੱਲੋਂ ਮੁੜ ਪੈਂਦਾ ਹੈ, ਹੇ ਵੀਰ! ਜਦ ਉਹ ਜੀਉਂਦੇ ਜੀ ਆਪਾ ਮਾਰਦਾ ਹੈ, ਤਦ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ।

ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥
ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ!

ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥
ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਨਾਲ ਪ੍ਰੀਤੀ ਪਾ।

ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥
ਸਿਮਰਨ ਦੁਆਰਾ ਰੱਬ ਚਿੱਤ ਨੂੰ ਮਿੱਠਾ ਲੱਗਦਾ ਹੈ। ਹੇ ਵੀਰ! ਗੁਰੂ ਪਿਆਰਿਆਂ ਨੂੰ ਸਾਹਿਬ ਦੀ ਦਰਗਾਹ ਵਿੱਚ ਅਸਥਾਨ ਪ੍ਰਾਪਤ ਹੁੰਦਾ ਹੈ।

copyright GurbaniShare.com all right reserved. Email