Page 746

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
ਮੋਹਤ ਕਰ ਲੈਣ ਵਾਲੇ ਪ੍ਰੀਤਮ ਦਾ ਪਿਆਰ, ਸਾਰਿਆਂ ਪਿਆਰਾਂ ਨਾਲੋਂ ਵੱਡਾ ਹੈ।

ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
ਹੇ ਬੰਦੇ! ਤੂੰ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਹੋਰ ਕੋਈ ਕਿਸੇ ਗਿਣਤੀ ਵਿੱਚ ਨਹੀਂ ਆਪਣੇ ਹਿਰਦੇ ਤੋਂ ਦਵੈਤ-ਭਾਵ ਦਾ ਮਾਰਗ ਤਿਆਗ ਤੇ ਸਾਧੂਆਂ ਨਾਲ ਜੁੜ ਜਾ। ਠਹਿਰਾਉ।

ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥
ਅਦ੍ਰਿਸ਼ਟ ਪ੍ਰਭੂ ਨੇ ਦ੍ਰਿਸ਼ਟਮਾਨ ਸਰੂਪ ਧਾਰਨ ਕਰ ਲਿਆ ਹੈ। ਉਸ ਨੇ ਅਣਗਿਣਤ ਦੇਹ ਕੋਠੜੀਆਂ, ਰੰਗ ਬਰੰਗੀਆਂ ਤੇ ਵੱਖੋਂ ਵੱਖ ਸਰੂਪਾਂ ਦੀਆਂ ਸਾਜੀਆਂ ਹਨ।

ਵਿਚਿ ਮਨ ਕੋਟਵਰੀਆ ॥
ਉਨ੍ਹਾਂ ਅੰਦਰ ਮਨੂਆ, ਕੋਤਵਾਲ ਵਸਦਾ ਹੈ।

ਨਿਜ ਮੰਦਰਿ ਪਿਰੀਆ ॥
ਆਪਣੇ ਮਹਿਲ ਅੰਦਰ ਮੇਰਾ ਪ੍ਰੀਤਮ ਰਹਿੰਦਾ ਹੈ,

ਤਹਾ ਆਨਦ ਕਰੀਆ ॥
ਉਥੇ ਉਹ ਮੌਜਾਂ ਮਾਣਦਾ ਹੈ,

ਨਹ ਮਰੀਆ ਨਹ ਜਰੀਆ ॥੧॥
ਉਹ ਨਾਂ ਮਰਦਾ ਹੈ ਅਤੇ ਨਾਂ ਹੀ ਬੁੱਢਾ ਹੁੰਦਾ ਹੈ।

ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥
ਇਨਸਾਨ ਸੰਸਾਰੀ ਧੰਦਿਆਂ ਅੰਦਰ ਖੱਚਤ ਹੋਇਆ ਹੋਇਆ ਹੈ, ਅਨੇਕਾਂ ਤਰ੍ਹਾਂ ਭਟਕਦਾ ਫਿਰਦਾ ਹੈ ਅਤੇ ਹੋਰਨਾਂ ਦੇ ਮਾਲ ਮਿਲਖ ਨੂੰ ਖੋਂਹਦਾ ਹੈ।

ਬਿਖਨਾ ਘਿਰੀਆ ॥
ਉਹ ਪਾਪਾਂ ਦਾ ਘੇਰਿਆ ਹੋਇਆ ਹੈ।

ਅਬ ਸਾਧੂ ਸੰਗਿ ਪਰੀਆ ॥
ਹੁਣ ਜਦ ਉਹ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ,

ਹਰਿ ਦੁਆਰੈ ਖਰੀਆ ॥
ਅਤੇ ਰੱਬ ਦੇ ਦਰ ਤੇ ਜਾ ਖੜਾ ਹੁੰਦਾ ਹੈ,

ਦਰਸਨੁ ਕਰੀਆ ॥
ਉਹ ਪ੍ਰਭੂ ਦਾ ਦੀਦਾਰ ਦੇਖ ਲੈਂਦਾ ਹੈ।

ਨਾਨਕ ਗੁਰ ਮਿਰੀਆ ॥
ਨਾਨਕ ਗੁਰਦੇਵ ਜੀ ਨੂੰ ਮਿਲ ਪਿਆ ਹੈ,

ਬਹੁਰਿ ਨ ਫਿਰੀਆ ॥੨॥੧॥੪੪॥
ਅਤੇ ਮੁੜ ਪਰਤ ਕੇ ਨਹੀਂ ਆਵੇਗਾ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਰਾਸਿ ਮੰਡਲੁ ਕੀਨੋ ਆਖਾਰਾ ॥
ਸਾਹਿਬ ਨੇ ਇਸ ਜਗਤ ਨੂੰ ਗੋਪੀਆਂ ਦੇ ਨਾਚ ਦਾ ਇਕ ਮੈਦਾਨ ਬਣਾਇਆ ਹੈ।

ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥
ਸਾਰੀ ਰਚਨਾ ਨੂੰ ਰਚ ਕੇ, ਉਸ ਨੇ ਇਸ ਨੂੰ ਉਸ ਵਿੱਚ ਟਿਕਾਇਆ ਹੈ। ਠਹਿਰਾਉ।

ਬਹੁ ਬਿਧਿ ਰੂਪ ਰੰਗ ਆਪਾਰਾ ॥
ਅਨੇਕਾਂ ਤਰੀਕਿਆਂ ਨਾਲ ਉਸ ਨੇ ਬੇਅੰਤ ਸਰੂਪ ਤੇ ਰੰਗਤਾਂ ਬਣਾਈਆਂ ਹਨ।

ਪੇਖੈ ਖੁਸੀ ਭੋਗ ਨਹੀ ਹਾਰਾ ॥
ਆਪਣੀ ਖੇਡ ਨੂੰ ਸਾਈਂ ਆਨੰਦ ਨਾਲ ਵੇਖਦਾ ਹੈ ਅਤੇ ਇਸ ਨੂੰ ਮਾਣਦਾ ਹੋਇਆ ਥੱਕਦਾ ਨਹੀਂ।

ਸਭਿ ਰਸ ਲੈਤ ਬਸਤ ਨਿਰਾਰਾ ॥੧॥
ਸਾਰੇ ਸੁਆਦਾਂ ਨੂੰ ਮਾਣਦਾ ਹੋਇਆ ਉਹ ਨਿਰਲੇਪ ਰਹਿੰਦਾ ਹੈ।

ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥
ਉਸ ਦਾ ਨਾਂ ਕੋਈ ਰੰਗ ਜਾਂ ਚਿੰਨ੍ਹ ਹੈ, ਨਾਂ ਹੀ ਕੋਈ ਮੁੱਖ ਜਾਂ ਦਾੜ੍ਹਾ ਹੈ।

ਕਹਨੁ ਨ ਜਾਈ ਖੇਲੁ ਤੁਹਾਰਾ ॥
ਤੇਰੀ ਖੇਡ, ਹੇ ਸੁਆਮੀ! ਮੈਂ ਵਰਣਨ ਨਹੀਂ ਕਰ ਸਕਦਾ।

ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥
ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਤਉ ਮੈ ਆਇਆ ਸਰਨੀ ਆਇਆ ॥
ਮੇਰੇ ਸਾਈਂ! ਮੈਂ ਤੇਰੇ ਕੋਲ ਆਇਆ ਹਾਂ। ਤੇਰੀ ਪਨਾਹ ਮੈਂ ਲਈ ਹੈ।

ਭਰੋਸੈ ਆਇਆ ਕਿਰਪਾ ਆਇਆ ॥
ਤੇਰੇ ਅਤੇ ਤੇਰੀ ਰਹਿਮਤ ਵਿੱਚ ਨਿਸਚਾ ਧਾਰ ਕੇ, ਮੈਂ ਤੇਰੇ ਕੋਲ ਆਇਆ, ਆਇਆ ਹਾਂ।

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਗੁਰਦੇਵ ਜੀ ਨੇ ਮੈਨੂੰ ਤੇਰੇ ਰਸਤੇ ਤੇ ਟੋਰਿਆ ਹੈ। ਠਹਿਰਾਉ।

ਮਹਾ ਦੁਤਰੁ ਮਾਇਆ ॥
ਤਰਨ ਨੂੰ ਬੜਾ ਔਖਾ ਹੈ ਦੁਨੀਆਂਦਾਰੀ ਦਾ ਸਮੁੰਦਰ,

ਜੈਸੇ ਪਵਨੁ ਝੁਲਾਇਆ ॥੧॥
ਹਨੇਰੀ ਦੇ ਵਗਣ ਵਾਂਗੂ ਇਹ ਪ੍ਰਾਣੀਆਂ ਨੂੰ ਧੱਕੀ ਫਿਰਦਾ ਹੈ।

ਸੁਨਿ ਸੁਨਿ ਹੀ ਡਰਾਇਆ ॥
ਮੇਰਾ ਹਿਰਦਾ ਸਹਿਮ ਗਿਆ ਹੈ ਇਹ ਸੁਣ ਕੇ,

ਕਰਰੋ ਧ੍ਰਮਰਾਇਆ ॥੨॥
ਕਿ ਧਰਮ ਰਾਜਾ ਬਹੁਤ ਸਖਤ ਹੈ।

ਗ੍ਰਿਹ ਅੰਧ ਕੂਪਾਇਆ ॥
ਦੁਨੀਆਂ ਇਕ ਅੰਨ੍ਹੇ ਖੂਹ ਦੀ ਤਰ੍ਹਾਂ ਹੈ।

ਪਾਵਕੁ ਸਗਰਾਇਆ ॥੩॥
ਇਹ ਨਿਰੀ ਪੁਰੀ ਸਾਰੀ ਅੱਗ ਹੀ ਹੈ।

ਗਹੀ ਓਟ ਸਾਧਾਇਆ ॥
ਮੈਂ ਸੰਤਾਂ ਦਾ ਆਸਰਾ ਪਕੜਿਆ ਹੈ।

ਨਾਨਕ ਹਰਿ ਧਿਆਇਆ ॥
ਨਾਨਕ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।

ਅਬ ਮੈ ਪੂਰਾ ਪਾਇਆ ॥੪॥੩॥੪੬॥
ਮੈਂ ਹੁਣ ਪੂਰਨ ਪੁਰਖ ਨੂੰ ਪਾ ਲਿਆ ਹੈ।

ਰਾਗੁ ਸੂਹੀ ਮਹਲਾ ੫ ਘਰੁ ੬
ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥
ਸੁਆਮੀ ਦੇ ਨਾਮ ਦਾ ਆਹਾਰ ਪਰਾਪਤ ਕਰਨ ਲਈ ਮੈਂ ਆਪਣੇ ਸੱਚੇ ਗੁਰਾਂ ਕੋਲ ਪ੍ਰਾਰਥਨਾ ਕਰਦਾ ਹਾਂ।

ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥
ਜਦ ਸੱਚਾ ਸੁਲਤਾਨ ਪ੍ਰਸੰਨ ਹੋ ਜਾਂਦਾ ਹੈ, ਤਦ ਜਗਤ ਦਾ ਬੁਖਾਰ ਉਤੱਰ ਜਾਂਦਾ ਹੈ।

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥
ਤੂੰ ਹੇ ਸੱਚੇ ਕਰਤਾਰ! ਸ਼ਰਧਾਲੂ ਦਾ ਆਸਰਾ ਹੈਂ ਅਤੇ ਸਾਧੂਆਂ ਦੀ ਪਨਾਹ। ਠਹਿਰਾਉ।

ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥
ਸੱਚੀ ਹੈ ਤੇਰੀ ਵਸਤ ਵਲੇਵ ਅਤੇ ਸੱਚੀ ਤੇਰੀ ਦਰਗਾਹ।

ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥
ਸੱਚੇ ਹਨ ਤੇਰੇ ਖਜਾਨੇ ਅਤੇ ਸੱਚਾ ਹੈ ਤੇਰਾ ਖਿਲਾਰਾ।

ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥
ਤੇਰਾ ਸਰੂਪ ਪਹੁੰਚ ਤੋਂ ਪਰੇ ਹੈ ਅਤੇ ਪਰਮ ਸੁੰਦਰ ਹੈ ਤੇਰਾ ਦਰਸ਼ਨ।

ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥
ਮੈਂ ਤੇਰਿਆਂ ਗੋਲਿਆਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਮਿੱਠੜਾ ਲੱਗਦਾ ਹੈ, ਹੇ ਪ੍ਰਭੂ!

copyright GurbaniShare.com all right reserved. Email