ਪਉੜੀ ॥ ਪਉੜੀ। ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ ਹਮੇਸ਼ਾ, ਹਮੇਸ਼ਾਂ ਮੈਂ ਆਪਣੇ ਵਾਹਿਗੁਰੂ ਦੀ ਸਿਫ਼ਤ ਕਰਦਾ ਅਤੇ ਆਪਣੀ ਦੇਹ, ਆਤਮਾ ਤੇ ਇਸ ਜਿਸਮ ਨੂੰ ਉਨ੍ਹਾਂ ਦੀ ਭੇਟਾ ਧਰਦਾ ਹਾਂ। ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ ਗੁਰਬਾਣੀ ਰਾਹੀਂ, ਮੈਂ ਸੱਚੇ ਡੂੰਘੇ ਅਤੇ ਅਥਾਹ ਸਾਹਿਬ ਨੂੰ ਪਰਾਪਤ ਕਰ ਲਿਆ ਹੈ। ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ ਰਤਨਾਂ ਦਾ ਰਤਨ ਮੇਰਾ ਵਾਹਿਗੁਰੂ, ਮੇਰੀ, ਆਤਮਾ, ਦੇਹ ਅਤੇ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ ਅਤੇ ਮੈਂ ਮੁੜ ਕੇ ਇਸ ਫੇਰੇ ਵਿੱਚ ਨਹੀਂ ਪਵਾਂਗਾ। ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ। ਉਹ ਚੰਗਿਆਈਆਂ ਦਾ ਸਮੁੰਦਰ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ ਹੇ ਨਾਨਕ! ਤੂੰ ਇਸ ਆਪਣੀ ਦੇਹ ਨੂੰ ਸਾੜ ਸੁੱਟ ਜਿਸ ਸੜੀ ਹੋਈ ਨੇ ਪ੍ਰਭੂ ਦੇ ਨਾਮ ਭੁਲਾ ਦਿੱਤਾ ਹੈ। ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ ਪਾਪਾਂ ਦੀ ਗੰਦਗੀ ਤੇਰੀ ਉਸ ਆਤਮਾ ਦੇ ਨੀਵੇਂ ਤਾਲਾਬ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ। ਏਦੂੰ ਮਗਰੋਂ ਇਸ ਨੂੰ ਸਾਫ ਕਰਨ ਲਈ ਤੇਰਾ ਹੱਥ ਓਥੇ ਪੁੱਜ ਨਹੀਂ ਸਕਣਾ। ਮਃ ੧ ॥ ਪਹਿਲੀ ਪਾਤਿਸ਼ਾਹੀ। ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ ਨਾਨਕ ਨੀਚ ਹਨ ਮਨੂਏ ਦੇ ਅਮਲ। ਉਹ ਗਿਣੇ ਨਹੀਂ ਜਾ ਸਕਦੇ। ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ ਇਨ੍ਹਾਂ ਕੁਕਰਮਾਂ ਲਈ ਮੈਂਨੂੰ ਘਣੇਰਾ ਤਸੀਹਾ ਕਟਣਾ ਪਵੇਗਾ। ਪ੍ਰੰਤੂ ਜੇਕਰ ਮਾਲਕ ਮੁਆਫ ਕਰ ਦੇਵੇ, ਤਦ ਮੈਨੂੰ ਧੌਲ-ਧੱਪਾ ਨਹੀਂ ਹੋਵੇਗਾ। ਪਉੜੀ ॥ ਪਉੜੀ। ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ ਸੱਚਾ ਹੈ ਹੁਕਮ, ਜੋ ਸੁਆਮੀ ਭੇਜਦਾ ਹੈ ਅਤੇ ਸੱਚੀ ਹੇ ਆਗਿਆ ਜੋ ਉਹ ਕਰਦਾ ਹੈ। ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ਗੁਰਾਂ ਦੀ ਰਹਿਮਤ ਦੁਆਰਾ, ਤੂੰ ਨੂਰਾਨੀ ਸੱਚੇ ਸੁਆਮੀ ਦੀ ਚਾਕਰੀ ਕਮਾ। ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ਗੁਰਾਂ ਦੀ ਸਿੱਖਿਆ ਰਾਹੀਂ ਤੂੰ ਉਸ ਦੀ ਪ੍ਰੀਤ ਦਾ ਰਸ ਲੈ ਜਿਸ ਨੇ ਪੂਰਨ ਬਨਾਵਟ ਬਣਾਈ ਹੈ। ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ ਪ੍ਰਭੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਦ੍ਰਿਸ਼ਟ ਹੈ। ਗੁਰਾਂ ਦੀ ਮਿਹਰ ਰਾਹੀਂ, ਤੂੰ ਉਸ ਨੂੰ ਅਨੁਭਵ ਕਰ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ਹੇ ਨਾਨਕ! ਰੁਪਿਆਂ ਦੀ ਥੈਲੀ ਲਿਆ ਕੇ ਸੁਆਮੀ ਦੇ ਦਰਬਾਰ ਵਿੱਚ ਰੱਖੀ ਜਾਂਦੀ ਹੈ, ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ ਅਤੇ ਉਥੇ ਖੋਟਿਆਂ ਤੇ ਖਰਿਆਂ ਦੀ ਪਰਖ ਕੀਤੀ ਜਾਂਦੀ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਕਪਟੀ ਹਿਰਦਿਆਂ ਅਤ ਚੋਰਟੇ ਸਰੀਰਾਂ ਵਾਲੇ ਬੰਦੇ ਧਰਮ-ਅਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ। ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਉਨ੍ਹਾਂ ਦੀ ਸਰੀਰਕ ਮੈਲ ਦਾ ਇਕ ਹਿੱਸਾ ਨ੍ਹਾਉਣ ਨਾਲ ਲਹਿ ਜਾਂਦਾ ਹੈ, ਪਰ ਉਨ੍ਹਾਂ ਨੂੰ ਦੋ ਹੋਰ ਵਧੇਰੇ ਹਿੱਸੇ ਮਾਨਸਕ ਮੈਲ ਲੱਗ ਜਾਂਦੀ ਹੈ। ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਤੂੰਬੀ ਬਾਹਰਵਾਰੇ ਧੋਂ ਦਿੱਤੀ ਜਾਂਦੀ ਹੈ ਪ੍ਰੰਤੂ ਇਸ ਦੇ ਅੰਦਰਵਾਰ ਨਿਰੋਲ ਜ਼ਹਿਰ ਹੈ। ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ ਸੰਤ ਬਿਨਾ ਨ੍ਹਾਤਿਆਂ ਹੀ ਚੰਗਾ ਹੈ। ਚੋਰ ਹਮੇਸ਼ਾਂ ਚੋਰ ਹੀ ਹੁੰਦਾ ਹੈ ਭਾਵੇਂ ਉਹ ਨ੍ਹਾਵੇ ਜਾਂ ਨਾਂ। ਪਉੜੀ ॥ ਪਉੜੀ। ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ ਸਾਹਿਬ ਆਪ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਉਨ੍ਹਾਂ ਦੇ ਕੰਮੀ ਜੋੜਦਾ ਹੈ। ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਕਈਆਂ ਨੂੰ, ਉਹ ਖੁਦ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਉਹ ਗੁਰਾਂ ਪਾਸੋਂ ਆਰਾਮ ਪਰਾਪਤ ਕਰਦੇ ਹਨ। ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ਇਹ ਮਨੂਆ ਦਸੀਂ ਪਾਸੀਂ ਭੱਜਿਆ ਫਿਰਦਾ ਹੈ। ਗੁਰੂ ਜੀ ਇਸ ਨੂੰ ਹੋੜ ਕੇ ਰੋਕ ਰੱਖਦੇ ਹਨ। ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਹਰ ਕੋਈ ਨਾਮ ਦੀ ਚਾਹਨਾ ਕਰਦਾ ਹੈ ਪਰ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਨੂੰ ਇਸ ਦੀ ਦਾਤ ਮਿਲਦੀ ਹੈ। ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ ਕੋਈ ਜਣਾ ਭੀ ਉਹ ਪ੍ਰਾਲਭਧ ਨੂੰ ਮੇਟ ਨਹੀਂ ਸਕਦਾ, ਜਿਹੜੀ ਵਾਹਿਗੁਰੂ ਨੇ ਉਸ ਲਈ ਆਰੰਭ ਤੋਂ ਲਿਖੀ ਹੋਈ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਦੁਇ ਦੀਵੇ ਚਉਦਹ ਹਟਨਾਲੇ ॥ ਸੂਰਜ ਤੇ ਚੰਨ ਦੋ ਲੈਂਪ ਹਨ ਜੋ ਜੌਦਾਂ ਬਾਜ਼ਾਰਾਂ (ਜਹਾਨਾਂ) ਨੂੰ ਰੋਸ਼ਨ ਕਰਦੇ ਹਨ। ਜੇਤੇ ਜੀਅ ਤੇਤੇ ਵਣਜਾਰੇ ॥ ਜਿੰਨੇ ਭੀ ਪ੍ਰਾਣੀ ਹਨ, ਉਨੇ ਹੀ ਵਾਪਾਰੀ ਹਨ। ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਵਣਜ ਹੁੰਦਾ ਹੈ। ਜੋ ਪਹੁਚੈ ਸੋ ਚਲਣਹਾਰੁ ॥ ਜੋ ਕੋਈ ਭੀ ਆਉਂਦਾ ਹੈ, ਉਹ ਟੁਰ ਜਾਂਦਾ ਹੈ। ਧਰਮੁ ਦਲਾਲੁ ਪਾਏ ਨੀਸਾਣੁ ॥ ਧਰਮ ਰਾਮ ਆੜ੍ਹਤੀ ਹੈ ਜੋ ਨਿਸ਼ਾਨ ਲਾਉਂਦਾ ਹੈ। ਨਾਨਕ ਨਾਮੁ ਲਾਹਾ ਪਰਵਾਣੁ ॥ ਨਾਨਕ ਜੋ ਨਾਮ ਦਾ ਮੁਨਾਫਾ ਕਮਾਉਂਦੇ ਹਨ, ਉਹ ਕਬੂਲ ਪੈ ਜਾਂਦੇ ਹਨ। ਘਰਿ ਆਏ ਵਜੀ ਵਾਧਾਈ ॥ ਜੱਦ ਉਹ ਆਪਣੇ ਨਿੱਜ ਦੇ ਧਾਮ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੁਬਾਰਕਾਂ ਮਿਲਦੀਆਂ ਹਨ, ਸਚ ਨਾਮ ਕੀ ਮਿਲੀ ਵਡਿਆਈ ॥੧॥ ਅਤੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਜਦ ਰਾਤ੍ਰੀਆਂ ਅਨ੍ਹੇਰੀਆਂ ਭੀ ਹੁੰਦੀਆਂ ਹਨ, ਚਿੱਟੇ ਆਪਣਾ ਉਹੀ ਚਿੱਟਾ ਰੰਗ ਰੱਖਦੇ ਹਨ। ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਭਾਵੇਂ ਦਿਨ ਗਰਮ ਹੋ ਬਹੁਤ ਹੀ ਚਿੱਟਾ ਕਿਉਂ ਨਾਂ ਹੋ ਜਾਵੇ, ਸਿਆਹ ਆਪਣਾ ਸਿਆਹ ਰੰਗ ਹੀ ਇਖਤਿਆਰ ਕਰੀ ਰੱਖਦੇ ਹਨ। ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਅੰਨ੍ਹ, ਮੂੜ, ਸਿਆਣਪ ਤੋਂ ਸੱਖਣੇ ਹਨ ਅਤੇ ਅੰਨ੍ਹੀ ਉਹ ਉਨ੍ਹਾਂ ਦੀ ਸਮਝ। ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ ਨਾਨਕ, ਜੋ ਮਾਲਕ ਦੀ ਮਿਹਰ ਤੋਂ ਵਾਂਝੇ ਹੋਏ ਹਨ। ਉਹ ਕਦਾਚਿਤ ਆਬਰੂ ਨਹੀਂ ਪਾਉਂਦੇ। ਪਉੜੀ ॥ ਪਉੜੀ। ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਸੱਚੇ ਸੁਆਮੀ ਨੇ ਖੁਦ ਹੀ ਸਰੀਰ ਦਾ ਕਿਲ੍ਹਾ ਬਣਾਇਆ ਹੈ। ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਕਈ ਹੋਰਸ ਦੀ ਪ੍ਰੀਤ ਅੰਦਰ ਬਰਬਾਦ ਹੋ ਗਏ ਹਨ ਅਤੇ ਸਵੈ-ਹੰਗਤਾ ਅੰਦਰ ਖਚਤ ਹੋਏ ਹੋਏ ਹਨ। ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਮੁਸ਼ਕਲ ਨਾਲ ਮਿਲਣ ਵਾਲਾ ਹੈ ਇਹ ਮਨੁੱਖਾ-ਜੀਵਨ ਪ੍ਰੰਤੂ ਅਧਰਮੀ ਬੜੀ ਤਕਲੀਫ ਅੰਦਰ ਹੈ। ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਜਿਸ ਨੂੰ ਸਾਈਂ ਖੁਦ ਦਰਸਾਉਂਦਾ ਹੈ ਅਤੇ ਜਿਸ ਨੂੰ ਸੱਚੇ ਗੁਰਦੇਵ ਜੀ ਬਰਕਤ ਬਖਸ਼ਦੇ ਹਨ, ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ। ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ ਸਾਰਾ ਸੰਸਾਰ ਉਸ ਨੇ ਆਪਣੀ ਖੇਡ ਰਚੀ ਹੋਈ ਹੈ ਅਤੇ ਸਾਰਿਆਂ ਅੰਦਰ ਉਹਰਵ ਰਿਹਾ ਹੈ। copyright GurbaniShare.com all right reserved. Email |