ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ। ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ ਤੂੰ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈਂ। ਤੂੰ ਖੁਦ ਹੀ ਹਰ ਥਾਂ ਵਿਆਪਕ ਹੈਂ। ਠਹਿਰਾਉ। ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਮੇਰੀ ਆਤਮਾ ਤੱਕੜੀ ਹੈ, ਗਿਆਤ ਵੱਟੇ ਅਤੇ ਤੇਰੀ ਘਾਲ ਕਮਾਉਣੀ ਮੇਰਾ ਜੌਹਰੀ ਹੈ। ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ ਆਪਣੇ ਹਿਰਦੇ ਅੰਦਰ ਮੈਂ ਉਸ ਕੰਤ ਨੂੰ ਹਾੜਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣੀ ਬਿਰਤੀ ਨੂੰ ਜੋੜਦੀ ਹਾਂ। ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਅੰਨ੍ਹੀ, ਨੀਵੇਂ ਵਰਨ ਦੀ ਅਤੇ ਬਦੇਸਣ ਜਿੰਦੜੀ ਇਕ ਮੁਹਤ ਭਰ ਲਈ ਆਉਂਦੀ ਹੈ ਅਤੇ ਇਕ ਲੰਮ੍ਹੇ ਵਿੱਚ ਟੁਰ ਜਾਂਦੀ ਹੈ। ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥ ਉਸ ਦੀ ਸੁਹਬਤ ਅੰਦਰ ਨਾਨਕ ਵਸਦਾ ਹੈ। ਉਹ, ਮੂਰਖ ਕਿਸ ਤਰ੍ਹਾਂ ਤੈਨੂੰ ਪਰਾਪਤ ਕਰ ਸਕਦਾ ਹੈ, ਹੇ ਪ੍ਰਭੂ! ਰਾਗੁ ਸੂਹੀ ਮਹਲਾ ੪ ਘਰੁ ੧ ਰਾਗ ਸੂਹੀ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ। ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥ ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ। ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ। ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥ ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ। ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ। ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥ ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ। ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ। ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥ ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ। ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ। ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥ ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਮੈਂ ਪਰਮ ਪੁਰਸ਼, ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੀ ਗਰੀਬੀ ਅਤੇ ਪਾਪਾਂ ਦੀਆਂ ਫੌਜਾਂ ਸਮੂਹ ਨਾਸ ਹੋ ਗਈਆਂ ਹਨ। ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਗੁਰਾਂ ਦੀ ਬਾਣੀ ਰਾਹੀਂ ਮੇਰਾ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਦੀਵੀ ਸਥਿਰ ਸੁਆਮੀ ਦੀ ਘਾਲ ਕਮਾ ਕੇ ਮੈਂ ਆਰਾਮ ਅੰਦਰ ਲੀਨ ਹੋ ਗਿਆ ਹਾਂ। ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪਰਮ ਪਿਆਰੇ ਨਾਮ ਦਾ ਆਰਾਧਨ ਕਰ। ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ ਦੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਮੂਹਰੇ ਰੱਖ ਦਿੱਤਾ ਹੈ। ਆਪਣਾ ਸੀਸ ਮੈਂ ਅਕਰੇ ਨਿਰਖ ਤੇ ਫਰੋਖਤ ਕਰ ਦਿੱਤਾ ਹੈ। ਠਹਿਰਾਉ। ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ਮਨੁੱਖਾਂ ਦੇ ਮਾਲਕ, ਬਾਦਸ਼ਾਹ ਖੁੱਸ਼ੀਆਂ ਅਤੇ ਸੁਆਦ ਭੋਗਦੇ ਹਨ ਪ੍ਰੰਤੂ ਨਾਮ ਦੇ ਬਗੈਰ, ਮੌਤ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੀ ਹੈ। ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ਧਰਮ ਰਾਜੇ ਦਾ ਡੰਡਾ ਉਨ੍ਹਾਂ ਦੇ ਸਿਰ ਉਤੇ ਵਜਦਾ ਹੈ ਅਤੇ ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ, ਜਦ ਉਹ ਪਸਚਾਤਾਪ ਕਰਦੇ ਹਨ। ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ਮੇਰੀ ਰਖਿਆ, ਰੱਖਿਆ ਕਰ, ਹੇ ਵਾਹਿਗੁਰੂ! ਮੈਂ ਤੇਰਾ ਕੀਟ ਗੋਲਾ ਹਾਂ। ਮੈਂ ਤੇਰੀ ਪਨਾਹ ਲਈ ਹੈ; ਹੇ ਮੇਰੇ ਪ੍ਰਤਿਪਾਲਣਹਾਰ ਪ੍ਰਭੂ! ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ ਮੈਨੂੰ ਆਪਣੇ ਸਾਧੂ ਦਾ ਦੀਦਾਰ ਬਖਸ਼, ਤਾਂ ਜੋ ਮੈਨੂੰ ਸ਼ਾਂਤੀ ਪਰਾਪਤ ਹੋਵੇ। ਮੇਰੀ ਸੱਧਰ ਪੂਰੀ ਕਰ। ਹੇ ਸਾਹਿਬ! ਕਿਉਂ ਜੋ ਮੈਂ ਤੇਰਾ ਗੋਲਾ ਹਾਂ। ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥ ਤੂੰ ਸਰਬ-ਸ਼ਕਤੀਵਾਨ ਤੇ ਵਿਸ਼ਾਲ ਵਾਹਿਗੁਰੂ, ਪਾਰਬ੍ਰਹਮ ਪਰਮੇਸ਼ਵਰ ਹੈਂ। ਹੇ ਠਾਕੁਰ! ਤੂੰ ਮੈਨੂੰ ਨਿਮ੍ਰਿਤਾ ਦੀ ਦਾਤ ਬਖਸ਼। ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥ ਨਾਮ ਨੂੰ ਹਾਸਲ ਕਰਕੇ ਨਫਰ ਨਾਨਕ ਆਰਾਮ ਪਾਉਂਦਾ ਹੈ। ਮੈਂ ਹਮੇਸ਼ਾਂ ਤੇਰੇ ਨਾਮ ਉਤੋਂ ਘੋਲੀ ਜਾਂਦਾ ਹਾਂ, ਹੇ ਪ੍ਰਭੂ! ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ। ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ। copyright GurbaniShare.com all right reserved. Email |