Page 754

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਅੰਦਰ ਉਹ ਸੁਆਮੀ ਦੇ ਨਾਮ ਨੂੰ ਸੱਚ ਕਰ ਕੇ ਜਾਣਦਾ ਹੈ।

ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥
ਗੁਰਾਂ ਦੇ ਪਾਸੋਂ ਸੱਚੀ ਸ਼ੋਭਾ ਅਤੇ ਸੱਚੇ ਨਾਮ ਦਾ ਪ੍ਰੇਮ ਪਰਾਪਤ ਹੁੰਦੇ ਹਨ।

ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥
ਇਕ ਸੱਚਾ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ, ਪਰ ਕੋਈ ਟਾਂਵਾਂ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ।

ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥
ਜੇਕਰ ਸੁਆਮੀ ਬੰਦੇ ਨੂੰ ਆਪਣੇ ਨਾਲ ਜੋੜਦਾ ਹੈ, ਤਦ ਉਹ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਸੱਚੇ ਅਨੁਰਾਗ ਨਾਲ ਸ਼ਸ਼ੋਭਤ ਕਰਦਾ ਹੈ।

ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥
ਸਮੂਹ ਸੱਚ ਤੇ ਨਰੋਲ ਸੱਚ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ।

ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥
ਪੈਦਾਇਸ਼ ਅਤੇ ਮੌਤ ਪ੍ਰਭੂ ਦੀ ਰਜ਼ਾ ਅੰਦਰ ਹੁੰਦੀਆਂ ਹਨ। ਗੁਰੂ ਸਮਰਪਣ ਆਪਣੇ ਆਪ ਨੂੰ ਸਮਝਦਾ ਹੈ।

ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥
ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ। ਜਿਹੜਾ ਫਲ ਭੀ ਉਹ ਚਾਹੁੰਦਾ ਹੈ, ਉਹ ਉਸੇ ਨੂੰ ਹੀ ਪਾ ਲੈਂਦਾ ਹੈ।

ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥
ਨਾਨਕ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਸੂਹੀ ਮਹਲਾ ੩ ॥
ਸੂਹੀ ਤੀਜੀ ਪਾਤਿਸ਼ਾਹੀ।

ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲੇ ॥
ਪਰਮ ਸੁੰਦਰ ਹੈ, ਉਹ ਦੇਹ ਰੂਪੀ ਪਤਨੀ, ਜਿਸ ਦੇ ਨਾਲ ਉਸ ਦਾ ਪਿਆਰਾ ਪਤੀ ਵਸਦਾ ਹੈ।

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥
ਗੁਰਾਂ ਦੀ ਬਾਣੀ ਦਾ ਧਿਆਨ ਦੁਆਰਾ ਉਹ ਹਮੇਸ਼ਾਂ ਲਈ ਆਪਣੇ ਸੱਚੇ ਪ੍ਰੀਤਮ ਦੀ ਖੁਸ਼ਬਾਸ਼ ਪਤਨੀ ਬਣ ਜਾਂਦੀ ਹੈ।

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥
ਹਮੇਸ਼ਾਂ ਹੀ ਵਾਹਿਗੁਰੂ ਦੀ ਸੇਵਾ ਦੇ ਪ੍ਰੇਮ ਨਾਲ ਰੰਗੀ ਹੋਈ, ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਸਾਝ ਸੁਟਦੀ ਹੈ।

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥
ਸੁਬਹਾਨ! ਸੁਬਹਾਨ! ਹੈ ਪੂਰਨ ਗੁਰਾਂ ਦੀ ਗੁਰਬਾਣੀ,

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥
ਇਹ ਪੂਰਨ ਗੁਰਾਂ ਤੋਂ ਉਤਪੰਨ ਹੁੰਦੀ ਹੈ ਅਤੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥
ਸਰੀਰ ਵਿੱਚ ਸਾਰੇ ਮਹਾਂਦੀਪ, ਸੰਸਾਰ ਅਤੇ ਪਇਆਲ ਵਸਦੇ ਹਨ।

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥
ਦੇਹ ਵਿੱਚ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ ਨਿਵਾਸ ਰੱਖਦਾ ਹੈ, ਜੋ ਸਾਰਿਆਂ ਦੀ ਪਰਵਰਸ਼ ਕਰਦਾ ਹੈ।

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹ੍ਹਾਲਾ ॥੨॥
ਸਦੀਵ ਹੀ ਕੀਰਤੀਮਾਨ ਹੈ ਉਹ ਦੇਹ-ਪਤਨੀ, ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰਦੀ ਹੈ।

ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥
ਸਰੀਰ ਦੇ ਵਿੱਚ ਸਾਈਂ ਖੁਦ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ।

ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥
ਮੂਰਖ ਅਧਰਮੀ ਇਸ ਗੱਲ ਨੂੰ ਨਹੀਂ ਸਮਝਦਾ ਅਤੇ ਉਸ ਨੂੰ ਲੱਭਣ ਲਈ ਬਾਹਰ ਜਾਂਦਾ ਹੈ।

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ। ਸੱਚੇ ਗੁਰਾਂ ਨੇ ਮੈਨੂੰ ਅਡਿੱਠ ਸਾਈਂ ਵਿਖਾਲ ਦਿੱਤਾ ਹੈ।

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥
ਸਰੀਰ ਵਿੱਚ ਅਮੁੱਲੀ ਦੌਲਤ ਅਤੇ ਸੁਆਮੀ ਦੇ ਸਿਮਰਨ ਦੇ ਭਰਪੂਰ ਖਜਾਨੇ ਹਨ।

ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥
ਇਸ ਸਰੀਰ ਵਿੱਚ ਧਰਤੀ ਦੇ ਨੌ ਖਿੱਤੇ, ਦੁਕਾਨਾਂ ਕਸਬੇ ਅਤੇ ਬਾਜ਼ਾਰ ਹਨ।

ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥
ਇਸ ਦੇਹੀ ਅੰਦਰ ਨਾਮ ਦੇ ਖਜਾਨੇ ਹਨ ਅਤੇ ਉਹ ਗੁਰ-ਸ਼ਬਦ ਦਾ ਧਿਆਨ ਧਾਰਨ ਦੁਆਰਾ ਪਰਾਪਤ ਹੁੰਦੇ ਹਨ।

ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥
ਦੇਹੀ ਅੰਦਰ ਪ੍ਰਭੂ (ਸਾਡੀਆਂ ਨੇਕੀਆਂ ਦੇ) ਭਾਰ ਦਾ ਅੰਦਾਜਾ ਲਾਉਂਦਾ ਹੈ ਅਤੇ ਉਹ ਖੁਦ ਹੀ ਜੋਖਣ ਵਾਲਾ ਹੈ।

ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥
ਇਹ ਮਨ, ਹੀਰਾ, ਜਵੇਹਰ ਅਤੇ ਲਾਲ ਹੈ, ਬਹੁਤ ਹੀ ਜ਼ਿਆਦਾ ਹੈ ਜਿਸ ਦਾ ਮੁੱਲ।

ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥
ਕਿਸੇ ਮੁੱਲ ਭੀ ਇਨਸਾਨ ਨੂੰ ਨਾਮ ਪਰਾਪਤ ਨਹੀਂ ਹੁੰਦਾ। ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਪਾਇਆ ਜਾਂਦਾ ਹੈ।

ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥
ਜੋ ਗੁਰਾਂ ਵੱਲ ਰੁਖ ਕਰਦਾ ਹੈ, ਉਹ ਆਪਣੀ ਦੇਹ ਦੀ ਖੋਜ-ਭਾਲ ਕਰਦਾ ਹੈ। ਹੋਰ ਸਾਰੇ ਸੰਦੇਹ ਅੰਦਰ ਭੁਲੇ ਹੋਏ ਹਨ।

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥
ਜਿਸ ਨੂੰ ਸੁਆਮੀ ਦਿੰਦਾ ਹੈ, ਕੇਵਲ ਓਹੀ ਪੁਰਸ਼ ਹੀ ਨਾਮ ਨੂੰ ਪਾਉਂਦਾ ਹੈ। ਹੋਰ ਕਿਹੜੀ ਚਲਾਕੀ ਕਿਸੇ ਕੰਮ ਆ ਸਕਦੀ ਹੈ?

ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥
ਦੇਹੀ ਵਿੱਚ ਪ੍ਰਭੂ ਦਾ ਡਰ ਅਤੇ ਪ੍ਰੇਮ ਵਸਦੇ ਹਨ। ਗੁਰਾਂ ਦੀ ਰਹਿਮਤ ਸਦਕਾ ਉਹ ਪਾਏ ਜਾਂਦੇ ਹਨ।

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥
ਦੇਹ ਦੇ ਅੰਦਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਹਨ, ਜੋ ਸਾਰੇ ਜੱਗ ਦੇ ਸਿਰਜਣਹਾਰ ਆਖੇ ਜਾਂਦੇ ਹਨ।

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥
ਸੱਚੇ ਸੁਆਮੀ ਨੇ ਖੇਡ ਸਾਜੀ ਹੈ ਅਤੇ ਸੰਸਾਰ ਨੂੰ ਜੰਮਣ ਰਾਹੀਂ ਹੀ ਕਲਿਆਣਾ ਪਰਾਪਤ ਹੁੰਦਾ ਹੈ।

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥
ਪੂਰਨ ਸੱਚੇ ਗੁਰਾਂ ਨੇ ਖੁਦ ਵਿਖਾ ਦਿੱਤਾ ਹੈ ਕਿ ਨਾਮ ਰਾਹੀਂ ਹੀ ਕਲਿਆਣ ਪਰਾਪਤ ਹੁੰਦਾ ਹੈ।

ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥
ਉਹ ਦੇਹੀ ਜਿਹੜੀ ਸੱਚੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਸੱਚਾ ਮਾਲਕ ਖੁਦ ਸ਼ਸ਼ੋਭਤ ਕਰਦਾ ਹੈ।

ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥
ਨਾਮ ਦੇ ਬਗੈਰ ਇਨਸਾਨ ਨੂੰ ਸਾਈਂ ਦੇ ਦਰਬਾਰ ਵਿੱਚ ਪਨਾਹ ਨਹੀਂ ਮਿਲਦੀ ਅਤੇ ਯਮ ਉਸ ਨੂੰ ਦੁਖੀ ਕਰਦਾ ਹੈ।

ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥
ਨਾਨਕ, ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ, ਉਹ ਸੱਚੀ ਸ਼ੋਭਾ ਨੂੰ ਪਰਾਪਤ ਹੋ ਜਾਂਦਾ ਹੈ।

copyright GurbaniShare.com all right reserved. Email