Page 660

ਧਨਾਸਰੀ ਮਹਲਾ ੧ ਘਰੁ ੧ ਚਉਪਦੇ
ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥
ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?

ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।

ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
ਰਾਤ ਦਿਨ ਮੈਂ ਆਪਣੇ ਮਾਲਕ ਦੀ ਚਾਰਕੀ ਕਮਾਉਂਦਾ ਹਾਂ ਅਤੇ ਅਖੀਰ ਨੂੰ ਉਹ ਮੈਨੂੰ ਬੰਦਖਲਾਸ ਕਰਾਊਗਾ।

ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
ਪ੍ਰਭੂ ਦੇ ਨਾਮ ਨੂੰ ਸੁਣ ਸੁਣ ਕੇ, ਹੇ ਮੈਂਡੀ ਮਨਮੋਹਨੀ ਇਸਤਰੀਏ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਵਾਂਗਾ।

ਦਇਆਲ ਤੇਰੈ ਨਾਮਿ ਤਰਾ ॥
ਹੇ ਮਿਹਰਬਾਨ ਮਾਲਕ! ਤੇਰੇ ਨਾਮ ਦੁਆਰਾ ਮੈਂ ਪਾਰ ਉਤਰ ਜਾਵਾਂਗਾ।

ਸਦ ਕੁਰਬਾਣੈ ਜਾਉ ॥੧॥ ਰਹਾਉ ॥
ਤੇਰੇ ਉਤੋਂ ਮੈਂ ਹਮੇਸ਼ਾਂ ਘੋਲੀ ਜਾਂਦਾ ਹਾਂ। ਠਹਿਰਾਓ।

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
ਸਾਰੇ ਸੰਸਾਰ ਅੰਦਰ ਕੇਵਲ ਇਕ ਸੱਚਾ ਸਾਹਿਬ ਹੈ। ਹੋਰ ਕੋਈ ਹੈ ਹੀ ਨਹੀਂ।

ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
ਕੇਵਲ ਓਹੀ ਉਸ ਦੀ ਚਾਕਰੀ ਕਮਾਉਂਦਾ ਹੈ, ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।

ਤੁਧੁ ਬਾਝੁ ਪਿਆਰੇ ਕੇਵ ਰਹਾ ॥
ਹੇ ਮੇਰੇ ਪ੍ਰੀਤਮ! ਤੇਰੇ ਬਗੈਰ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ?

ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
ਮੈਨੂੰ ਉਹ ਵਿਸ਼ਾਲਤਾ ਬਖਸ਼ ਕਿ ਮੈਂ ਤੇਰੇ ਨਾਤ ਨਾਲ ਜੁੜਿਆ ਰਹਾਂ।

ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਮੇਰੇ ਜਾਨੀਆ! ਜਿਸ ਕੋਲ ਮੈਂ ਜਾ ਕੇ ਆਪਣੀ ਵਿਥਿਆ ਬਿਆਨ ਕਰਾਂ। ਠਹਿਰਾਉ।

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
ਮੈਂ ਆਪਣੇ ਪ੍ਰਭੂ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ।

ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
ਨਾਨਕ ਉਸ ਦਾ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉਤੋਂ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ।

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
ਹੇ ਸੁਆਮੀ! ਹਰ ਮੁਹਤ ਮੈਂ ਤੇਰੇ ਨਾਮ ਉਤੇ ਬੋਟੀ ਬੋਟੀ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਉ।

ਧਨਾਸਰੀ ਮਹਲਾ ੧ ॥
ਧਨਾਸਰੀ ਪਹਿਲੀ ਪਾਤਿਸ਼ਾਹੀ।

ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ।

ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ।

ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥
ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ।

ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ।

ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥
ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ!

ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ?

ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।

ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ।

ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥
ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।

copyright GurbaniShare.com all right reserved. Email