Page 730

ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
ਉਤਮ ਹੈ ਉਹ ਬਰਤਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
ਪਰਮ ਪਲੀਤ ਬਰਤਨ ਧੋਣ ਨਾਲ ਸਵੱਛ ਨਹੀਂ ਹੁੰਦਾ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
ਗੁਰਾਂ ਦੁਆਰੇ ਪ੍ਰਾਣੀ ਨੂੰ ਸਮਝ ਪਰਾਪਤ ਹੁੰਦੀ ਹੈ।

ਏਤੁ ਦੁਆਰੈ ਧੋਇ ਹਛਾ ਹੋਇਸੀ ॥
ਇਸ ਤਰ੍ਹਾਂ ਧੋਤਾ ਜਾਵੇ ਤਾਂ ਬਰਤਨ ਸਾਫ ਸੁਥਰਾ ਹੋ ਜਾਂਦਾ ਹੈ।

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
ਚੰਗੇ ਅਤੇ ਮੰਦੇ ਦੀ ਪਛਾਣ ਕਰਨ ਦੀ ਸਮਝ ਪ੍ਰਭੂ ਆਪੇ ਹੀ ਬਖਸ਼ਦਾ ਹੈ।

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
ਕੋਈ ਜਣਾ ਇਹ ਨਾਂ ਸਮਝ ਲਵੇ ਕਿ ਉਸ ਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਏਗੀ।

ਜੇਹੇ ਕਰਮ ਕਮਾਇ ਤੇਹਾ ਹੋਇਸੀ ॥
ਜਿਹੋ ਜਿਹਾ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ।

ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
ਆਬਿ-ਹਿਯਾਤ ਹੈ ਪ੍ਰਭੂ ਦਾ ਨਾਮ ਅਤੇ ਉਹ ਖੁਦ ਹੀ ਪ੍ਰਾਣੀ ਨੂੰ ਇਸ ਦੀ ਦਾਤ ਦਿੰਦਾ ਹੈ।

ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
ਉਸ ਦੀ ਵਡਿਆਈ ਦੇ ਵਾਜੇ ਵੱਜਦੇ ਹਨ, ਜੋ ਆਪਣੇ ਜੀਵਨ ਨੂੰ ਸ਼ੁਸ਼ੋਭਤ ਕਰ ਕੇ, ਇੱਜ਼ਤ ਨਾਲ ਇਥੋਂ ਜਾਂਦਾ ਹੈ।

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
ਗਰੀਬ ਪ੍ਰਾਣੀਆਂ ਦੇ ਸੰਸਾਰ ਦਾ ਕੀ ਕਹਿਣਾ ਹੋਇਆ, ਉਸ ਦੀ ਮਹਿਮਾਂ ਤਿੰਨਾਂ ਹੀ ਜਹਾਨਾ ਅੰਦਰ ਗੂੰਜੇਗੀ।

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
ਨਾਨਕ ਉਹ ਖੁਦ ਪਰਮ ਪਰਸੰਨ ਹੋਵੇਗਾ ਅਤੇ ਆਪਣੀ ਸਾਰੀ ਵੰਸ ਨੂੰ ਤਾਰ ਦੇਵੇਗਾ।

ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
ਤਿਆਗੀ ਤਿਆਗ ਕਮਾਉਂਦਾ ਹੈ ਅਤੇ ਪੇਟੂ ਖਾਈ ਹੀ ਜਾਂਦਾ ਹੈ।

ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
ਜੋ ਤਪੱਸਵੀ ਹੈ, ਉਹ ਤਪੱਸਿਆ ਕਮਾਉਂਦਾ ਹੈ ਅਤੇ ਧਰਮ ਅਸਥਾਨਾਂ ਤੇ ਮਲ ਮਲ ਕੇ ਨਹਾਉਂਦਾ ਹੈ।

ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
ਮੈਂ ਤੇਰੀ ਕਣਸੋ ਸੁਣਨਾ ਚਾਹੁੰਦਾ ਹਾਂ, ਹੇ ਪਿਆਰਿਆ! ਜੇਕਰ ਕੋਈ ਬਹਿ ਕੇ ਮੈਨੂੰ ਦੱਸੇ। ਠਹਿਰਾਉ।

ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ।

ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ।

ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
ਜਿਹੋ ਜਿਹੇ ਕਰਮ ਪ੍ਰਾਨੀ ਕਰਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।

ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
ਜਿਹੜਾ ਸਾਹ ਸੁਆਮੀ ਦੇ ਸਿਮਰਨ ਦੇ ਬਿਨਾਂ ਲਿਆ ਜਾਂਦਾ ਹੈ ਉਹ ਸਾਹ ਵਿਅਰਥ ਜਾਂਦਾ ਹੈ।

ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
ਜੇਕਰ ਕੋਈ ਖਰੀਦਣ ਵਾਲਾ ਹੋਵੇ ਤਾਂ ਮੈਂ ਆਪਣੀ ਇਸ ਦੇਹ ਨੂੰ ਆਪਣੇ ਸਾਈਂ ਦੀ ਖਾਤਰ ਵੇਚ, ਵੇਚ ਦੇਵਾਂਗਾ।

ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ।

ਸੂਹੀ ਮਹਲਾ ੧ ਘਰੁ ੭
ਸੂਹੀ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਨਾਲ ਉਹ ਪਰਾਪਤ ਹੁੰਦਾ ਹੈ।

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
ਯੋਗ ਖਫਣੀ ਵਿੱਚ ਨਹੀਂ, ਨਾਂ ਯੋਗ ਸੋਟੇ ਵਿੱਚ ਹੈ, ਨਾਂ ਹੀ ਯੋਗ ਹੈ ਸਰੀਰ ਨੂੰ ਸੁਆਹ ਮਲਣ ਵਿੱਚ।

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
ਯੋਗ ਮੁੰਦਰਾਂ ਵਿੱਚ, ਜਾਂ ਸਿਰ ਮੁਨਾਉਣ ਵਿੱਚ ਨਹੀਂ, ਯੋਗ ਸਿੰਗ ਵਜਾਉਣ ਵਿੱਚ ਵੀ ਨਹੀਂ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥
ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਹੋ ਕੇ ਵੱਸ। ਇਸ ਤਰ੍ਹਾਂ ਤੂੰ ਯੋਗ ਦਾ ਮਾਰਗ ਪਾ ਲਵੇਂਗਾ।

ਗਲੀ ਜੋਗੁ ਨ ਹੋਈ ॥
ਨਿਰੀਆਂ ਗੱਲਾਂ ਨਾਲ ਯੋਗ ਪਰਾਪਤ ਨਹੀਂ ਹੁੰਦਾ।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥
ਉਹ ਹੀ ਯੋਗੀ ਆਖਿਆ ਜਾਂਦਾ ਹੈ, ਜੋ ਸਾਰਿਆਂ ਪ੍ਰਾਣੀਆਂ ਨੂੰ ਇਕੋ ਅੱਖ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਇਕ ਸਮਾਨ ਕਰ ਕੇ ਜਾਣਦਾ ਹੈ। ਠਹਿਰਾਉ।

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
ਯੋਗ ਪਰੇਡੀਆਂ ਕਬਰਾਂ ਜਾਂ ਸ਼ਮਸ਼ਾਨ ਭੂਮੀਆਂ, ਜਾਂ ਸਮਾਧੀ ਲਾ ਕੇ ਬੈਠਣ ਵਿੱਚ ਨਹੀਂ।

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
ਯੋਗ ਆਪਣੇ ਵਤਨੁ ਅਤੇ ਪਰਦੇਸਾਂ ਦੇ ਵਿੱਚ ਫਿਰਨ ਵਿੱਚ ਨਹੀਂ, ਨਾਂ ਹੀ ਯਾਤ੍ਰਾ-ਅਸਥਾਨਾਂ ਉਤੇ ਨ੍ਹਾਉਣ ਵਿੱਚ ਹੈ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥
ਤੂੰ ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਰਹੁ। ਇਸ ਤਰ੍ਹਾਂ ਤੂੰ ਯੋਗ ਦੇ ਰਸਤੇ ਨੂੰ ਪਾ ਲਵੇਂਗਾ।

ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
ਜੇ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਉਸ ਦਾ ਭਟਕਦਾ ਹੋਇਆ ਮਨ ਕਾਬੂ ਆ ਜਾਂਦਾ ਹੈ।

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
ਅੰਮ੍ਰਿਤ ਵਰਸਦਾ ਹੈ, ਬੈਕੁੰਨੀ ਕੀਰਤਨ ਹੁੰਦਾ ਹੈ ਅਤੇ ਆਪਣੇ ਹਿਰਦੇ ਅੰਦਰੋਂ ਹੀ ਬੰਦਾ ਬ੍ਰਹਿਮ ਗਿਆਨ ਪਰਾਪਤ ਕਰ ਲੈਂਦਾ ਹੈ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥
ਤੂੰ ਅਪਵਿਤ੍ਰਤਾ ਅੰਦਰ ਪਵਿਤਰ ਵਿਚਾਰ, ਇਸ ਤਰ੍ਹਾਂ ਤੂੰ ਯੋਗ ਦੇ ਮਾਰਗ ਨੂੰ ਪਾ ਲਵੇਂਗਾ।

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
ਨਾਨਕ ਤੂੰ ਆਪਣੀ ਜ਼ਿੰਦਗੀ ਵਿੱਚ ਮਰਿਆ ਰਹਿ। ਤੂੰ ਇਹੋ ਜਿਹਾ ਯੋਗ ਕਮਾ।

ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥
ਜਦ ਵੀਣਾ ਬਿਨਾ ਵਜਾਏ ਵੱਜੇਗੀ, ਤਦ ਹੀ ਭੈ-ਰਹਿਤ ਮਰਤਬੇ ਨੂੰ ਪਰਾਪਤ ਹੋਵੇਂਗਾ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥
ਜਦ ਇਨਸਾਨ ਸੰਸਾਰੀ ਲਗਨਾਂ ਅੰਦਰ ਨਿਰਲੇਪ ਵਿਚਰਦਾ ਹੈ, ਤਦ ਹੀ ਉਹ ਯੋਗ ਦੇ ਮਾਰਗ ਨੂੰ ਪਰਾਪਤ ਹੁੰਦਾ ਹੈ।

ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥
ਕਿਹੜੀ ਹੈ ਤੱਕੜੀ ਅਤੇ ਕਿਹੜੇ ਵੱਟੇ? ਤੇਰੇ ਲਈ ਮੈਂ ਕਿਹੜਾ ਪਾਰਖੂ ਸੱਦਾਂ, ਹੇ ਸੁਆਮੀ!

ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
ਕਿਹੜਾ ਗੁਰੂ ਹੈ ਜਿਸ ਪਾਸੋਂ ਮੈਂ ਸਿਖਿਆ ਲਵਾਂ ਅਤੇ ਕੀਹਦੇ ਕੋਲੋਂ ਮੈਂ ਤੇਰੀ ਕੀਮਤ ਪੁਆਵਾਂ?

copyright GurbaniShare.com all right reserved. Email