Page 759

ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥
ਸੱਚੇ ਗੁਰੂ ਜੀ ਨੇਕੀ ਅਤੇ ਪ੍ਰਭੂ ਦੇ ਨਾਮ ਦੇ ਸਮੁੰਦਰ ਹਨ, ਉਨ੍ਹਾਂ ਨੂੰ ਵੇਖਣ ਦਾ ਮੈਨੂੰ ਬੜਾ ਉਤਸ਼ਾਹ ਹੈ।

ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥
ਉਸ ਦੇ ਬਗੈਰ ਮੈਂ ਇਕ ਮੁਹਤ ਭਰ ਲਈ ਭੀ ਜਿਊ ਨਹੀਂ ਸਕਦਾ। ਉਸ ਨੂੰ ਵੇਖਣ ਦੇ ਬਾਝੋਂ ਮੈਂ ਮਰ ਮੁਕਦਾ ਹਾਂ।

ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥
ਜਿਸ ਤਰ੍ਹਾਂ ਮੱਛੀ ਕਿਸੇ ਤਰੀਕੇ ਨਾਲ ਭੀ ਜਲ ਦੇ ਬਾਝੋਂ ਰਹਿ ਨਹੀਂ ਸਕਦੀ,

ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥
ਇਸੇ ਤਰ੍ਹਾਂ ਹੀ ਸਾਧੂ ਰੱਬ ਦੇ ਨਾਮ ਦੇ ਬਗੈਰ ਬਚ ਨਹੀਂ ਸਕਦਾ। ਆਪਣੇ ਸਾਈਂ ਦੇ ਨਾਮ ਦੇ ਬਗੈਰ ਉਹ ਮਰ ਜਾਂਦਾ ਹੈ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥
ਮੇਰੀ ਸੱਚੇ ਗੁਰਾਂ ਨਾਲ ਪ੍ਰੀਤ ਹੈ। ਗੁਰਾਂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?

ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥
ਮੈਨੂੰ ਗੁਰਾਂ ਦੀ ਬਾਣੀ ਦਾ ਆਸਰਾ ਹੈ। ਗੁਰਬਾਣੀ ਨਾਲ ਜੁੜ ਕੇ ਹੀ ਮੈਂ ਵਸਦਾ ਹਾਂ।

ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥
ਸੁਆਮੀ ਮਾਲਕ ਦਾ ਨਾਮ ਹੀਰਾ ਹੈ। ਆਪਣੀ ਪਰਸੰਨਤਾ ਦੁਆਰਾ, ਗੁਰਾਂ ਨੇ ਮੈਨੂੰ ਇਹ ਬਖਸ਼ਿਆ ਹੈ, ਹੇ ਮੇਰੀ ਅੰਮੜੀਏ!

ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥
ਮੇਰਾ ਆਸਰਾ ਕੇਵਲ ਸੱਚਾ ਨਾਮ ਹੀ ਹੈ। ਸੁਆਮੀ ਦੇ ਨਾਮ ਦੇ ਪ੍ਰੇਮ ਅੰਦਰ ਹੀ ਮੈਂ ਲੀਨ ਰਹਿੰਦਾ ਹਾਂ।

ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
ਗੁਰਾਂ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਸੁਆਮੀ ਦੇ ਨਾਮ ਦੀ ਦੌਲਤ ਹੈ ਅਤੇ ਸੁਆਮੀ ਦਾ ਨਾਮ ਹੀ ਗੁਰੂ ਜੀ ਬੰਦੇ ਦੇ ਅੰਦਰ ਪੱਕਾ ਕਰਦੇ ਹਨ।

ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥
ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ ਅਤੇ ਜੋ ਗੁਰਾਂ ਦੇ ਪੈਰੀ ਆ ਡਿੱਗਦਾ ਹੈ।

ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥
ਅਕਹਿ ਹੈ ਸਾਖੀ ਈਸ਼ਵਰੀ-ਪਿਆਰ ਦੀ। ਮੇਰਾ ਕੋਈ ਮਿੱਤਰ ਆ ਕੇ ਇਸ ਨੂੰ ਦੱਸੇ।

ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
ਉਸ ਨੂੰ ਮੈਂ ਆਪਣੀ ਆਤਮਾ ਅਰਪਣ ਕਰਦਾ ਹਾਂ, ਅਤੇ ਨੀਵਾਂ ਝੁਕ ਕੇ ਉਸ ਦੇ ਪੈਰੀ ਪੈਂਦਾ ਹਾਂ।

ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥
ਕੇਵਲ ਤੂੰ ਹੀ ਮੇਰਾ ਮਿੱਤਰ ਹੈ, ਹੇ ਮੇਰੇ ਸਰਬ-ਸ਼ਕਤਮਾਨ ਅਤੇ ਸਰਬੱਗ ਸਿਰਜਣਹਾਰ!

ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥
ਤੂੰ ਮੈਨੂੰ ਮੇਰੇ ਯਾਰ ਗੁਰਾਂ ਨਾਲ ਜੋੜ ਦਿੱਤਾ ਹੈ। ਸਦੀਵ, ਸਦੀਵ ਹੀ ਤੂੰ ਮੇਰਾ ਆਸਰਾ ਹੈਂ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
ਅਨੰਤ ਅਤੇ ਅਮਰ ਹੈ ਮੇਰਾ ਸੱਚਾ ਗੁਰੂ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
ਉਹ ਖੁਦ ਸਦੀਵ ਸਥਿਰ ਸੁਆਮੀ ਹੈ, ਜੋ ਸਾਰਿਆਂ ਅੰਦਰ ਰਵਿ ਰਹਿਆ ਹੈ।

ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥
ਮੈਂ ਸਾਈਂ ਦੇ ਨਾਮ ਦੀ ਦੌਲਤ ਇਕੱਤਰ ਕੀਤੀ ਹੈ ਅਤੇ ਸਹੀ ਸਲਾਮਤ ਹੈ ਮੇਰਾ ਮਾਲ ਤੇ ਸੌਦਾ ਸੂਤ।

ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
ਹੇ ਨਾਨਕ! ਪੂਰਨ ਗੁਰਾਂ ਨੇ ਮੈਨੂੰ ਨਿਵਾਜਿਆ ਹੈ ਅਤੇ ਮੈਂ ਪ੍ਰਭੂ ਦੇ ਦਰਬਾਹ ਅੰਦਰ ਪ੍ਰਮਾਣੀਕ ਹੋ ਗਿਆ ਹਾਂ।

ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧
ਰਾਗ ਸੂਹੀ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਉਰਝਿ ਰਹਿਓ ਬਿਖਿਆ ਕੈ ਸੰਗਾ ॥
ਆਦਮੀ ਪਾਪ ਦੀ ਸੁਹਬਤ ਅੰਦਰ ਫਾਬਾ ਹੋਇਆ ਹੈ।

ਮਨਹਿ ਬਿਆਪਤ ਅਨਿਕ ਤਰੰਗਾ ॥੧॥
ਅਨੇਕਾਂ ਲਹਿਰਾਂ ਮਨੂਏ ਨੂੰ ਵਿਆਕੁਲ ਕਰਦੀਆਂ ਹਨ।

ਮੇਰੇ ਮਨ ਅਗਮ ਅਗੋਚਰ ॥
ਹੇ ਮੇਰੀ ਜਿੰਦੜੀਏ! ਤੂੰ ਕਿਸ ਤਰ੍ਹਾਂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰੇ,

ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥
ਅਤੇ ਪੂਰੇ ਪ੍ਰਭੂ ਨੂੰ ਪਰਾਪਤ ਕਰੇਂਗੀ? ਠਹਿਰਾਉ।

ਮੋਹ ਮਗਨ ਮਹਿ ਰਹਿਆ ਬਿਆਪੇ ॥
ਇਨਸਾਨ ਸੰਸਾਰੀ ਮਮਤਾ ਦੀ ਮਸਤੀ ਅੰਦਰ ਖਚਤ ਹੋਇਆ ਹੋਇਆ ਹੈ,

ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥
ਅਤੇ ਉਸ ਦੀ ਤੀਬਰ ਖਾਹਿਸ਼ ਕਦਾਚਿਤ ਤ੍ਰਿਪਤ ਨਹੀਂ ਹੁੰਦੀ।

ਬਸਇ ਕਰੋਧੁ ਸਰੀਰਿ ਚੰਡਾਰਾ ॥
ਗੁੱਸਾ, ਚੰਡਾਲ, ਦੇਹ ਦੇ ਅੰਦਰ ਵਸਦਾ ਹੈ।

ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥
ਆਤਮਕ ਬੇਸਮਝ ਦੇ ਗੂੜ੍ਹੇ ਅਨ੍ਹੇਰ ਅੰਦਰ ਪ੍ਰਾਣੀ ਨੂੰ ਕੁਝ ਵੀ ਦਿਸਦਾ ਨਹੀਂ।

ਭ੍ਰਮਤ ਬਿਆਪਤ ਜਰੇ ਕਿਵਾਰਾ ॥
ਸੰਦੇਹ ਅੰਦਰ ਖੱਚਤ ਹੋਣ ਦੇ ਦਰਵਾਜੇ ਜੜੇ ਹੋਏ ਹਨ।

ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥
ਇਸ ਲਈ ਪ੍ਰਾਣੀ ਸੁਆਮੀ ਦੇ ਦਰਬਾਰ ਵਿੱਚ ਜਾ ਨਹੀਂ ਸਕਦਾ।

ਆਸਾ ਅੰਦੇਸਾ ਬੰਧਿ ਪਰਾਨਾ ॥
ਉਮੀਦ ਅਤੇ ਡਰ ਨੇ ਪ੍ਰਾਣੀ ਨੂੰ ਬੰਨਿ੍ਹਆ ਹੋਇਆ ਹੈ,

ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥
ਇਸ ਲਈ ਉਹ ਅਸਥਿਰਤਾ ਨੂੰ ਨਹੀਂ ਪਾਉਂਦਾ ਅਤੇ ਪਰਾਇਆ ਦੀ ਤਰ੍ਹਾਂ ਭਟਕਦਾ ਫਿਰਦਾ ਹੈ।

ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥
ਉਹ ਸਾਰਿਆਂ ਰੋਗਾਂ ਦੇ ਕਾਬੂ ਵਿੱਚ ਆਇਆ ਹੋਇਆ ਹੈ।

ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥
ਮੱਛੀ ਦੇ ਪਾਣੀ ਤੋਂ ਬਾਹਰ ਹੋਣ ਦੀ ਤਰ੍ਹਾਂ ਉਹ ਤਿਹਾਇਆ ਭਟਕਦਾ ਫਿਰਦਾ ਹੈ।

ਕਛੂ ਸਿਆਨਪ ਉਕਤਿ ਨ ਮੋਰੀ ॥
ਮੇਰੇ ਪੱਲੇ ਕੋਈ ਦਾਨਾਈ ਜਾਂ ਦਲੀਲ ਨਹੀਂ।

ਏਕ ਆਸ ਠਾਕੁਰ ਪ੍ਰਭ ਤੋਰੀ ॥੭॥
ਹੇ ਮੇਰੇ ਸੁਆਮੀ ਮਾਲਕ! ਤੂੰ ਹੀ ਮੇਰੀ ਕੱਲਮਕੱਲੀ ਆਸ ਉਮੀਦ ਹੈਂ।

ਕਰਉ ਬੇਨਤੀ ਸੰਤਨ ਪਾਸੇ ॥
ਸਾਧੂਆਂ ਕੋਲ ਪ੍ਰਾਰਥਨਾ ਕਰਦਾ ਹੈ,

ਮੇਲਿ ਲੈਹੁ ਨਾਨਕ ਅਰਦਾਸੇ ॥੮॥
ਨਾਨਕ ਅਤੇ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ, ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।

ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥
ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪਰਾਪਤ ਹੋ ਗਈ ਹੈ।

ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥
ਪੂਰਨ ਪ੍ਰਭੂ ਨੂੰ ਪਰਾਪਤ ਕਰ ਕੇ, ਨਾਨਕ ਸੰਤੁਸ਼ਟ ਹੋ ਗਿਆ ਹੈ। ਠਹਿਰਾਉ ਦੂਜਾ।

copyright GurbaniShare.com all right reserved. Email