ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥ ਤੂੰ ਖੁਦ ਹੀ ਸਾਜਦਾ ਅਤੇ ਨਾਸ ਕਰਦਾ ਹੈਂ ਅਤੇ ਕਈਆਂ ਨੂੰ ਤੂੰ ਆਪਣੇ ਨਾਮ ਨਾਲ ਵਡਿਆਉਂਦਾ ਹੈ। ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥ ਸਰੀਰ ਨੂੰ ਮਿੱਟੀ ਵਿੱਚ ਰੁਲਣ ਲਈ ਛੱਡ ਕੇ, ਇਹ ਪਤਾ ਨਹੀਂ ਕਿ ਜੀਅੜਾ ਕਿਥੇ ਚਲਾ ਗਿਆ ਹੈ? ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥ ਉਹ ਸੁਆਮੀ ਖੁਦ ਹੀ ਸਾਰੇ ਰਮ ਰਿਹਾ ਹੈ ਅਤੇ ਇਹ ਹੀ ਵੱਡੀ ਹੈਰਾਨਗੀ ਹੈ। ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥ ਹੇ ਸਾਈਂ! ਦੁਰੇਡੇ ਨਹੀਂ ਤੂੰ! ਅਤੇ ਤੂੰ ਸਾਰਿਆਂ ਨੂੰ ਸਮਝਦਾ ਹੈ। ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥ ਗੁਰਾਂ ਦੀ ਰਹਿਮਤ ਸਦਕਾ ਇਨਸਾਨ ਤੈਨੂੰ ਐਨ ਅੰਗ ਸੰਗ ਵੇਖਦਾ ਹੈ, ਹੇ ਹਰੀ! ਨਿਸਚਿਤ ਹੀ ਤੂੰ ਸਾਰਿਆਂ ਦੇ ਅੰਦਰ ਹੈਂ। ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥ ਤੂੰ ਮੈਨੂੰ ਆਪਣੇ ਨਾਮ ਅੰਦਰ ਵਾਸਾ ਬਖਸ਼ ਤਾਂ ਜੋ ਮੇਰੀ ਆਤਮਾ ਸੀਤਲ ਥੀ ਵੰਝੇ। ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥ ਹੇ ਮੇਰੇ ਸੱਚੇ ਗੁਰਦੇਵ ਜੀ! ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ, ਗੋਲਾ ਨਾਨਕ ਸਦਾ ਸਾਈਂ ਦਾ ਜੱਸ ਗਾਉਂਦਾ ਰਹਾਂ। ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ਰਾਗੁ ਸੂਹੀ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਸੁਆਮੀ ਦੇ ਨਾਮ ਤ5 ਹੀ ਸਾਰਾ ਕੁਛ ਉਤਪੰਨ ਹੋਇਆ ਹੈ। ਸੱਚੇ ਗੁਰਾਂ ਦੇ ਬਗੈਰ ਨਾਮ ਦਾ ਅਨੁਭਵ ਨਹੀਂ ਹੁੰਦਾ। ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਗੁਰਾਂ ਦੀ ਬਾਣੀ ਮਿੱਠੜਾ ਧਰਮ ਅੰਮ੍ਰਿਤ ਹੈ, ਪ੍ਰੰਤੂ ਇਸ ਨੂੰ ਚੱਖਣ ਦੇ ਬਾਝੋਂ ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਕੌਡੀ ਦੀ ਖਾਤਰ ਪ੍ਰਾਣੀ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਆਪਣੇ ਆਪੇ ਨੂੰ ਹੀ ਨਹੀਂ ਸਮਝਦਾ। ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਜੇਕਰ ਬੰਦਾ ਗੁਰਾਂ ਦੇ ਪਾਸੇ ਵੱਲ ਮੁੜ ਪਵੇ, ਤਦ ਉਹ ਇਕ ਸੁਆਮੀ ਨੂੰ ਜਾਣ ਲੈਂਦਾ ਹੈ ਤੇ ਹੰਕਾਰ ਦੀ ਬੀਮਾਰੀ ਉਸ ਨੂੰ ਦੁੱਖ ਨਹੀਂ ਦਿੰਦੀ। ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਕੁਰਬਾਨ ਹਾਂ ਮੈਂ ਆਪਣੇ ਗੁਰਾਂ ਦੇ ਉਤੋਂ, ਜਿਨ੍ਹਾਂ ਨੂੰ ਸੱਚੇ ਸੁਆਮੀ ਨਾਲ ਮੇਰਾ ਪਿਆਰ ਪਾ ਦਿੱਤਾ ਹੈ। ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥ ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਰੌਸ਼ਨ ਹੋ ਗਈ ਹੈ ਤੇ ਹੁਣ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਰਹਿੰਦਾ ਹਾਂ। ਠਹਿਰਾਉ। ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਪਵਿੱਤਰ ਪੁਰਸ਼ ਪ੍ਰਭੂ ਦੀ ਗਾਇਨ ਕਰਦਾ ਹੈ। ਪਵਿੱਤਰ ਪੁਰਸ਼ ਉਸ ਨੂੰ ਅਨੁਭਵ ਕਰਦਾ ਹੈ ਤੇ ਪਵਿੱਤਰ ਪੁਰਸ਼ ਹੀ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ। ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਗੁਰੂ ਜੀ ਆਤਮਾ ਤੇ ਦੇਹ ਨੂੰ ਨਵੇਂ ਸਿਰਿਓਂ ਸੁਰਜੀਤ ਕਰਦੇ ਹਨ ਅਤੇ ਮੁਖੀ ਗੁਰੂ ਜੀ ਹੀ ਸਾਰੇ ਕੰਮ ਰਾਸ ਕਰਦੇ ਹਨ। ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਅੰਨ੍ਹਾ ਅਧਰਮੀ ਮੰਦੇ ਅਮਲ ਕਮਾਉਂਦਾ ਹੈ ਅਤੇ ਜਗਤ ਅੰਦਰ ਨਿਰੀ ਜ਼ਹਿਰ ਹੀ ਖੱਟਦਾ ਹੈ। ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ ਪਰਮ ਲਾਡਲੇ ਗੁਰਾਂ ਦੇ ਬਾਝੋਂ ਉਹ ਧਨ-ਦੌਲਤ ਦੀ ਪ੍ਰੀਤ ਅੰਦਰ ਹਮੇਸ਼ਾਂ ਹੀ ਤਕਲੀਫ ਪਾਉਂਦਾ ਹੈ। ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥ ਕੇਵਲ ਉਹ ਹੀ ਟਹਿਲੂਆ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ। ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥ ਉਹ ਆਪਣੇ ਚਿੱਤ ਅੰਦਰ ਸੱਚੇ ਸੁਆਮੀ, ਉਸ ਦੀ ਸੱਚੀ ਮਹਿਮਾ ਅਤੇ ਉਸ ਦੇ ਸੱਚੇ ਨਾਮ ਦੂਰ ਹੋ ਟਿਕਾਉਂਦਾ ਹੈ। ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥ ਨੇਕ-ਬੰਦਾ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥ ਗੁਰੂ ਜੀ ਖੁਦ ਹੀ ਦਾਤਾਰ ਹਨ ਅਤੇ ਸੱਚੀਆਂ ਹਨ ਉਨ੍ਹਾਂ ਦੀਆਂ ਦਾਤਾ, ਅਤੇ ਉਹ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹਨ। ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥ ਗੁਰੂ-ਸਮਰਪਨ ਦੀ ਸੇਵਾ ਕਰਦਾ ਹੈ, ਗੁਰੂ ਸਮਰਪਨ ਸੁਆਮੀ ਦੀ ਦੌਲਤ ਕਮਾਉਂਦਾ ਹੈ ਤੇ ਗੁਰੂ ਸਮਰਪਨ ਹੋਰਨਾਂ ਤੋਂ ਭੀ ਨਾਮ ਦਾ ਸਿਮਰਨ ਕਰਵਾਉਂਦਾ ਹੈ। ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥ ਗੁਰਾਂ ਦੇ ਦਿੱਤੇ ਹੋਏ ਸ਼ਾਂਤ ਸੁਭਾਅ ਅੰਦਰ, ਅਤੇ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਗੁਰੂ ਸਮਰਪਨ ਹਮੇਸ਼ਾਂ ਨਿਰਲੇਪ ਰਹਿੰਦਾ ਹੈ। ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥ ਆਪ-ਹੁਦਾਰਾ ਹਮੇਸ਼ਾਂ ਝੂਠ ਬਕਦਾ ਹੈ। ਉਹ ਜ਼ਹਿਰ ਬੀਜਦਾ ਹੈ ਅਤੇ ਜ਼ਹਿਰ ਖਾਂਦਾ ਹੈ। ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥ ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ? ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ ਵਾਹਿਗੁਰੂ ਹੀ ਸੱਚਾ ਯਾਤ੍ਰਾ ਅਸਥਾਨ ਹੈ, ਜਿਥੇ ਬੰਦਾ ਸੱਚ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ ਅਤੇ ਉਹ ਖੁਦ ਹੀ ਗੁਰੂ-ਪਿਆਰੇ ਨੂੰ ਇਹ ਗੱਲ ਦਰਸਾ ਦਿੰਦਾ ਹੈ। ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥ ਅਠਾਹਠ ਤੀਰਥ ਅਸਥਾਨ ਪ੍ਰਭੂ ਨੇ ਗੁਰ-ਬਾਣੀ ਅੰਦਰ ਵਿਖਾਲ ਦਿੱਤੇ ਹਨ, ਜਿਸ ਵਿੱਚ ਇਸ਼ਨਾਨ ਕਰਨ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥ ਸੱਚਾ ਅਤੇ ਪਵਿੱਤਰ ਹੈ ਸੱਚਾ ਸਾਹਿਬ। ਉਸ ਨੂੰ ਕੋਈ ਮਲੀਨਤਾ ਚਿਮੜਦੀ ਜਾਂ ਲੱਗਦੀ ਨਹੀਂ। ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥ ਸੁਆਮੀ ਦੀ ਸੱਚੀ ਮਹਿਮਾ ਅਤੇ ਸੱਚੀ ਕੀਰਤੀ ਪੂਰਨ ਗੁਰਾਂ ਪਾਸੋਂ ਪਰਾਪਤ ਹੁੰਦੀਆਂ ਹਨ। ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥ ਦੇਹ ਅਤੇ ਆਤਮਾ ਸਾਰੇ ਉਸ ਹਰੀ ਦੀ ਮਲਕੀਅਤ ਹਨ, ਪ੍ਰੰਤੂ ਖੋਟੀ ਬੁਧੀ ਵਾਲਾ ਪੁਰਸ਼ ਇਸ ਤਰ੍ਹਾਂ ਆਖ ਨਹੀਂ ਸਕਦਾ। ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥ ਜੇਕਰ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਦ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ। ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ ਗੁਰਾਂ ਦਾ ਉਪਦੇਸ਼ ਮੈਂ ਸ਼ਾਂਤੀ ਨਾਲ ਰੱਖਿਆ ਹੈ, ਅਤੇ ਮੇਰੀ ਖਾਹਿਸ਼ ਦੀ ਅੱਗ ਬੁਝ ਗਈ ਹੈ। ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥ ਜੋ ਗੁਰਬਾਣੀ ਨਾਲ ਰੰਗਿਆ ਹੈ, ਉਹ ਅਡੋਲਤਾ ਨਾਲ ਮਸਤ ਹੋ ਜਾਂਦਾ ਹੈ ਅਤੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ। copyright GurbaniShare.com all right reserved. Email |