Page 646

ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥
ਨਾਮ ਦੇ ਬਗੈਰ ਸਾਰੇ ਸਦੀਵ ਹੀ ਦੁਨੀਆ ਅੰਦਰ ਭਟਕਦੇ ਹਨ। ਉਹ ਜਹਾਨ ਵਿੱਚ ਨੁਕਸਾਨ ਉਠਾਉਂਦੇ ਹਨ।

ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥
ਆਪ-ਹੁਦਰੇ ਪੁਰਸ਼ ਹੰਕਾਰ ਦੇ ਗੂੜ੍ਹੇ ਅਨ੍ਹੇਰੇ ਵਿੱਚ ਕੰਮ ਕਰਦੇ ਹਨ।

ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥
ਗੁਰੂ-ਅਨੁਸਾਰੀ, ਨਾਮ ਦਾ ਆਰਾਧਨ ਕਰਨ ਦੁਆਰਾ ਅੰਮ੍ਰਿਤ ਪਾਨ ਕਰਦੇ ਹਨ, ਹੇ ਨਾਨਕ!

ਮਃ ੩ ॥
ਤੀਜੀ ਪਾਤਿਸ਼ਾਹੀ।

ਸਹਜੇ ਜਾਗੈ ਸਹਜੇ ਸੋਵੈ ॥
ਪਵਿੱਤ੍ਰ ਪੁਰਸ਼ ਆਰਾਮ ਅੰਦਰ ਜਾਗਦਾ ਹੈ ਅਤੇ ਆਰਾਮ ਅੰਦਰ ਹੀ ਸੌਂਦਾ ਹੈ।

ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥
ਰੈਣ ਦਿਹੁੰ ਉਹ ਆਪਣੇ ਸੁਆਮੀ ਦੀ ਸਿਫ਼ਤ ਕਰਦਾ ਹੈ।

ਮਨਮੁਖ ਭਰਮੈ ਸਹਸਾ ਹੋਵੈ ॥
ਸੰਦੇਹ ਅੰਦਰ ਖੱਚਤ ਹੋਇਆ ਹੋਇਆ ਮਨਮੱਤੀਆ ਭਟਕਦਾ ਫਿਰਦਾ ਹੈ।

ਅੰਤਰਿ ਚਿੰਤਾ ਨੀਦ ਨ ਸੋਵੈ ॥
ਉਸ ਦੇ ਅੰਦਰ ਫਿਕਰ ਚਿੰਤਾ ਹੈ ਅਤੇ ਉਹ ਆਰਾਮ ਦੀ ਨੀਂਦੇ ਨਹੀਂ ਸੌਂਦਾ।

ਗਿਆਨੀ ਜਾਗਹਿ ਸਵਹਿ ਸੁਭਾਇ ॥
ਬ੍ਰਹਮ ਬੇਤੇ ਸ਼ਾਂਤੀ ਅੰਦਰ ਜਾਗਦੇ ਤੇ ਸੌਂਦੇ ਹਨ।

ਨਾਨਕ ਨਾਮਿ ਰਤਿਆ ਬਲਿ ਜਾਉ ॥੨॥
ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ, ਜੋ ਨਾਮ ਨਾਲ ਰੰਗੀਜੇ ਹਨ।

ਪਉੜੀ ॥
ਪਉੜੀ।

ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥
ਕੇਵਲ ਓਂਹੀ ਰੱਬ ਦੇ ਨਾਮ ਦਾ ਸਿਮਰਨ ਕਰਦੇ ਹਨ, ਜੋ ਵਾਹਿਗੁਰੂ ਦੇ ਨਾਲ ਰੰਗੇ ਹੋਏ ਹਨ।

ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥
ਉਹ ਇਕ ਵਾਹਿਗੁਰੂ ਦਾ ਹੀ ਚਿੰਤਨ ਕਰਦੇ ਹਨ। ਕੇਵਲ ਇਕ ਸੁਆਮੀ ਹੀ ਸੱਚਾ ਹੈ।

ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥
ਕੇਵਲ ਇਕੋ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੇਵਲ ਇਕ ਸਾਹਿਬ ਤੋਂ ਹੀ ਸਾਰੀ ਰਚਨਾ ਹੈ।

ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥
ਜੋ ਸੁਆਮੀ ਦੇ ਨਾਮ ਦਾ ਭਜਨ ਕਰਦੇ ਹਨ, ਉਹ ਸਮੂਹ ਭੈ ਨੂੰ ਪਰੇ ਚਲਾ ਮਾਰਦੇ ਹਨ।

ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥
ਸਾਹਿਬ ਖੁਦ ਬੰਦੇ ਨੂੰ ਗੁਰਾਂ ਦੇ ਉਪਦੇਸ਼ ਦੀ ਦਾਤ ਦਿੰਦਾ ਹੈ। ਗੁਰਾਂ ਦੇ ਰਾਹੀਂ ਹੀ ਉਹ ਸਾਹਿਬ ਦਾ ਸਿਮਰਨ ਕਰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥
ਬ੍ਰਹਮ ਵੀਚਾਰ ਜਿਸ ਤੋਂ ਸਹੀ ਸਮਝ ਪ੍ਰਾਪਤ ਹੋਣੀ ਹੈ, ਇਨਸਾਨ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ।

ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥
ਬੋਧ ਦੇ ਬਾਝੋਂ ਉਹ ਹਰੀ ਦਾ ਜੱਸ ਕਿਸ ਤਰ੍ਹਾਂ ਗਾਇਨ ਕਰ ਸਕਦਾ ਹੈ? ਅੰਨ੍ਹਾ ਇਨਸਾਨ ਹਮੇਸ਼ਾਂ ਅੰਨ੍ਹੇ ਕੰਮ ਕਰਦਾ ਹੈ।

ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥
ਨਾਨਕ ਜਦ ਪ੍ਰਾਣੀ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, (ਤਾਂ) ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਅਦੁੱਤੀ ਗੁਰਾਂ ਦਾ ਉਚਾਰਨ ਕੀਤਾ ਹੋਇਆ ਇਕੋ ਹੀ ਈਸ਼ਵਰੀ ਕਥਨ ਹੈ ਅਤੇ ਸਿਮਰਨ ਲਈ ਇਕੋ ਹੀ ਨਾਮ ਹੈ।

ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਸੱਚਾ ਹੈ ਸੌਦਾ ਸੂਤ, ਸੱਚੀ ਦੁਕਾਨ ਅਤੇ ਸੱਚਾ ਹੀ ਜਵਾਹਿਰਾਤਾਂ ਦਾ ਭਰਿਆ ਹੋਇਆ ਮਾਲ ਗੋਦਾਮ।

ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਜੇਕਰ ਦਾਤਾਰ ਪ੍ਰਭੂ ਪ੍ਰਦਾਨ ਕਰੇ, ਤਾ ਹੀ ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।

ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
ਇਹ ਸੱਚੇ ਸੁਦਾਗਰੀ ਦੇ ਮਾਲ ਦਾ ਵਣਜ ਕਰ ਕੇ ਆਦਮੀ ਹਮੇਸ਼ਾਂ ਲਾਸਾਨੀ ਨਾਲ ਦਾ ਨਫਾ ਕਮਾਉਂਦਾ ਹੈ।

ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
ਇਸ ਜ਼ਹਿਰ ਦੇ ਜਗਤ ਅੰਦਰ ਹੀ ਨਾਮ ਅੰਮ੍ਰਿਤ ਪ੍ਰਤੱਖ ਹੋ ਜਾਂਦਾ ਹੈ। ਕੇਵਲ ਪ੍ਰਭੂ ਦੀ ਮਿਹਰ ਦੁਆਰਾ ਹੀ ਇਹ ਪਾਨ ਕੀਤਾ (ਪੀਤਾ) ਜਾਂਦਾ ਹੈ।

ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
ਨਾਨਕ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ। ਧੰਨ ਹੈ ਉਹ ਪ੍ਰਾਣੀਆਂ ਨੂੰ ਸਸ਼ੋਭਤ ਕਰਨ ਵਾਲਾ ਹੈ।

ਪਉੜੀ ॥
ਪਉੜੀ।

ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
ਜਿਨ੍ਹਾਂ ਦੇ ਅੰਦਰ ਝੂਠ ਵਿਆਪ ਰਿਹਾ ਹੈ, ਉਹ ਸੱਚ ਨੂੰ ਪਿਆਰ ਨਹੀਂ ਕਰਦੇ।

ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
ਜੇਕਰ ਕੋਈ ਜਣਾ ਸੱਚ ਕਹੇ, ਤਾਂ ਝੂਠਾ ਆਦਮੀ ਸੜ ਬਲ ਜਾਂਦਾ ਹੈ।

ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥
ਜਿਸ ਤਰ੍ਹਾਂ ਕਾਂ ਗੰਦਗੀ ਖਾਂਦਾ ਹੈ, ਏਸ ਤਰ੍ਹਾਂ ਹੀ ਝੂਠਾ ਆਦਮੀ ਝੂਠ ਨਾਲ ਤ੍ਰਿਪਤ ਹੁੰਦਾ ਹੈ।

ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥
ਜਿਸ ਉਤੇ ਮਾਲਕ ਮਿਹਰਬਾਨ ਹੁੰਦਾ ਹੈ, ਉਹ ਨਾਮ ਦਾ ਸਿਮਰਨ ਕਰਦਾ ਹੈ।

ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥
ਗੁਰਾਂ ਦੇ ਰਾਹੀਂ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ, ਤੂੰ ਝੂਠ ਤੇ ਗੁਨਾਹ ਤੋਂ ਖਲਾਸੀ ਪਾ ਜਾਵੇਗਾ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
ਹੇ ਚਾਰੀ ਪਾਸੀਂ ਭਟਕਣ ਵਾਲੇ! ਤੇ ਚਾਰਾਂ ਹੀ ਹਵਾਵਾਂ ਦੇ ਉਡਾਏ ਹੋਏ, ਸ਼ੇਖ! ਤੂੰ ਆਪਣੇ ਇਸ ਮਨੂਏ ਨੂੰ ਸੁਆਮੀ ਦੇ ਇਕ ਮੰਦਰ (ਹਰੀ ਨਾਮ) ਅੰਦਰ ਲਿਆ।

ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ਤੂੰ ਆਪਣੀਆਂ ਟੇਢੀਆਂ ਚਾਲਾਂ ਨੂੰ ਤਿਆਗ ਦੇ ਅਤੇ ਗੁਰਾਂ ਦੇ ਉਪਦੇਸ਼ ਨੂੰ ਅਨੁਭਵ ਕਰ।

ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
ਤੂੰ ਸੱਚੇ ਗੁਰਾਂ ਦੇ ਮੂਹਰੇ ਢਹਿ ਪਓ। ਉਹ ਸਰਵੱਗ ਗੁਰੂ ਜੀ ਸਭ ਕੁਝ ਜਾਣਦੇ ਹਨ।

ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
ਤੂੰ ਆਪਣੀਆਂ ਉਮੈਦਾਂ ਤੇ ਖਾਹਿਸ਼ਾਂ ਨੂੰ ਸਾੜ ਸੁੱਟ ਤੇ ਇਸ ਸੰਸਾਰ ਅੰਦਰ ਪ੍ਰਾਹੁਣੇ ਵਾਂਗੂ ਹੋ ਕੇ ਰਹੁ।

ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
ਹੁਣ ਭੀ ਜੇਕਰ ਤੂੰ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ, ਤਦ ਤੂੰ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾ ਲਵੇਂਗਾ।

ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਨਾਨਕ, ਜੋ ਨਾਮ ਦਾ ਸਿਮਰਨ ਨਹੀਂ ਕਰਦੇ, ਫਿਟਕਾਰ ਹੈ ਉਨ੍ਹਾਂ ਦੇ ਪੁਸ਼ਾਕ ਤੇ ਖਾਣੇ ਨੂੰ।

ਮਃ ੩ ॥
ਤੀਜੀ ਪਾਤਿਸ਼ਾਹੀ।

ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥
ਬੇਅੰਤ ਹਨ ਵਾਹਿਗੁਰੂ ਦੀਆਂ ਖੂਬੀਆਂ। ਉਸ ਦਾ ਮੁੱਲ ਬਿਆਨੋ ਬਾਹਰ ਹੈ।

ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥
ਨਾਨਕ ਗੁਰੂ-ਅਨੁਸਾਰੀ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ ਅਤੇ ਪ੍ਰਭੂ ਦੀ ਕੀਰਤੀ ਵਿੱਚ ਹੀ ਉਹ ਲੀਨ ਰਹਿੰਦੇ ਹਨ।

ਪਉੜੀ ॥
ਪਉੜੀ।

ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥
ਵਾਹਿਗੁਰੂ ਨੇ ਸਰੀਰ ਦੀ ਅੰਗ੍ਰਖੀ ਸਸ਼ੋਭਤ ਕੀਤੀ ਹੈ। ਸੁਆਮੀ ਦੇ ਸਿਮਰਨ ਨਾਲ ਇਸ ਦੀ ਗੁਲਕਾਰੀ ਕਰ ਕੇ ਮੈਂ ਇਸ ਨੂੰ ਪਹਿਨਦਾ ਹਾਂ।

ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥
ਰੱਬ ਦੇ ਨਾਮ ਦਾ ਬਹੁਤ ਸਾਰਾ ਰੇਸ਼ਮ ਉਸ ਉਤੇ ਅਨੇਕਾਂ ਢੰਗਾਂ ਅਤੇ ਅਨੇਕਾਂ ਤਰੀਕਿਆਂ ਨਾਲ ਲੱਗਾ ਹੋਇਆ ਹੈ।

ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥
ਕੋਈ ਵਿਰਲਾ ਹੀ ਸਮਝਦਾਰ ਇਨਸਾਨ, ਹੈ, ਜੋ ਆਪਣੇ ਮਨ ਵਿੱਚ ਨਿਰਣਾਇਕ ਵਿਚਾਰ ਕਰਨ ਦੁਆਰਾ ਇਸ ਭੇਤ ਨੂੰ ਸਮਝਦਾ ਹੈ।

ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥
ਕੇਵਲ ਉਹ ਹੀ ਇਸ ਬੀਬੇਕ ਵਿਚਾਰ (ਨਿਰਮਲ ਬੁੱਧ) ਨੂੰ ਸਮਝਦਾ ਹੈ ਜਿਸਨੂੰ ਸੁਆਮੀ ਖੁਦ ਸਮਝਾਉਂਦਾ ਹੈ।

ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਗਬੀਬ ਗੋਲਾ ਨਾਨਕ ਆਖਦਾ ਹੈ ਗੁਰੂ ਅਨੁਸਾਰੀ ਨੂੰ ਸਦਾ ਸੱਚ ਜਾਣਦੇ ਹਨ।

copyright GurbaniShare.com all right reserved. Email