ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ। ਕਿਸੇ ਹੋਰ ਤਰੀਕੇ ਨਾਲ ਉਹ ਪਾਇਆ ਨਹੀਂ ਜਾ ਸਕਦਾ। ਹਰਿ ਧਨੁ ਸੰਚੀਐ ਭਾਈ ॥ ਤੂੰ ਵਾਹਿਗੁਰੂ ਦੀ ਦੌਲਤ ਇਕੱਤਰ ਕਰ, ਹੇ ਵੀਰ! ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਤਾਂ ਜੋ ਇਸ ਲੋਕ ਤੇ ਪ੍ਰਲੋਕ ਵਿੱਚ ਸੁਆਮੀ ਤੇਰਾ ਮਦਦਗਾਰ ਹੋਵੇ। ਠਹਿਰਾਉ। ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਸਾਧ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਦੌਲਤ ਕਮਾਈ ਜਾਂਦੀ ਹੈ। ਕਿਸੇ ਹੋਰਸ ਥਾਂ ਤੋਂ ਕਿਸੇ ਹੋਰ ਉਪਰਾਲੇ ਦੁਆਰਾ ਵਾਹਿਗੁਰੂ ਦੀ ਦੌਲਤ ਉਕਾ ਹੀ ਪਰਾਪਤ ਨਹੀਂ ਹੁੰਦੀ। ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ ਵਾਹਿਗੁਰੂ ਦੇ ਜਵੇਹਰਾਂ ਦਾ ਵਣਜਾਰਾ, ਵਾਹਿਗੁਰੂ ਦੀ ਦੌਲਤ ਦਾ ਜਵੇਹਰ ਖਰੀਦਾ ਹੈ। ਸ਼ੀਸ਼ੇ ਦਾ ਸੁਦਾਗਰ ਨਿਰੀਆਂ ਗੱਲਾਂ ਬਾਤਾਂ ਰਾਹੀਂ ਵਾਹਿਗੁਰੂ ਦੀ ਦੌਲਤ ਨੂੰ ਪਰਾਪਤ ਨਹੀਂ ਕਰ ਸਕਦਾ। ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ਰੱਬ ਦੀ ਦੌਲਤ, ਮੌਤੀ, ਜਵਾਹਿਰ ਅਤੇ ਮਣੀ ਤੁੱਲ ਹੈ। ਪ੍ਰਭਾਤ ਦੇ ਯੋਗ ਸਮੇਂ ਉਤੇ ਸੁਆਮੀ ਦੇ ਸਾਧੂ ਆਪਣੀ ਬਿਰਤੀ ਸੁਆਮੀ ਵਾਹਿਗੁਰੂ ਦੇ ਧਨ-ਪਦਾਰਥ ਨਾਲ ਜੋੜਦੇ ਹਨ। ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਸੁਆਮੀ ਦੇ ਸ਼ਰਧਾਲੂ ਮੁਨਾਸਬ ਅੰਮ੍ਰਿਤਮਈ ਵੇਲੇ ਦਾ ਬੀਜਿਆ ਹੋਇਆ ਵਾਹਿਗੁਰੂ ਦਾ ਧਨ ਪਦਾਰਥ ਖਾਂਦੇ ਅਤੇ ਖਰਚਦੇ ਹਨ ਪਰ ਇਹ ਮੁੱਕਦਾ ਨਹੀਂ। ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ ਏਥੇ ਅਤੇ ਪ੍ਰਲੋਕ ਵਿੱਚ ਸਾਧੂਆਂ ਨੂੰ ਸਾਹਿਬ ਦੀ ਦੌਲਤ ਦੀ ਪ੍ਰਭੁਤਾ ਪਰਦਾਨ ਹੁੰਦੀ ਹੈ। ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ਵਾਹਿਗੁਰੂ ਦੀ ਦੌਲਤ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ। ਹਮੇਸ਼ਾਂ ਹੀ ਇਹ ਅਹਿੱਲ ਅਤੇ ਮੁਸਤਕਿਲ ਹੈ। ਵਾਹਿਗੁਰੂ ਦੀ ਇਸ ਦੌਲਤ ਨੂੰ ਅੱਗ ਅਤੇ ਪਾਣੀ ਤਬਾਹ ਨਹੀਂ ਕਰ ਸਕਦੇ, ਅਤੇ ਨਾਂ ਹੀ ਚੋਰ ਤੇ ਮੌਤ ਦੇ ਫ਼ਰਿਸ਼ਤੇ ਇਸ ਨੂੰ ਲੈ ਜਾ ਸਕਦੇ ਹਨ। ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ ਲੁੱਚਾ ਲੰਡਾ ਵਾਹਿਗੁਰੂ ਦੀ ਦੌਲਦ ਦੇ ਲਾਗੇ ਨਹੀਂ ਲੱਗ ਸਕਦਾ, ਨਾਂ ਹੀ ਮਸੂਲ ਉਗਰਾਹੁਣ ਵਾਲੀ ਮੌਤ ਇਸ ਦੀ ਮਸੂਲ ਲਾ ਸਕਦੀ ਹੈ। ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ ਮਾਇਆ ਦੇ ਪੁਜਾਰੀ, ਗੁਨਾਹ ਕਮਾ ਕੇ ਜ਼ਹਿਰੀਲੀ ਮਾਇਆ ਇਕੱਤਰ ਕਰਦੇ ਹਨ, ਪਰ ਉਨ੍ਹਾਂ ਦੇ ਸੰਗ ਇਹ ਇਕ ਕਦਮ ਭੀ ਨਹੀਂ ਜਾਂਦੀ। ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ ਇਸ ਜਹਾਨ ਵਿੱਚ ਜਦੋਂ ਮਾਇਆ ਉਨ੍ਹਾਂ ਦੇ ਹੱਥਾਂ ਵਿਚੋਂ ਨਿਕਲ ਜਾਂਦੀ ਹੈ, ਮਾਦਾ-ਪ੍ਰਸਤ ਦੁਖੀ ਹੋ ਜਾਂਦੇ ਹਨ। ਏਦੂੰ ਮਗਰੋਂ ਪ੍ਰਲੋਕ ਵਿੱਚ ਤੇ ਰੱਬ ਦੇ ਦਰਬਾਰ ਅੰਦਰ ਅਧਰਮੀਆਂ ਨੂੰ ਕੋਈ ਪਨਾਹ ਨਹੀਂ ਮਿਲਦੀ। ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ ਇਸ ਈਸ਼ਵਾਰੀ ਦੌਲਤ ਦਾ ਸ਼ਾਹੂਕਾਰ ਵਾਹਿਗੁਰੂ ਖੁਦ ਹੀ ਹੈ, ਹੇ ਸਾਧੂਓ! ਜਿਸ ਨੂੰ ਉਹ ਇਹ ਬਖਸ਼ਦਾ ਹੈ, ਕੇਵਲ ਉਹ ਹੀ ਈਸ਼ਵਰੀ ਦੌਲਤ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ। ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ ਇਹ ਵਾਹਿਗੁਰੂ ਦੇ ਪਦਾਰਥ ਦੀ ਕਦਾਚਿੱਤ ਕਮੀ ਨਹੀਂ ਹੁੰਦੀ। ਗੁਰਦੇਵ ਜੀ ਨੇ ਇਹ ਸਮਝ ਗੋਲੇ ਨਾਨਕ ਨੂੰ ਬਖਸ਼ੀ ਹੈ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਸ਼ਾਹੀ। ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ ਜਿਸ ਉਤੇ ਵਾਹਿਗੁਰੂ ਬਹੁਤ ਖੁਸ਼ ਹੈ, ਉਹ ਹੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ। ਉਹ ਹੀ ਸੰਤ ਹੈ ਅਤੇ ਕੇਵਲ ਉਹ ਹੀ ਕਬੂਲ ਪੈਂਦਾ ਹੈ। ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ ਜਿਸ ਦੇ ਅੰਦਰ-ਆਤਮੇ ਬਲਵਾਨ ਅਤੇ ਭਾਗਾਂ ਵਾਲਾ ਸੁਆਮੀ ਵਸਦਾ ਹੈ, ਉਸ ਦੀ ਸ਼ੋਭਾ ਕਿਸ ਤਰ੍ਹਾਂ ਬਿਆਨ ਕੀਤੀ ਜਾ ਸਕਦੀ ਹੈ? ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜ ਕੇ ਤੂੰ ਹੇ ਬੰਦੇ! ਮਾਣਨੀਯ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ। ਠਹਿਰਾਉ। ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ ਉਹ ਹੀ ਸੱਚੇ ਗੁਰੂ ਹਨ ਅਤੇ ਕੇਵਲ ਉਹ ਹੀ ਸੱਚੇ ਗੁਰਾਂ ਦੀ ਫਲਦਾਇਕ ਘਾਲ ਹੈ, ਜਿਨ੍ਹਾਂ ਦੇ ਰਾਹੀਂ ਨਾਮ ਦਾ ਉਚਾ ਖਜਾਨਾ ਪਰਾਪਤ ਹੁੰਦਾ ਹੈ। ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ ਮਾਇਆ ਦੇ ਉਪਾਸ਼ਕ, ਜਿਹੜੇ ਆਪਣੀਆ ਖਾਹਿਸ਼ਾਂ ਅਤੇ ਹੋਰਸ ਦੀ ਪ੍ਰੀਤ ਦੀ ਖਾਤਰ ਮੰਦੀਆਂ ਵਾਸ਼ਨਾਂ ਨੂੰ ਪਾਲਦੇ-ਪੋਸਦੇ ਹਨ, ਉਹ ਸਾਰੇ ਨਿਕੰਮੇ ਅਤੇ ਬੇਸਮਝ ਹਨ। ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ ਜਿਸ ਦੇ ਅੰਦਰ ਭਰੋਸਾ ਹੈ, ਸਫਲ ਹੈ ਉਸ ਦਾ ਸਾਹਿਬ ਦਾ ਜੱਸ ਗਾਇਨ ਕਰਨਾ। ਸਾਹਿਬ ਦੇ ਦਰਬਾਰ ਵਿੱਚ ਉਹ ਇੱਜ਼ਤ ਆਬਰੂ ਪਾਉਂਦਾ ਹੈ। ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ ਜੋ ਸ਼ਰਧਾ ਭਰੋਸੇ ਦੇ ਬਾਝੋਂ ਛਲ, ਦੰਭ ਅਤੇ ਕੂੜ ਕਮਾਉਣ ਲਈ ਆਪਣੀਆਂ ਅੱਖਾਂ ਮੀਚਦੇ ਹਨ, ਉਨ੍ਹਾਂ ਦਾ ਕੂੜਾ ਹੰਕਾਰ ਓੜਕ ਨੂੰ ਲਹਿ ਜਾਏਗਾ। ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ ਮੇਰੀ ਆਤਮਾ ਅਤੇ ਦੇਹ ਸਮੂਹ ਤੇਰੀਆਂ ਹਨ, ਹੇ ਪ੍ਰਭੂ! ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਸਰਬ ਸ਼ਕਤੀਮਾਨ ਕੀਰਤੀਮਾਨ ਮਾਲਕ ਹੈਂ। ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ ਨਫਰ ਨਾਨਕ ਆਖਦੇ ਹੈ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ, ਹੇ ਮੇਰੇ ਸੁਆਮੀ! ਜਿਸ ਤਰ੍ਹਾਂ ਤੂੰ ਮੈਨੂੰ ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ। copyright GurbaniShare.com all right reserved. Email |