Page 756

ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਿ ॥
ਸੱਚਾ ਹੈ ਵੱਡਾ ਸੁਦਾਗਰ ਅਤੇ ਸੱਚੇ ਉਸ ਦੇ ਵਪਾਰੀ। ਝੂਠੇ ਉਥੇ ਠਹਿਰ ਨਹੀਂ ਸਕਦੇ।

ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥
ਉਹ ਸੱਚ ਨੂੰ ਪਿਆਰ ਨਹੀਂ ਕਰਦੇ ਅਤੇ ਮਹਾਂਕਸ਼ਟਾਂ ਅੰਦਰ ਹੀ ਨਸ਼ਟ ਹੋ ਜਾਂਦੇ ਹਨ।

ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥
ਹੰਕਾਰ ਨਾਲ ਪਲੀਤ ਹੋਇਆ ਹੋਇਆ ਬੰਦਾ ਭਟਕਦਾ ਫਿਰਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।

ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥
ਉਹ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਕੰਮ ਕਰਦਾ ਹੈ, ਜਿਨ੍ਹਾਂ ਨੂੰ ਕਿ ਕੋਈ ਮੇਟ ਨਹੀਂ ਸਕਦਾ।

ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥
ਜੇਕਰ ਉਹ ਸਾਧ ਸੰਗਤ ਨਾਲ ਜੁੜਿਆ ਰਹੇ ਤਦ ਉਸ ਦਾ ਸੱਚ ਨਾਲ ਪ੍ਰੇਮ ਪੈ ਜਾਂਦਾ ਹੈ।

ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥
ਸੱਚੇ ਸੁਆਮੀ ਦੀ ਸੱਚੇ ਦਿਲ ਨਾਲ ਸਿਫ਼ਤ ਕਰਨ ਦੁਆਰਾ ਇਨਸਾਨ ਸੱਚੇ ਦਰਬਾਰ ਅੰਦਰ ਸੱਚਾ ਹੋ ਜਾਂਦਾ ਹੈ।

ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥
ਪੂਰਨ ਹੈ ਪੂਰਨ ਗੁਰਾਂ ਦਾ ਉਪਦੇਸ਼। ਦਿਨ ਤੇ ਰੈਣ ਤੂੰ ਨਾਮ ਦਾ ਸਿਮਰਨ ਕਰ, ਹੇ ਇਨਸਾਨ!

ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥
ਹੰਗਤਾ ਅਤੇ ਅਪਣੱਤ ਵੱਡੀਆ ਬੀਮਾਰੀਆਂ ਹਨ। ਆਪਣੇ ਅੰਦਰੋਂ ਤੂੰ ਇਨ੍ਹਾਂ ਨੂੰ ਵਰਜ ਅਤੇ ਦੂਰ ਕਰ।

ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥
ਮੈਂ ਆਪਣੇ ਗੁਰਾਂ ਦੀ ਸਿਫ਼ਤ ਕਰਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਪੈਰੀ ਡਿਗਦਾ ਹੈ।

ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥
ਸਵੈ-ਹੰਗਤਾ ਨੂੰ ਆਪਣੇ ਅਦਰੋਂ ਦੂਰ ਕਰਕੇ, ਮੈਂ ਆਪਣੀ ਦੇਹ ਤੇ ਆਤਮਾ ਨੂੰ ਸਮਰਪਣ ਕਰਦਾ ਅਤੇ ਉਨ੍ਹਾਂ ਨੂੰ ਗੁਰਾਂ ਦੇ ਮੂਹਰੇ ਰੱਖਦਾ ਹਾਂ।

ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥
ਦੁਚਿਤੇ-ਪਣ ਦੀ ਅਵਸਥਾ ਵਿੱਚ ਬੰਦਾ ਤਬਾਹ ਹੋ ਜਾਂਦਾ ਹੈ। ਇਸ ਲਈ ਤੂੰ ਆਪਣੀ ਬਿਰਤੀ ਕੇਵਲ ਇਕ ਸਾਈਂ ਨਾਲ ਜੋੜ।

ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥
ਤੂੰ ਆਪਣੀ ਹੰਗਤਾ ਅਤੇ ਅਪਣੱਤ ਨੂੰ ਤਿਆਗ ਦੇ, ਕੇਵਲ ਤਦ ਹੀ ਤੂੰ ਸੱਚ ਅੰਦਰ ਲੀਨ ਰਹੇਂਗਾ।

ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥
ਜੋ ਸੱਚੇ ਗੁਰਾਂ ਨੂੰ ਮਿਲਦੇ ਹਨ, ਉਹ ਮੇਰੇ ਭਰਾ ਹਨ। ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।

ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥
ਜੋ ਸੱਚੇ ਸਾਈਂ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਜੁਦਾ ਨਹੀਂ ਹੁੰਦੇ। ਸਾਈਂ ਦੇ ਦਰਬਾਹ ਵਿੱਚ ਉਹ ਸੱਚੇ ਦਿਸਦੇ ਹਨ।

ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥
ਉਹ ਮੇਰੇ ਵੀਰ ਹਨ ਅਤੇ ਉਹ ਹੀ ਮੇਰੇ ਮਿੱਤਰ, ਜਿਹੜੇ ਸੱਚੇ ਮਾਲਕ ਦੀ ਘਾਲ ਘਾਲਦੇ ਹਨ।

ਅਵਗਣ ਵਿਕਣਿ ਪਲ੍ਹ੍ਹਰਨਿ ਗੁਣ ਕੀ ਸਾਝ ਕਰੰਨ੍ਹ੍ਹਿ ॥੨੫॥
ਉਹ ਆਪਣੇ ਪਰਾਲੀ ਵਰਗੇ ਪਾਪਾਂ ਨੂੰ ਵੇਚ (ਸਾੜ) ਸੁੱਟਦੇ ਹਨ ਅਤੇ ਨੇਕੀਆਂ ਨਾਲ ਭਾਈਵਾਲੀ ਕਰਦੇ ਹਨ।

ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥
ਨੇਕੀਆਂ ਦੀ ਸੰਗਤ ਅੰਦਰ ਪ੍ਰਸੰਨਤਾ ਉਤਪੰਨ ਹੁੰਦੀ ਹੈ ਅਤੇ ਉਹ ਪ੍ਰੇਮ-ਮਈ ਸੇਵਾ ਕਮਾਉਂਦੇ ਹਨ।

ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚ ਦਾ ਵਾਪਾਰ ਕਰਦੇ ਹਨ ਅਤੇ ਸਾਈਂ ਦੇ ਨਾਮ ਦਾ ਨਫਾ ਕਮਾਉਂਦੇ ਹਨ।

ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥
ਸੋਨਾ ਤੇ ਚਾਂਦੀ ਗੁਨਾਹ ਕਮਾ ਕੇ ਇਕੱਤਰ ਕੀਤੇ ਜਾਂਦੇ ਹਨ ਪਰ ਉਹ ਬੰਦੇ ਦੇ ਤੁਰਨ ਵੇਲੇ ਉਸ ਦੇ ਨਾਲ ਨਹੀਂ ਜਾਂਦੇ।

ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥
ਰੱਬ ਦੇ ਨਾਮ ਦੇ ਬਾਝੋਂ ਕੁਛ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ। ਮੌਤ ਦਾ ਦੂਤ ਸਾਰਿਆਂ ਨੂੰ ਠੱਗ ਲੈਂਦਾ ਹੈ।

ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹ੍ਹਾਲਿ ॥
ਵਾਹਿਗੁਰੂ ਦਾ ਨਾਮ ਆਤਮਾ ਦਾ ਸਫਰ-ਖਰਚ ਹੈ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖ।

ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥
ਇਹ ਸਫਰ-ਖਰਚ ਅਮੁਕ ਹੈ ਅਤੇ ਗੁਰੂ ਸਮਰਪਣਾਂ ਦਾ ਸਾਥ ਦਿੰਦਾ ਹੈ।

ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥
ਆਦਿ ਪੁਰਖ ਨੂੰ ਭੁਲਾ ਕੇ, ਨੀ ਮੇਰੀ ਜਿੰਦੜਹੈ! ਤੂੰ ਆਪਣੀ ਇੱਜ਼ਤ-ਆਬਰੂ ਗੁਆ ਕੇ ਟੁਰ ਜਾਏਂਗੀ।

ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥
ਇਹ ਸੰਸਾਰ ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਹੇ ਬੰਦੇ! ਸੱਚੇ ਸੁਆਮੀ ਦਾ ਸਿਮਰਨ ਕਰ।

ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥
ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਵਾਹਿਗੁਰੂ ਦੀ ਮਹਿਮਾ ਲਿਖੀ ਜਾ ਸਕਦੀ ਹੈ।

ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥
ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਦੀ ਆਤਮਾ ਤੇ ਦੇਹ ਰੰਗੇ ਜਾਂਦੇ ਹਨ ਤੇ ਉਹ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ।

ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥
ਖਿਲੰਦੜਾ ਹੈ ਉਹ ਮੇਰਾ ਕੰਤ, ਉਸ ਨੇ ਖੁਦ-ਬਖੁਦ ਹੀ ਮੈਨੂੰ ਆਪਣੇ ਪ੍ਰੇਮ ਨਾਲ ਰੰਗ ਦਿੱਤਾ ਹੈ।

ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥
ਜੇਕਰ ਪਤਨੀ ਆਪਣੇ ਪਤੀ ਦੀ ਹੋਂਦ ਅੰਦਰ ਲੀਨ ਹੋ ਜਾਵੇ, ਤਦ ਉਹ ਉਸ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।

ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥
ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ, ਉਹ ਸੁਆਮੀ ਨੂੰ ਮਿਲ ਪੈਂਦੇ ਹਨ, ਭਾਵੇਂ ਉਹ ਚਿਰੋਕੇ ਵਿਛੁੜੇ ਹੋਏ ਭੀ ਕਿਉਂ ਨਾਂ ਹੋਣ।

ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥
ਹਿਰਦੇ ਅੰਦਰ ਨਾਮ ਦੇ ਨੌ ਖਜਾਨੇ ਹਨ ਜੋ ਖਾਣ ਅਤੇ ਖਰਚਣ ਦੁਆਰਾ ਮੁਕਦੇ ਨਹੀਂ। ਉਹ ਆਰਾਮ ਨਾਲ ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦੇ ਹਨ।

ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥
ਉਹ ਜੰਮਦੇ ਨਹੀਂ, ਨਾਂ ਹੀ ਉਹ ਮਰਦੇ ਹਨ, ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।

ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥
ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਆਪਣੇ ਵਾਹਿਗੁਰੂ ਨਾਲ ਮੌਜਾਂ ਮਾਣਦੇ ਹਨ।

ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥
ਜੋ ਰਾਤ ਦਿਨ ਆਪਣੇ ਪ੍ਰਭੂ ਮਿੱਤਰ ਨਾਲ ਇਕਸੁਰ ਰਹਿੰਦੇ ਹਨ, ਉਹ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਮੁੜ ਜੁਦਾ ਨਹੀਂ ਹੁੰਦੇ।

ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥
ਹੇ ਨਾਨਕ! ਇਸ ਸੰਸਾਰ ਅੰਦਰ ਬਹੁਤ ਹੀ ਥੋੜੇ ਇਹੋ ਜਿਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ।

ਸੂਹੀ ਮਹਲਾ ੩ ॥
ਸੂਹੀ ਤੀਜੀ ਪਾਤਿਸ਼ਾਹੀ।

ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥
ਮਹਾਰਾਜ ਸੁਆਮੀ ਪਰਮ-ਮਹੀਨ ਤੇ ਪਹੁੰਚ ਤੋਂ ਪਰੇ ਹੈ। ਕਿਸ ਤਰੀਕੇ ਨਾਲ ਇਨਸਾਨ ਉਸ ਨੂੰ ਮਿਲ ਸਕਦਾ ਹੈ।

ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਸੰਦੇਹ ਨਵਿਰਤ ਹੋ ਜਾਂਦਾ ਹੈ ਅਤੇ ਚਿੰਤਾ-ਰਹਿਤ ਸਾਈਂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥
ਗੁਰੂ-ਸਮਰਪਣ, ਸੁਆਮੀ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ।

copyright GurbaniShare.com all right reserved. Email