Page 783

ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥
ਸਾਹਿਬ ਦਾ ਦੀਦਾਰ ਵੇਖ ਕੇ ਨਾਨਕ ਪ੍ਰਫੁਲਤ ਹੋ ਗਿਆ ਹੈ ਅਤੇ ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
ਅਹਿੱਲ ਹੈ ਗੁਰੂ ਪਰਮੇਸ਼ਰ ਦਾ ਸ਼ਹਿਰ, ਜਿਸ ਅੰਦਰ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕੀਤਾ ਹੈ।

ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥
ਮੈਂ ਉਹ ਮੇਵੇ ਪਾ ਲਏ ਹਨ, ਜਿਹੜੇ ਮੇਰਾ ਚਿੱਤ ਚਹੁੰਦਾ ਸੀ। ਸਿਰਜਣਹਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਸੀ।

ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥
ਕਰਤਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਹੈ। ਮੈਨੂੰ ਸਮੂਹ-ਪਰਸੰਨਤਾ ਦੀ ਦਾਤ ਪਰਾਪਤ ਹੋਈ ਹੈ ਅਤੇ ਮੇਰੇ ਪੁਤ੍ਰ, ਵੀਰ ਅਤੇ ਮੁਰੀਦ ਸਾਰੇ ਅਨੰਦ ਪ੍ਰਸੰਨ ਹਨ।

ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥
ਪੂਰੇ ਸ਼ਰੋਮਣੀ ਸਾਹਿਬ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮੇਰੇ ਕੰਮ ਕਾਰ ਠੀਕ ਹੋ ਗਏ ਹਨ।

ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥
ਪ੍ਰਭੂ ਖੁਦ ਮੇਰਾ ਮਾਲਕ ਹੈ, ਖੁਦ ਮੇਰਾ ਰੱਖਿਅਕ, ਖੁਦ ਮੇਰੀ ਅੰਮੜੀ ਅਤੇ ਖੁਦ ਹੀ ਮੇਰਾ ਬਾਬਲ।

ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥
ਗੁਰੂ ਜੀ ਫਰਮਾਉਂਦੇ ਹਨ, ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਇਸ ਅਸਥਾਨ ਨੂੰ ਸ਼ਸ਼ੋਭਤ ਕੀਤਾ ਹੈ।

ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
ਗ੍ਰਿਹ, ਮਹਿਲ ਅਤੇ ਬਾਜਾਰ ਸੁੰਦਰ ਹਨ, ਜਿਨ੍ਹਾਂ ਦੇ ਅੰਦਰ ਸੁਆਮੀ ਦਾ ਨਾਮ ਵੱਸਦਾ ਹੈ।

ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥
ਸਾਧੂ ਤੇ ਸ਼ਰਧਾਲੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥
ਉਨ੍ਹਾਂ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ, ਜੋ ਅਮਰ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਜੱਪਦੇ ਹਨ।

ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥
ਉਨ੍ਹਾਂ ਦੀ ਸਾਰੀ ਉਪਾਸ਼ਨਾ ਇੰਜ ਸੰਪੂਰਨ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਚਾਹੁੰਦੇ ਮੇਵੇ ਪਾ ਲੈਂਦੇ ਹਨ।

ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥
ਸਾਧੂ ਤੇ ਮਿਤ੍ਰ ਆਰਾਮ ਅਤੇ ਅਨੰਦ ਭੋਗਦੇ ਹਨ, ਅਤੇ ਉਨ੍ਹਾਂ ਦੀ ਪੀੜ, ਤਕਲੀਫ ਤੇ ਸੰਦੇਹ ਦੂਰ ਹੋ ਜਾਂਦੇ ਹਨ।

ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥
ਪੂਰਨ ਸੱਚੇ ਗੁਰਾਂ ਨੇ ਉਨ੍ਹਾਂ ਨੂੰ ਨਾਮ ਨਾਲ ਸ਼ਸ਼ੋਭਤ ਕਰ ਦਿੱਤਾ ਹੈ। ਨਾਨਕ ਹਮੇਸ਼ਾਂ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।

ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥
ਪੂਰਨ ਹੈ ਸੁਆਮੀ ਦੀ ਬਖਸ਼ੀਸ਼ ਅਤੇ ਇਹ ਨਿਤਾ ਪ੍ਰਤੀ ਵਧੇਰੇ ਹੁੰਦੀ ਜਾਂਦੀ ਹੈ।

ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥
ਪਰਮ ਪ੍ਰਭੂ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ, ਨੇ ਮੈਨੂੰ ਆਪਣਾ ਨਿੱਜ ਬਣਾ ਲਿਆ ਹੈ।

ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥
ਜੋ ਆਪਣੇ ਸੰਤਾਂ ਦਾ ਪ੍ਰਾਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਰਖਿਅਕ ਹੈ, ਉਹ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।

ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਰਾਮ ਅੰਦਰ ਵਸਾਇਆ ਹੈ ਤੇ ਉਹ ਖੁਦ ਹੀ ਉਨ੍ਹਾਂ ਦੀ ਪਰਵਰਸ਼ ਕਰਦਾ ਹੈ।

ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥
ਪ੍ਰਭੂ ਦੀ ਪ੍ਰਭਤਾ ਦਸੀਂ ਪਾਸੀ ਪਰੀਪੂਰਨ ਹੋ ਰਹੀ ਹੈ ਅਤੇ ਉਸ ਦਾ ਮੁੱਲ ਮੈਂ ਵਰਣਨ ਨਹੀਂ ਕਰ ਸਕਦਾ।

ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥
ਗੁਰੂ ਜੀ ਫਰਮਾਉਂਦੇ ਹਨ, ਮੈਂ ਆਪਣੇ ਸੱਚੇ ਗੁਰਾਂ ਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਦੀਵੀ ਸਥਿਰ ਬੁਨਿਆਦ ਰੱਖੀ ਹੈ।

ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
ਮੁਕੰਮਲ ਮਾਲਕ ਦੀ ਈਸ਼ਵਰੀ ਗਿਆਤ ਤੇ ਬੰਦਗੀ ਅਤੇ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ, ਸਦਾ ਹੀ ਉਥੇ ਸੁਣੀਆਂ ਜਾਂਦੀਆਂ ਹਨ।

ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥
ਉਥੇ, ਡਰ ਨਾਸ-ਕਰਨਹਾਰ ਵਾਹਿਗੁਰੂ ਦੇ ਸਾਧੂ ਸਦਾ ਹੀ ਖੁਸ਼ੀ ਅੰਦਰ ਖੇਡਦੇ ਹਨ ਅਤੇ ਸੰਗੀਤਕ ਸਾਜ਼ ਇਕ ਰਸ ਵੱਜਦੇ ਹਨ।

ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥
ਬੈਕੁੰਠੀ ਕੀਰਤਨ ਦੀ ਗੂੰਜ, ਅਸਲੀਅਤ ਦੀ ਵੀਚਾਰ ਅਤੇ ਸਾਧੂਆਂ ਦੀ ਕਥਾ ਵਾਰਤਾ, ਉਸ ਅਸਥਾਨ ਦੇ ਨਿਤਾਪ੍ਰਤੀ ਦੇ ਕਰਮ ਹਨ।

ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥
ਅਨੁਰਾਗੀ ਸਾਹਿਬ ਦੇ ਨਾਮ ਦੇ ਸਿਮਰਨ ਕਰਦੇ ਹਨ, ਆਪਣੀ ਸਾਰੀ ਗਿਲਾਜ਼ਤ ਧੋ ਸੁੱਟਦੇ ਹਨ ਅਤੇ ਸਮੂਹ ਪਾਪਾਂ ਤੋਂ ਖਲਾਸੀ ਪਾ ਜਾਂਦੇ ਹਨ।

ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋੁਨੀਐ ॥
ਉਥੇ ਨਾਂ ਜੰਮਣਾ ਨਾਂ ਮਰਣਾ, ਨਾਂ ਆਉਣਾ ਨਾਂ ਜਾਣਾ ਅਤੇ ਨਾਂ ਹੀ ਮੁੜ ਕੇ ਜੂਨੀਆਂ ਵਿੱਚ ਪੈਂਣਾ ਹੈ।

ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
ਨਾਨਕ ਨੇ ਗੁਰੂ ਪਾਰਬ੍ਰਹਮ ਨੂੰ ਪਰਾਪਤ ਕਰ ਲਿਆ ਹੈ, ਜਿਨ੍ਹਾਂ ਦੀ ਰਹਿਮਤ ਸਦਕਾ ਉਸ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਸੁੰਦਰ ਜ਼ਮੀਨ ਅਤੇ ਸੁੰਦਰ ਤਾਲਾਬ ਅੰਦਰ ਸਾਧੂ-ਸਰੂਪ ਪਾਣੀ ਪੂਰਤ ਹੋ ਰਿਹਾ ਹੈ।

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਅੰਮ੍ਰਿਤਮਈ ਪਾਣੀ ਸਰੋਵਰ ਨੂੰ ਪਰੀਪੂਰਨ ਕਰ ਰਿਹਾ ਹੈ ਮੇਰਾ ਕਾਰਜ ਸੰਪੂਰਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਫਤਹ ਦੇ ਨਾਅਰੇ ਸੰਸਾਰ ਵਿੱਚ ਗੂੰਜਦੇ ਹਨ ਅਤੇ ਮੇਰੇ ਸਾਰੇ ਅੰਦੇਸੇ ਮੁੱਕ ਗਏ ਹਨ।

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਕਾਮਲ, ਸਰਬ ਸ਼ਕਤੀਮਾਨ, ਅਹਿੱਲ ਅਤੇ ਅਮਰ ਸਾਹਿਬ ਦੀ ਕੀਰਤੀ ਵੇਦ ਅਤੇ ਪੁਰਾਨ ਗਾਇਨ ਕਰਦੇ ਹਨ।

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥
ਪ੍ਰਭੂ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ ਅਤੇ ਨਾਨਕ ਨੇ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ।

ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥
ਕਰਤਾਰ ਨੇ ਮੈਨੂੰ ਨੌ ਖਜਾਨੇ, ਦੌਲਤ ਅਤੇ ਪੂਰਨਤਾ ਬਖਸ਼ੀ ਹੈ ਅਤੇ ਮੈਨੂੰ ਕਿਸੇ ਗੱਲ ਦੀ ਭੀ ਕਮੀ ਨਹੀਂ।

copyright GurbaniShare.com all right reserved. Email