Page 748

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥
ਨਾਨਕ ਜੋ ਗੁਰਾਂ ਦੇ ਉਪਦੇਸ਼ ਤਾਬੇ ਹਰੀ ਦਾ ਨਾਮ ਉਚਾਰਦਾ ਹੈ, ਜਿਹੜਾ ਸਾਰਿਆਂ ਦਿਲਾਂ ਵਿੱਚ ਵਸਦਾ ਹੈ, ਉਹ ਕਲਜੁਗ ਅੰਦਰ ਤਰ ਜਾਂਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥
ਉਹ, ਜੋ ਪ੍ਰਭੂ ਦੇ ਪਿਆਰ ਨਾਲ ਰੰਗੀਜੇ ਹਨ, ਉਸ ਨੂੰ ਸਵੀਕਾਰ ਕਰਦੇ ਹਨ, ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ।

ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥
ਜੋ ਸੁਆਮੀ ਦੇ ਪੈਰੀ ਪੈਂਦੇ ਹਨ, ਹਰ ਥਾਂ ਉਨ੍ਹਾਂ ਦੀ ਇੱਜਤ ਆਬਰੂ ਹੁੰਦੀ ਹੈ।

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥
ਮੇਰੇ ਪ੍ਰਭੂ, ਵਾਹਿਗੁਰੂ ਦੇ ਸਾਧੂਆਂ ਜਿੱਡਾ ਵੱਡਾ ਹੋਰ ਕੋਈ ਨਹੀਂ।

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥
ਸ਼ਰਧਾਲੂ ਆਪਣੇ ਸੁਆਮੀ ਨਾਲ ਪ੍ਰਸੰਨ, ਰਹਿੰਦੇ ਹਨ ਅਤੇ ਉਹ ਉਸ ਨੂੰ ਪਾਣੀ, ਧਰਤੀ, ਪਾਤਾਲਾਂ ਅਤੇ ਆਕਾਸ਼ ਅੰਦਰ ਵੇਖਦੇ ਹਨ। ਠਹਿਰਾਉ।

ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥
ਕੋੜ੍ਹਾਂ ਹੀ ਪਾਪੀ ਸਤਿ ਸੰਗਤ ਅੰਦਰ ਤਰ ਜਾਂਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ।

ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥
ਜੋ ਅਨੇਕਾਂ ਜਨਮਾਂ ਤੋਂ ਆਪਣੇ ਵਾਹਿਗੁਰੂ ਨਾਲੋਂ ਵਿਛੜਿਆ ਹੋਇਆ ਹੈ, ਉਸ ਨੂੰ ਸੰਤ ਸੁਆਮੀ ਨਾਲ ਜੋੜ ਦਿੰਦੇ ਹਨ।

ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥
ਸੁਆਮੀ ਉਸ ਦੀ ਧਨ ਦੌਲਤ ਦੀ ਲਗਨ, ਸੰਦੇਹ ਅਤੇ ਡਰ ਨੂੰ ਦੂਰ ਕਰ ਦਿੰਦਾ ਹੈ, ਜੋ ਸਾਧੂਆਂ ਦੀ ਪਨਾਹ ਲੈਂਦਾ ਹੈ।

ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥
ਜਿਸ ਕਿਸੇ ਵੀ ਕਾਮਨਾ ਨਾਲ ਪ੍ਰਾਣੀ ਸਿਮਰਨ ਕਰਦਾ ਹੈ ਉਸ ਨੂੰ ਉਹ ਸਾਧੂਆਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।

ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥
ਸੁਆਮੀ ਦੇ ਗੁਮਾਸ਼ਤਿਆਂ, ਜੋ ਉਸ ਨੂੰ ਚੰਗੇ ਲੱਗਦੇ ਹਨ, ਦੀ ਸ਼ੋਭਾ ਮੈਂ ਕਿਥੋਂ ਤੋੜੀ ਬਿਆਨ ਕਰਾਂ।

ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥
ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਉਹ ਸਾਰਿਆਂ ਤੋਂ ਬੇਮੁਹਤਾਜ ਹੋ ਜਾਂਦੇ ਹਨ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥
ਮੇਰੇ ਪ੍ਰਭੂ ਮੈਂ ਤੇਰੀ ਪਨਾਹ ਲਈ ਹੈ ਅਤੇ ਆਪਣਾ ਹੱਥ ਦੇ ਕੇ, ਤੂੰ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।

ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥
ਆਪਣੇ ਮਨ ਅੰਦਰ, ਮੈਂ ਤੇਰੇ ਬਲ ਤੇ ਯੋਗ ਫਖਰ ਕਰਦਾ ਹਾਂ। ਹੋਰ ਸਾਰੀਆਂ ਉਮੀਦਾਂ ਮੈਂ ਲਾਹ ਸੁੱਟੀਆਂ ਹਨ।

ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥
ਮੇਰੇ ਪਾਤਿਸ਼ਾਹ ਪਰਮੇਸ਼ਰ, ਜਦ ਤੂੰ ਮੇਰੇ ਹਿਰਦੇ ਅੰਦਰ ਆਉਂਦਾ ਹੈ, ਤਦ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।

ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥
ਮੇਰੇ ਵਾਹਿਗੁਰੂ, ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰਾ ਆਸਰਾ। ਤੇਰੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਬਚ ਗਿਆ ਹਾਂ। ਠਹਿਰਾਉ।

ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥
ਤੂੰ ਖੁਦ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਤੂੰ ਮੈਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।

ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥
ਤੂੰ ਮੇਰੀ ਰਖਵਾਲੀ ਕਰਦਾ ਹੈਂ ਅਤੇ ਮੈਨੂੰ ਸਾਰੇ ਆਰਾਮ ਬਖਸ਼ ਕੇ, ਤੂੰ ਖੁਦ ਹੀ ਮੇਰੀ ਪਰਵਰਸ਼ ਕਰਦਾ ਹੈਂ।

ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥
ਸੁਆਮੀ ਨੇ ਆਪਣੀ ਰਹਿਮਤ ਧਾਰੀ ਹੈ ਅਤੇ ਮੇਰੀਆਂ ਬੇੜੀਆਂ ਕੱਟ ਕੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ।

ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥
ਸਾਹਿਬ ਨੇ ਆਪੇ ਹੀ ਮੈਨੂੰ ਆਪਣੇ ਸਿਮਰਨ ਵਿੱਚ ਲਾਇਆ ਹੈ ਅਤੇ ਆਪ ਹੀ ਮੈਨੂੰ ਆਪਣੀ ਚਾਕਰੀ ਵਿੱਚ ਜੋੜਿਆ ਹੈ।

ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥
ਮੇਰਾ ਵਹਿਮ ਮਿਟ ਗਿਆ ਹੈ, ਮੇਰਾ ਡਰ ਤੇ ਮਮਤਾ ਦੂਰ ਹੋ ਗਏ ਹਨ ਅਤੇ ਮੁੱਕ ਗਏ ਹਨ ਮੇਰੇ ਸਾਰੇ ਝੁਰੇਵੇ।

ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
ਨਾਨਕ, ਆਰਾਮ ਬਖਸ਼ਣਹਾਰ ਸਾਹਿਬ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੈਂ ਆਪਣੇ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
ਜਦ ਕੋਈ ਰਚਨਾ ਨਹੀਂ ਸੀ, ਉਦੋਂ ਪ੍ਰਾਣੀ ਕੀ ਕਰਦਾ ਸੀ ਅਤੇ ਕਿਨ੍ਹਾ ਅਮਲਾਂ ਕਰ ਕੇ ਉਸ ਦਾ ਜਨਮ ਹੋਇਆ?

ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥
ਆਪਣੀ ਖੇਡ ਨੂੰ ਸਾਈਂ ਆਪੇ ਹੀ ਸਾਜਦਾ ਹੈ ਅਤੇ ਆਪੇ ਹੀ ਉਸ ਨੂੰ ਵੇਖਦਾ ਹੈ। ਉਸ ਨੇ ਹੀ ਸਾਰੀ ਰਚਨਾ ਰਚੀ ਹੈ।

ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥
ਹੇ ਮੇਰੇ ਪਾਤਿਸ਼ਾਹ ਪਰਮੇਸ਼ਰ! ਮੇਰੇ ਪਾਸੋਂ ਕੁਝ ਭੀ ਨਹੀਂ ਹੋ ਸਕਦਾ।

ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥
ਉਹ ਆਪ ਸਿਰਜਣਹਾਰ ਹੈ ਅਤੇ ਆਪੇ ਹੀ ਬੰਦਿਆਂ ਤੋਂ ਕੰਮ ਕਰਾਉਂਦਾ ਹੈ। ਉਹ ਸਾਈਂ ਹੀ ਸਾਰਿਆਂ ਅੰਦਰਾਂ ਵਸਦਾ ਹੈ। ਠਹਿਰਾਉ।

ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥
ਲੇਖਾ-ਪੱਤਾ ਕਰਨ ਨਾਲ ਮੇਰਾ ਕਦੇ ਭੀ ਬਚਾਅ ਨਹੀਂ ਹੋ ਸਕਦਾ, ਕਿਉਂ ਜੋ ਮੇਰਾ ਸਰੀਰ ਆਰਜ਼ੀ ਤੇ ਬੇਸਮਝ ਹੈ।

ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥
ਹੇ ਮੇਰੇ ਸਰਬ ਸਿਰਜਣਹਾਰ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ। ਅਦਭੁਤ ਹਨ ਤੇਰੀਆਂ ਦਾਤਾਂ।

ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥
ਸਾਰੇ ਪ੍ਰਾਣ ਧਾਰੀ ਤੇਰੇ ਰਚੇ ਹੋਏ ਹਨ, ਹੇ ਪ੍ਰਭੂ! ਅਤੇ ਸਾਰੇ ਦਿਲ ਤੈਨੂੰ ਹੀ ਆਰਾਧਦੇ ਹਨ।

ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥
ਤੇਰੀ ਅਵਸਥਾ ਤੇ ਵਿਸਥਾਰ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥
ਗੁਣ-ਵਿਹੂਣ, ਮੂਰਖ, ਅਹਿਮਕ ਤੇ ਬੇਸਮਝ ਮੈਂ ਹਾਂ, ਨੇਕ ਅਮਲਾਂ ਤੇ ਸੱਚਾਈ ਨੂੰ ਮੈਂ ਜਾਣਦਾ ਹੀ ਨਹੀਂ।

ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥
ਹੇ ਪ੍ਰਭੂ! ਤੂੰ ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ ਅਤੇ ਤੇਰੀ ਰਜ਼ਾ ਉਸ ਨੂੰ ਮਿੱਠੜੀ ਲੱਗੇ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

copyright GurbaniShare.com all right reserved. Email