ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥
ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥ ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ। ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥ ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ। ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥ ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ! ਡਖਣਾ ॥ ਦੋ ਤੁਕਾ। ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ ਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ! ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥ ਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ। ਛੰਤੁ ॥ ਛੰਦ। ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥ ਪ੍ਰੀਤ ਦੀ ਨਸ਼ੀਲੀ ਬੂਟੀ ਵਰਤ ਕੇ ਮੈਂ ਜਗਤ ਦੇ ਮਾਲਕ ਨੂੰ ਆਪਣੇ ਵੱਲ ਕੀਤਾ ਹੈ ਅਤੇ ਉਸ ਦੇ ਚਿੱਤ ਨੂੰ ਮੋਹਿਤ ਕਰ ਲਿਆ ਹੈ। ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ ਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ। ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਯ੍ਯਣ ਕਰਿ ਵਸਿ ਭਏ ॥ ਮੈਂ ਵਾਹਿਗਰੂ ਦੀ ਗਲਵੱਕੜੀ ਵਿੱਚ ਸੁਹਣਾ ਲੱਗਦਾ ਹਾ ਅਤੇ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਅਨੁਰਾਗੀ ਦੇ ਗੁਣ ਹੋਣ ਦੇ ਕਾਰਨ ਸਾਈਂ ਮੇਰੇ ਅਖਤਿਆਰ ਵਿੱਚ ਆ ਗਿਆ ਹੈ। ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥ ਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ। ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥ ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ। ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥ ਪ੍ਰੀਤਮ ਸੁਆਮੀ ਨੇ, ਹੇ ਨਾਨਕ! ਮੇਰਾ ਹੱਥ ਫੜ ਲਿਆ ਹੈ ਅਤੇ ਜਗਤ ਸਮੁੰਦਰ ਹੁਣ ਮੈਨੂੰ ਨਹੀਂ ਛੋਹਦਾ। ਡਖਣਾ ॥ ਦੋ ਤੁਕਾਂ। ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ ਮਾਲਕ ਦਾ ਨਾਮ ਅਣਮੁੱਲਾ ਹੈ। ਇਸ ਦਾ ਮੁੱਲ ਕੋਈ ਨਹੀਂ ਜਾਣਦਾ। ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥ ਜਿਨ੍ਹਾਂ ਦੇ ਮੱਥੇ ਉਤੇ ਚੰਗੇ ਕਰਮ ਉਕਰੇ ਹੋਏ ਹਨ, ਉਹ ਹੇ ਨਾਨਕ ਵਾਹਿਗੁਰੂ ਦੀ ਪਰੀਤ ਦਾ ਅਨੰਦ ਲੈਂਦੇ ਹਨ। ਛੰਤੁ ॥ ਛੰਦ। ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥ ਸੁਆਮੀ ਦੇ ਨਾਮ ਨੂੰ ਉਚਾਰਣ ਕਰਨ ਵਾਲੇ ਪਾਵਨ ਤੇ ਸਰੋਤੇ ਸਮੂਹ ਸ਼ਲਾਘਾ-ਯੋਗ ਹੋ ਜਾਂਦੇ ਹਨ ਅਤੇ ਲਿਖਾਰੀ ਆਪਣੀ ਸਾਰੀ ਵੰਸ ਨੂੰ ਬਚਾ ਲੈਂਦੇ ਹਨ। ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥ ਜੋ ਸਤਿਸੰਗਤ ਅੰਦਰ ਜੁੜਦੇ ਹਨ ਉਹ ਵਾਹਿਗੁਰੁ ਦੇ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਸਾਹਿਬ ਦਾ ਧਿਆਨ ਧਾਰਦੇ ਹਨ। ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ ਉਹ ਸਿਰਜਨਹਾਰ ਦਾ ਚਿੰਤਨ ਕਰਦੇ ਹਨ, ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਉਨ੍ਹਾ ਉਤੇ ਨਾਨਕ ਨੇ ਪੂਰੀ ਦਇਆਲਤਾ ਕੀਤੀ ਹੈ। ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ ਵਾਹਿਗੁਰੂ ਨੇ ਉਨ੍ਹਾਂ ਨੂੰ ਹੱਥੋਂ ਪਕੜ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਫ਼ਤ-ਸ਼ਲਾਘਾ ਬਖ਼ਸ਼ੀ ਹੈ, ਉਹ ਜੂਨੀਆਂ ਅੰਦਰ ਨਹੀਂ ਦੌੜਦੇ ਅਤੇ ਨਾਂ ਹੀ ਮਰਦੇ ਹਨ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ ਮਇਆਵਾਨ ਤੇ ਮਿਹਰਬਾਨ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਨਾਸ ਕਰ ਦਿੱਤਾ ਹੈ। ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥ ਅਕਹਿ ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਉਤੋਂ ਘੋਲੀ ਤੇ ਕੁਰਬਾਨ ਜਾਂਦਾ ਹੈ। ਸਿਰੀਰਾਗੁ ਮਹਲਾ ੪ ਵਣਜਾਰਾ ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ। ੴ ਸਤਿ ਨਾਮੁ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ। ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥ ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ। ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥ ਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ। ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥ ਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ। ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥ ਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ। ਮੈ ਹਰਿ ਬਿਨੁ ਅਵਰੁ ਨ ਕੋਇ ॥ ਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ। ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥ ਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ। copyright GurbaniShare.com all right reserved. Email:- |