Page 658

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥
ਜਿਸ ਤਰ੍ਹਾਂ ਰੱਸੀ ਤੇ ਸੱਪ ਦੀ ਕਹਾਣੀ ਹੈ, ਹੁਣ ਮੈਨੂੰ ਕੁਝ ਕੁ ਭੇਤ ਦਰਸਾਇਆ ਗਿਆ ਹੈ।

ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥
ਜਿਸ ਤਰ੍ਹਾਂ ਭੁਲੇਖਾ ਖਾ ਕੇ, ਮੈਂ ਅਨੇਕਾਂ ਕੜਿਆਂ ਨੂੰ ਸੋਨੇ ਨਾਲੋਂ ਵੱਖਰਾ ਮੰਨਦਾ ਸਾਂ, ਪਰ ਜੋ ਕੁਝ ਮੈਂ ਉਦੋਂ ਕਹਿੰਦਾ ਸੀ, ਹੁਣ ਮੈਨੂੰ ਕਹਿਣਾ ਨਹੀਂ ਬਣਦਾ।

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥
ਸਮੂਹ ਅੰਦਰ ਇਕ ਸੁਆਮੀ ਨੇ ਅਨੇਕ ਸਰੂਪ ਧਾਰਨ ਕੀਤੇ ਹੋਏ ਹਨ। ਉਹ ਸਾਹਿਬ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥
ਰਵਿਦਾਸ ਜੀ ਆਖਦੇ ਹਨ, ਸਾਹਿਬ ਸਾਨੂੰ ਆਪਣੇ ਹੱਥਾਂ, ਪੈਰਾਂ ਨਾਲੋਂ ਭੀ ਨੇੜੇ ਹੈ। ਇਸ ਲਈ ਜਿਹੜਾ ਕੁਛ ਕੁਦਰਤੀ ਹੁੰਦਾ ਹੈ, ਹੋਣ ਦਿਓ।

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
ਜੇਕਰ ਮੈਂ ਸੰਸਾਰੀ ਲਗਨਾਂ ਦੀ ਫਾਹੀ ਨਾਲ ਬੰਨਿ੍ਹਆ ਹੋਇਆ ਹਾਂ, ਤਾਂ ਮੈਨੂੰ ਭੀ, ਹੇ ਸੁਆਮੀ! ਮੈਂ ਪ੍ਰੀਤ ਦੀ ਜ਼ੰਜੀਰ ਨਾਲ ਜਕੜਿਆ ਹੋਇਆ ਹੈ।

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥
ਹੁਣ ਤੂੰ ਖਲਾਸੀ ਕਰਾਉਣ ਦਾ ਉਪਰਾਲਾ ਕਰ। ਮੈਂ ਤਾਂ ਤੇਰਾ ਸਿਮਰਨ ਕਰਨ ਦੁਆਰਾ ਛੁਟਕਾਰਾ ਪਾ ਗਿਆ ਹਾਂ।

ਮਾਧਵੇ ਜਾਨਤ ਹਹੁ ਜੈਸੀ ਤੈਸੀ ॥
ਮੇ ਮਾਇਆ ਦੇ ਪਤੀ! ਜੇਹੋ ਜੇਹੀ ਤੇਰੇ ਨਾਲ ਪ੍ਰੀਤ ਹੈ, ਉਹ ਤੂੰ ਜਾਣਦਾ ਹੀ ਹੈਂ।

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥
ਤੇਰੇ ਨਾਲ ਮੇਰੀ ਐਹੋ ਜੇਹੀ ਪ੍ਰੀਤ ਹੁੰਦਿਆਂ, ਹੁਣ ਤੂੰ ਮੇਰੇ ਨਾਲ ਕੀ ਕਰਨੂੰਗਾ? ਠਹਿਰਾਉ।

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
ਆਦਮੀ ਮੱਛੀ ਨੂੰ ਫੜਦਾ ਹੈ, ਇਸ ਤਰ੍ਹਾਂ ਦੀਆਂ ਫੀੜਆਂ ਕਰਦਾ ਹੈ ਇਸ ਨੂੰ ਕਟਦਾ ਹੈ ਅਤੇ ਕਈ ਤਰੀਕਿਆ ਨਾਲ ਇਸ ਨੂੰ ਰਿੰਨ੍ਹਦਾ ਹੈ।

ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥
ਉਹ ਬੋਟੀ ਬੋਟੀ ਕਰ ਕੇ ਖਾਧੀ ਜਾਂਦੀ ਹੈ ਤਾਂ ਭੀ ਇਹ ਪਾਣੀ ਨੂੰ ਨਹੀਂ ਭੁੱਲਦੀ।

ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥
ਪਾਤਿਸ਼ਾਹ, ਪ੍ਰਮੇਸ਼ਰ ਕਿਸੇ ਦੇ ਵਿਰਸੇ ਵਿੱਚ ਆਇਆ ਹੋਇਆ ਨਹੀਂ। ਉਹ ਉਸੇ ਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।

ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥
ਸੰਸਾਰੀ ਮਮਤਾ ਦਾ ਪੜਦਾ ਸਾਰੇ ਸੰਸਾਰ ਤੇ ਪਿਆ ਹੋਇਆ ਹੈ, ਪਰ ਇਹ ਸਾਧੂ ਨੂੰ ਦੁੱਖ ਨਹੀਂ ਦਿੰਦਾ।

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥
ਰਵਿਦਾਸ ਜੀ ਆਖਦੇ ਹਨ, ਇਕ ਪ੍ਰਭੂ ਨਾਲ ਮੇਰੀ ਸ਼ਰਧਾ-ਪ੍ਰੀਤ ਵਧੇਰੀ ਹੋ ਗਈ ਹੈ। ਇਹ ਮੈਂ ਹੁਣ ਕਿਸ ਨੂੰ ਦੱਸਾਂ?

ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਕੀ ਮੈਂ ਉਹ ਤਕਲੀਫ ਅਜੇ ਭੀ ਉਠਾਵਾਂਗਾ, ਜਿਸ ਤੋਂ ਖਲਾਸੀ ਪਾਉਣ ਲਈ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਮੇਰੇ ਮਾਲਕ?

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥
ਇਹ ਨਾਯਾਬ ਮਨੁੱਖੀ-ਜੀਵਨ, ਮੈਨੂੰ ਚੰਗੇ ਕਰਮਾਂ ਦੇ ਸਿਲੇ ਵਜੋਂ ਪ੍ਰਾਪਤ ਹੋਇਆ ਹੈ, ਪਰ ਸੋਚ-ਵਿਚਾਰ ਦੇ ਬਗੈਰ ਇਹ ਵਿਅਰਥ ਜਾ ਰਿਹਾ ਹੈ।

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥
ਦਸ, ਪਾਤਿਸ਼ਾਹਾਂ, ਇੰਦ੍ਰ ਤੁਲ ਘਰ ਤੇ ਤਖਤ ਸਾਹਿਬ ਦੀ ਪ੍ਰੇਮ-ਮਈ, ਦੇ ਬਾਝੋਂ ਕਿਹੜੀ ਗਿਣਤੀ ਵਿੱਚ ਹਨ?

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥
ਤੂੰ ਪਾਤਿਸ਼ਾਹ ਪ੍ਰਮੇਸ਼ਰ ਦੇ ਨਾਮ ਦੇ ਸੁਆਦ ਵਲ ਧਿਆਨ ਨਹੀਂ ਦਿੱਤਾ,

ਜਿਹ ਰਸ ਅਨਰਸ ਬੀਸਰਿ ਜਾਹੀ ॥੧॥ ਰਹਾਉ ॥
ਜਿਸ ਸੁਆਦ ਅੰਦਰ ਹੋਰ ਸਾਰੇ ਸੁਆਦ ਭੁੱਲ ਜਾਂਦੇ ਹਨ। ਠਹਿਰਾਉ।

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥
ਅਸੀਂ ਝੱਲੇ ਹੋਏ ਗਏ ਹਾਂ, ਅਸੀਂ ਉਸ ਨੂੰ ਨਹੀਂ ਜਾਣਦੇ ਜਿਹੜਾ ਸਾਨੂੰ ਜਾਨਣ-ਯੋਗ ਹੈ ਅਤੇ ਉਸ ਨੂੰ ਨਹੀਂ ਵਿਚਰਦੇ ਜੋ ਵਿਚਾਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦਿਨ ਬੀਤਦੇ ਜਾ ਰਹੇ ਹਨ।

ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥
ਸਾਡੇ ਵਿਸ਼ੇ ਵੇਗ ਬਲਵਾਨ ਹਨ ਅਤੇ ਸਾਡੀ ਵਿਚਾਰ ਸਮਝ ਕਮਜ਼ੋਰ ਹੈ। ਸ੍ਰੇਸ਼ਟ ਮਨੋਰਥ ਤਾਂਈਂ ਸਾਡੀ ਪਹੁੰਚ ਨਹੀਂ।

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥
ਅਸੀਂ ਕਹਿੰਦੇ ਕੁੱਝ ਹਾਂ ਅਤੇ ਕਮਾਉਂਦੇ ਬਿਲਕੁਲ ਹੋਰ ਹੀ ਹਾਂ। ਅਨੰਤ ਸੰਸਾਰੀ ਲਗਨਾਂ ਦੇ ਬਹਿਕਾਇਆਂ ਹੋਇਆਂ ਨੂੰ ਸਾਨੂੰ ਕੋਈ ਸੂਝ ਬੂਝ ਨਹੀਂ ਪੈਂਦੀ।

ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
ਤੇਰਾ ਗੋਲਾ! ਹੇ ਸੁਆਮੀ! ਰਵਿਦਾਸ ਆਖਦਾ ਹੈ, ਮੈਂ ਦਿਲੋਂ ਗਮਗੀਨ ਹਾਂ। ਤੂੰ ਆਪਣਾ ਗੁੱਸਾ ਮੇਰੇ ਉਤੋਂ ਹਟਾ ਲੈ ਤੇ ਮੇਰੀ ਜਿੰਦੜੀ ਤੇ ਤਰਸ ਕਰ।

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥
ਆਰਾਮ ਚੈਨ ਦਾ ਸਮੁੰਦਰ ਹੈ, ਸੁਆਮੀ, ਜਿਸ ਦੇ ਇਖਤਿਆਰ ਵਿੱਚ ਹਨ ਕਲਪ-ਬਿਰਛ, ਇਛਾਪੂਰਕ ਰਤਨ ਅਤੇ ਸਵਰਗੀ-ਗਊ।

ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥
ਚਾਰ ਸ੍ਰੇਸ਼ਟ ਦਾਤਾਂ, ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਨੇ ਉਸ ਦੇ ਹੱਥ ਦੀ ਤਲੀ ਉਤੇ ਹਨ।

ਹਰਿ ਹਰਿ ਹਰਿ ਨ ਜਪਹਿ ਰਸਨਾ ॥
ਤੂੰ ਆਪਣੀ ਜੀਭ ਨਾਲ "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ" ਦਾ ਉਚਾਰਨ ਕਿਉਂ ਨਹੀਂ ਕਰਦਾ?

ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥
ਤੂੰ ਹੋਰ ਸਾਰਿਆਂ ਸ਼ਬਦਾਂ ਅੰਦਰ ਲੀਨ ਹੋਣਾ ਛੱਡ ਦੇ। ਠਹਿਰਾਉ।

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥
ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।

ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
ਬੜੀ ਸੋਚ ਵਿਚਾਰ ਮਗਰੋਂ ਬਿਆਸ ਨੇ ਪਰਮ ਅਸਲੀਅਤ ਬਿਆਨ ਕੀਤੀ ਹੈ ਕਿ ਸੁਆਮੀ ਦੇ ਨਾਮ ਦੇ ਤੁਲ ਕੋਈ ਸ਼ੈ ਨਹੀਂ।

ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥
ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਅਡੋਲਤਾ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ, ਪ੍ਰਭੂ ਨਾਲ ਪਿਆਰ ਪਾਉਂਦੇ ਹਨ ਅਤੇ ਆਖਿਰਕਾਰ ਟੰਟੇ ਬਖੇੜਿਆਂ ਤੋਂ ਆਜ਼ਾਦ ਹੋ ਜਾਂਦੇ ਹਨ।

ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥
ਰਵਿਦਾਸ ਜੀ ਆਖਦੇ ਹਨ, ਤੂੰ ਹੀਸ਼ਵਰੀ ਨੂਰ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਜੰਮਣ ਤੇ ਮਰਨ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ।

ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ।

ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ।

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ।

ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ।

ਜਉ ਤੁਮ ਦੀਵਰਾ ਤਉ ਹਮ ਬਾਤੀ ॥
ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ।

ਜਉ ਤੁਮ ਤੀਰਥ ਤਉ ਹਮ ਜਾਤੀ ॥੨॥
ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ।

copyright GurbaniShare.com all right reserved. Email