Page 762

ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥
ਅਨੇਕਾਂ ਹੀ ਆਉਂਦੇ ਅਤੇ ਜਾਂਦੇ ਹਨ। ਉਹ ਮਰ ਕੇ, ਟੁਰ ਜਾਂਦੇ ਅਤੇ ਮੁੜ ਜੰਮਦੇ ਹਨ।

ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥
ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਸਾਰਾ ਕੁਛ ਬੇਫਾਇਦਾ ਹੈ ਅਤੇ ਉਹ ਜੂਨੀਆਂ ਅੰਦਰ ਭਟਕਦੇ ਹਨ।

ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥
ਜਿਨ੍ਹਾਂ ਤੇ ਪ੍ਰਭੂ ਮਇਆਵਾਨ ਹੋ ਜਾਂਦਾ ਹੈ, ਉਹ ਸਤਿ ਸੰਗਤ ਨੂੰ ਪਰਾਪਤ ਹੋ ਜਾਂਦੇ ਹਨ।

ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥
ਉਹ ਪੁਰਸ਼ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰਦੇ ਹਨ।

ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥
ਅਨੇਕਾਂ, ਘਣੇਰੇ, ਕ੍ਰੋੜਾਂ, ਅਣਗਿਣਤ ਅਤੇ ਬੇਅੰਤ ਹਨ ਐਸੇ ਜੀਵ ਜੋ ਵਾਹਿਗੁਰੂ ਨੂੰ ਭਾਲਦੇ ਹਨ।

ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥
ਪਰ ਜਿਸ ਨੂੰ ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ, ਕੇਵਲ ਉਹ ਹੀ ਉਸ ਨੂੰ ਨਜ਼ਦੀਕ ਵੇਖਦਾ ਹੈ।

ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥
ਹੇ ਮੇਰੇ ਉਦਾਰਚਿਤ ਸੁਆਮੀ! ਤੂੰ ਮੈਨੂੰ ਨਾਂ ਭੁੱਲਾ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।

ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥
ਕੇਵਲ ਇਹ ਹੀ ਹੈ, ਤੀਬਰ ਚਾਹਨਾ ਨਾਨਕ ਦੀ, ਹੇ ਸੁਆਮੀ! ਦਿਨ ਰਾਤ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।

ਰਾਗੁ ਸੂਹੀ ਮਹਲਾ ੧ ਕੁਚਜੀ
ਰਾਗ ਸੂਹੀ ਪਹਿਲੀ ਪਾਤਿਸ਼ਾਹੀ ਕੁਚੱਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥
ਮੈਂ ਬੇ-ਸ਼ਾਉਰੀ ਹਾਂ, ਮੇਰੇ ਵਿੱਚ ਬੇਅੰਤ ਆਉਗਣ ਹਨ। ਮੈਂ ਕਿਸ ਤਰ੍ਹਾਂ ਆਪਣੇ ਪਤੀ ਨੂੰ ਮਾਨਣ ਲਈ ਜਾ ਸਕਦੀ ਹਾਂ?

ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥
ਮੇਰੇ ਕੰਤ ਦੀਆਂ ਵਹੁਟੀਆਂ ਵਿੱਚ ਇਕ ਤੋਂ ਇਕ ਚੜ੍ਹਦੀ ਤੋਂ ਚੜ੍ਹਦੀ ਹੈ। ਉਥੇ ਮੇਰਾ ਨਾਮ ਭੀ ਕੌਣ ਜਾਣਦਾ ਹੈ?

ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥
ਜੋ ਸਹੇਲੀਆਂ ਆਪਣੇ ਭਰਤੇ ਨੂੰ ਮਾਣਦੀਆਂ ਹਨ, ਉਹ ਅੰਬ ਦੀ ਥਾਂ ਹੇਠਾਂ (ਵਡਭਾਗਣਾਂ) ਹਨ।

ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥
ਉਨ੍ਹਾਂ ਵਾਲੀਆਂ ਚੰਗਿਆਈਆਂ ਮੇਰੇ ਵਿੱਚ ਨਹੀਂ। ਮੈਂ ਕੀਹਦੇ ਉਤੇ ਦੂਸ਼ਣ ਲਾਵਾਂ?

ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥
ਤੇਰੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ, ਹੇ ਸੁਆਮੀ! ਕਿਹੜੇ ਕਿਹੜੇ ਤੇਰੇ ਨਾਮ ਮੈਂ (ਉਚਾਰਨ ਕਰਾਂ) ਲਵਾਂ?

ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥
ਮੈਂ ਤੇਰੀ ਇਕ ਨੇਕੀ ਨੂੰ ਭੀ ਅਪੱੜ ਨਹੀਂ ਸਕਦੀ। ਸਦੀਵ ਹੀ ਤੇਰੇ ਉਤੋਂ ਘੋਲੀ ਜਾਂਦੀ ਹਾਂ।

ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥
ਸੋਨਾ, ਚਾਂਦੀ, ਮੋਤੀ, ਹੀਰੇ ਅਤੇ ਲਾਲ ਨਿਰਸੰਦੇਹ ਖੁਸ਼ੀ ਦੇਣ ਵਾਲੇ ਹਨ।

ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥
ਇਹੋ ਜਿਹੀਆਂ ਚੀਜ਼ਾਂ ਮੇਰੇ ਪਤੀ ਨੇ ਮੈਨੂੰ ਦਿੱਤੀਆਂ ਹਨ ਅਤੇ ਮੈਂ ਉਨ੍ਹਾਂ ਨਾਲ ਆਪਣਾ ਦਿਲ ਜੋੜ ਲਿਆ ਹੈ।

ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥
ਇੱਟਾਂ ਅਤੇ ਗਾਰੇ ਦੇ ਨਾਲ ਬੜੇ ਹੋਏ ਮਹਿਲ ਪੱਥਰਾਂ ਨਾਲ ਸਜਾਏ ਹੋਏ ਹਨ।

ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥
ਇਨ੍ਹਾਂ ਸਜਾਵਟਾਂ ਅੰਦਰ ਮੈਂ ਕੁਰਾਹੇ ਪਈ ਹੋਈ ਹਾਂ ਅਤੇ ਉਸ ਆਪਣੇ ਭਰਤੇ ਦੇ ਨੇੜੇ ਨਹੀਂ ਬਹਿੰਦੀ।

ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥
ਕੁਲੰਗ ਅਸਮਾਨ ਵਿੱਚ ਬੋਲਦੇ ਹਨ ਅਤੇ ਬਗਲੇ ਆ ਕੇ ਬਹਿ ਗਏ ਹਨ।

ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥
ਵਹੁਟੀ ਆਪਣੇ ਸੁਹਰਿਆਂ ਨੂੰ ਜਾਂਦੀ ਹੈ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਏਗੀ?

ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥
ਉਹ ਆਪਣਾ ਸਫਰ ਭੁੱਲ ਗਈ ਸੀ ਅਤੇ ਘੂਕ ਸੁੱਤੀ ਪਈ ਸੀ ਜਦ ਕਿ ਪਹੁ ਫੁੱਟ ਪਈ।

ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥
ਤੇਰੇ ਨਾਲੋਂ ਵਿਛੜ ਕੇ, ਹੇ ਪਤੀ! ਉਸ ਨੇ ਆਪਣੇ ਲਈ ਤਕਲੀਫਾਂ ਨੂੰ ਇਕੱਤਰ ਕਰ ਲਿਆ ਹੈ।

ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥
ਤੇਰੇ ਵਿੱਚ, ਹੇ ਸੁਆਮੀ ਨੇਕੀਆਂ ਹਨ ਅਤੇ ਮੇਰੇ ਵਿੱਚ ਸਾਰੀਆਂ ਬਦੀਆਂ। ਕੇਵਲ ਇਹੀ ਨਾਨਕ ਦੀ ਬੇਨਤੀ ਹੈ।

ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥
ਸਾਰੀਆਂ ਰਾਤ੍ਰੀਆਂ ਨੇਕ ਪਤਨੀਆਂ ਵਾਸਤੇ ਹਨ। ਮੈਂ ਆਚਰਣ-ਹੀਣ ਨੂੰ ਭੀ ਕੋਈ ਇਕ ਰਤ ਮਿਲ ਜਾਵੇ।

ਸੂਹੀ ਮਹਲਾ ੧ ਸੁਚਜੀ ॥
ਸੂਹੀ ਪਹਿਲੀ ਪਾਤਿਸ਼ਾਹੀ ਸੁਚੱਜੀ।

ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥
ਜਦ ਤੂੰ ਮੇਰਾ ਹੈ, ਤਦ ਹਰ ਸ਼ੈ ਮੇਰੀ ਹੈ, ਤੂੰ ਹੀ, ਹੇ ਸੁਆਮੀ! ਮੇਰੀ ਪੂੰਜੀ ਹੈ।

ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥
ਤੇਰੇ ਅੰਦਰ ਹੋਣ ਨਾਲ ਮੈਂ ਆਰਾਮ ਵਿੱਚ ਵਸਦੀ ਹਾਂ। ਤੇਰੇ ਅੰਦਰ ਵੱਸਣ ਨਾਲ ਮੈਨੂੰ ਵਧਾਈ ਮਿਲਦੀ ਹੈ।

ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥
ਆਪਣੀ ਰਜ਼ਾ ਦੁਆਰਾ ਤੂੰ ਰਾਜ ਸਿੰਘਾਸਨ ਅਤੇ ਪ੍ਰਭਤਾ ਬਖਸ਼ਦਾ ਹੈਂ ਅਤੇ ਆਪਣੀ ਰਜ਼ਾ ਦੁਆਰਾ ਮੰਗਣ-ਪਿੰਨਣ ਅਤੇ ਨਿਰਾਸਤਾ।

ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥
ਤੇਰੀ ਰਜ਼ਾ ਦੁਆਰਾ ਸਮੁੰਦਰ ਮਾਰੂਥਲ ਉਪਰ ਵੱਗਦਾ ਹੈ ਅਤੇ ਆਸਮਾਨ ਵਿੱਚ ਕੰਵਲ ਫੁੱਲ ਖਿੜਦਾ ਹੈ।

ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥
ਤੇਰੀ ਰਜ਼ਾ ਅੰਦਰ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਤੇਰੀ ਰਜ਼ਾ ਅੰਦਰ ਪਾਪਾਂ ਨਾਲ ਭਰਿਆ ਹੋਇਆ ਉਹ ਇਸ ਵਿੱਚ ਡੁੱਬ ਜਾਂਦਾ ਹੈ।

ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥
ਆਪਣੀ ਰਜ਼ਾ ਅੰਦਰ ਉਹ ਮੇਰਾ ਖੁਸ਼ਬਾਸ਼ ਕੰਤ ਹੋ ਜਾਂਦਾ ਹੈ ਅਤੇ ਮੈਂ ਨੇਕੀਆਂ ਦੇ ਖਜਾਨੇ ਦੀ ਮਹਿਮਾ ਨਾਲ ਰੰਗੀ ਜਾਂਦੀ ਹਾਂ।

ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥
ਆਪਣੀ ਰਜ਼ਾ ਅੰਦਰ, ਹੇ ਮੇਰੇ ਪਤੀ! ਤੂੰ ਭਿਆਨਕ ਭਾਸਦਾ ਹੈਂ ਤੇ ਮੈਂ ਆਉਣ ਤੇ ਜਾਣ ਵਿੱਚ ਮਰ ਮੁੱਕ ਗਈ ਹਾਂ।

ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥
ਤੂੰ ਹੇ ਭਰਤੇ! ਅਪਹੁੰਚ ਅਤੇ ਆਮਾਪ ਹੈਂ। ਤੈਨੂੰ ਵਰਣਨ ਕਰਦੀ ਕਰਦੀ ਮੈਂ ਤੇਰੇ ਪੈਰਾਂ ਤੇ ਡਿੱਗ ਪਈ ਹਾਂ।

ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥
ਮੈਂ ਕੀ ਮੰਗਾਂ ਅਤੇ ਕੀ ਆਖਾਂ ਤੇ ਸੁਣਾ? ਮੈਨੂੰ ਤੇਰੇ ਦੀਦਾਰ ਦੀ ਭੁੱਖ ਅਤੇ ਤ੍ਰੇਹ ਹੈ।

ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸਿਰ ਦੇ ਸਾਈਂ ਨੂੰ ਪਾ ਲਿਆ ਹੈ ਅਤੇ ਨਾਨਕ ਦੀ ਸੱਚੀ ਪ੍ਰਾਰਥਨਾ ਪਰਵਾਨ ਹੋ ਗਈ ਹੈ।

copyright GurbaniShare.com all right reserved. Email