ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਹੰਗਤਾ ਦੇ ਸੰਦੇਹ ਨੇ ਗੁੰਮਰਾਹ ਕੀਤਾ ਹੋਇਆ ਹੈ। ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਡਰ ਪ੍ਰਾਪਤ ਹੁੰਦਾ ਹੈ ਅਤੇ ਪਰਮ ਚੰਗੇ ਭਾਗਾਂ ਦੁਆਰਾ ਰੱਬ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ। ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਜਦ ਸਾਈਂ ਦਾ ਡਰ ਪ੍ਰਾਪਤ ਹੋ ਜਾਂਦਾ ਹੈ, ਤਾਂ ਮਨ ਕਾਬੂ ਆ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਹੰਗਤਾ ਸੜ ਬਲ ਜਾਂਦੀ ਹੈ। ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ। ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਸੱਚੇ ਗੁਰਾਂ ਨੂੰ ਮਿਲ ਕੇ ਪ੍ਰਾਣੀ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸੁੱਖ ਅੰਦਰ ਲੀਨ ਹੋ ਜਾਂਦਾ ਹੈ। ਪਉੜੀ ॥ ਪਉੜੀ। ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਪਾਤਿਸ਼ਾਹਾਂ ਅਤੇ ਰਾਜਿਆਂ ਦੀਆਂ ਇਹ ਰੰਗ ਰਲੀਆਂ ਚਾਰ ਦਿਹਾੜਿਆਂ ਲਈ ਸੁੰਦਰ ਜਾਪਦੀਆਂ ਹਨ। ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਧਨ-ਦੌਲਤ ਦੀਆਂ ਇਹ ਬਹਾਰਾਂ ਕਸੁੰਭੇ ਦੇ ਫੁਲ ਦੇ ਰੰਗ ਵਰਗੀਆਂ ਹਨ ਜੋ ਇਕ ਮੁਹਤ ਵਿੱਚ ਉਡੱਪੁੱਡ ਜਾਂਦਾ ਹੈ। ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਮਾਇਆ ਚੱਲਦਿਆਂ ਆਦਮੀ ਦੇ ਨਾਲ ਨਹੀਂ ਜਾਂਦੀ। ਉਹ ਗੁਨਾਹਾਂ ਦਾ ਭਾਰ ਆਪਣੇ ਸਿਰ ਉਤੇ ਚੁੱਕ ਕੇ ਲੈ ਜਾਂਦਾ ਹੈ। ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ। ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥ ਉਹ ਵਕਤ, ਮੁੜ ਕੇ ਉਸ ਦੇ ਹੱਥ ਨਹੀਂ ਆਉਂਦਾ ਅਤੇ ਉਹ ਆਖਿਰ ਨੂੰ ਅਫਸੋਸ ਕਰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ, ਉਹ ਨਰੜੇ ਹੋਏ ਕਸ਼ਟ ਉਠਾਉਂਦੇ ਹਨ। ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਮੁੜ ਮੁੜ ਕੇ ਉਹ ਜੰਮਦੇ ਹਨ ਤੇ ਮਰਦੇ ਹਨ ਅਤੇ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦੇ। ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਉਨ੍ਹਾਂ ਦਾ ਸੰਦੇਹ (ਸੰਸੇ) ਦੀ ਬੀਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ। ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਨਾਨਕ, ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿੰਦੇ ਹਨ, ਉਨ੍ਹਾਂ ਨੂੰ ਪਨਾਹ ਦੀ ਕੋਈ ਥਾਂ ਜਾਂ ਜਗ੍ਹਾ ਨਹੀਂ ਮਿਲਦੀ। ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਉਹ ਬਦਚਲਣ ਤੇ ਮੰਦੀ ਸ਼ੁਹਰਤ ਵਾਲੀ ਛੱਡੀ ਹੋਈ ਤੀਵੀ ਦੀ ਤਰ੍ਹਾਂ ਦੁਆਰੇ ਦੁਆਰੇ ਭਟਕਦੇ ਫਿਰਦੇ ਹਨ। ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ ਨਾਨਕ, ਪਵਿੱਤ੍ਰ ਪੁਰਸ਼ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ, ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਹਨ। ਪਉੜੀ ॥ ਪਉੜੀ। ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜਿਹੜੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੱਚੇ ਸੁਆਮੀ (ਪ੍ਰੂਭੂ) ਦੀ ਸੇਵਾ ਕਰਦੇ ਹਨ, ਉਹ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਜਿਹੜੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਮੌਤ ਦਾ ਦੂਤ ਉਨ੍ਹਾਂ ਤੋਂ ਪਰੇ ਹੱਟ ਜਾਂਦਾ ਹੈ। ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹ ਇਜ਼ਤ ਆਬਰੂ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦੇ ਹਨ। ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਕੇਵਲ ਓਹੀ ਪੁਰਸ਼ ਤੇਰੀ ਘਾਲ ਕਮਾਉਂਦੇ ਹਨ, ਹੇ ਵਾਹਿਗੁਰੂ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ। ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥ ਮੇਰੇ ਪ੍ਰੀਤਮਾ! ਮੈਂ ਸਦੀਵ ਹੀ ਤੇਰਾ ਜੱਸ ਗਾਉਂਦਾ ਹਾਂ। ਗੁਰਾਂ ਦੇ ਰਾਹੀਂ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਥਾਲ ਅੰਦਰ ਤਿੰਨ ਚੀਜ਼ਾਂ, ਸਤਿ, ਸੰਤੋਖ ਅਤੇ ਸਿਮਰਨ ਪਾਈਆਂ ਹੋਈਆਂ ਹਨ। ਇਹ ਸੁਆਮੀ ਦਾ ਸ੍ਰੇਸ਼ਟ ਅੰਮ੍ਰਿਤ ਖਾਣਾ ਹੈ। ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ ਜਿਸ ਨੂੰ ਖਾਣ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦਾ ਹੈ। ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ ਇਹ ਖਾਣਾ ਬੜੀ ਮੁਸ਼ਕਿਲ ਨਾਲ ਹੱਥ ਲੱਗਦਾ ਹੈ, ਹੇ ਸੰਤੋ! ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਇਹ ਪਾਇਆ ਜਾਂਦਾ ਹੈ। ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਪ੍ਰਭੂ ਦੇ ਨਾਮ ਦੀ ਇਸ ਬੁਝਾਰਤ ਨੂੰ ਆਪਾਂ ਆਪਣੇ ਹਿਰਦਿਉ ਕਿਉਂ ਬਾਹਰ ਕਰੀਏ? ਆਪਾਂ ਨੂੰ ਹਮੇਸ਼ਾਂ ਇਸ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ। ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ ਇਹ ਮਸਲਾ ਸਤਿਗੁਰਾਂ ਨੇ ਪਾਇਆ ਹੈ। ਇਸ ਦਾ ਹੱਲ ਗੁਰੂ ਦੇ ਸਿੱਖਾਂ ਨੇ ਖੋਜ ਭਾਲ ਮਗਰੋਂ ਲੱਭ ਲਿਆ ਹੈ। ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ ਨਾਨਕ, ਜਿਸ ਨੂੰ ਗੁਰੂ ਜੀ ਦਰਸਾਉਂਦੇ ਹਨ, ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਕਰੜੀ ਸੇਵਾ ਰਾਹੀਂ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥ ਜਿਨ੍ਹਾਂ ਨੂੰ ਆਦੀ ਪ੍ਰਭੂ ਮਿਲਾਉਂਦਾ ਹੈ, ਉਹ ਉਸ ਨਾਲ ਮਿਲੇ ਰਹਿੰਦੇ ਹਨ। ਉਹ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ। ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥ ਜਿਨ੍ਹਾਂ ਨੂੰ ਖੁਦ ਸਾਈਂ ਵਿਛੋੜਦਾ ਹੈ, ਉਹ ਉਸ ਨਾਲੋਂ ਵਿਛੜੇ ਰਹਿੰਦੇ ਹਨ। ਦਵੈਤ-ਭਾਵ ਦੇ ਰਾਹੀਂ ਉਹ ਬਰਬਾਦ ਹੋ ਜਾਂਦੇ ਹਨ। ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥ ਨਾਨਕ, ਹਰੀ ਦੀ ਮਿਹਰ ਬਾਝੋਂ ਕੀ ਪ੍ਰਾਪਤ ਹੋ ਸਕਦਾ ਹੈ? ਪ੍ਰਾਣੀ ਉਹੀ ਕੁਛ ਕਮਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਪਉੜੀ ॥ ਪਉੜੀ। ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥ ਇਕੱਠੀਆਂ ਬੈਠ ਕੇ ਗਾਉਣ ਵਾਲੀਆਂ ਸਹੇਲੀਆਂ (ਗੁਰਮੁੱਖ ਲੋਕ) ਪ੍ਰਭੂ ਦੀ ਕੀਰਤੀ ਗਾਉਂਦੀਆਂ ਹਨ। ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥ ਉਹ ਸਦਾ ਵਾਹਿਗੁਰੂ ਦੀ ਸਿਫ਼ਤ ਕਰਦੀਆਂ ਹਨ ਅਤੇ ਵਾਹਿਗੁਰੂ ਉਤੋਂ ਕੁਰਬਾਨ ਜਾਂਦੀਆਂ ਹਨ। ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥ ਸੋ ਸੁਆਮੀ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਧਾਰਦੇ ਹਨ, ਉਨ੍ਹਾਂ ਤੋਂ ਮੈਂ ਬਲਿਹਾਰਨੇ ਵੰਞਦਾ ਹਾਂ। ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥ ਹੇ ਵਾਹਿਗੁਰੂ! ਮੈਨੂੰ ਪਵਿੱਤਰ ਸਹੇਲੀਆਂ ਨਾਲ ਮਿਲਾ ਦੇ, ਜੋ ਮੈਨੂੰ ਤੇਰੇ ਨਾਲ ਮਿਲਾਉਣ ਲਈ ਸਮਰਥ ਹਨ। ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥ ਦਿਹੁੰ ਰੈਣ ਮੈਂ ਉਨ੍ਹਾਂ ਉਤੋਂ ਸਦਕੇ ਜਾਂਦੀ ਹਾਂ, ਜੋ ਆਪਣੇ ਗੁਰਦੇਵ ਜੀ ਨੂੰ ਵੇਖਦੀਆਂ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। copyright GurbaniShare.com all right reserved. Email |