Page 868

ਨਾਰਾਇਣ ਸਭ ਮਾਹਿ ਨਿਵਾਸ ॥
ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।

ਨਾਰਾਇਣ ਘਟਿ ਘਟਿ ਪਰਗਾਸ ॥
ਪ੍ਰਭੂ ਹੀ ਸਾਰਿਆਂ ਦਿਲਾਂ ਨੂੰ ਰੋਸ਼ਨ ਕਰਦਾ ਹੈ।

ਨਾਰਾਇਣ ਕਹਤੇ ਨਰਕਿ ਨ ਜਾਹਿ ॥
ਸਾਈਂ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ, ਬੰਦਾ ਦੋਜ਼ਕ ਵਿੱਚ ਨਹੀਂ ਡਿੱਗਦਾ।

ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥
ਸੁਆਮੀ ਦੀ ਸੇਵਾ ਰਾਹੀਂ ਸਾਰੇ ਮੇਵੇ ਪਰਾਪਤ ਹੋ ਜਾਂਦੇ ਹਨ।

ਨਾਰਾਇਣ ਮਨ ਮਾਹਿ ਅਧਾਰ ॥
ਮੇਰੇ ਚਿੱਤ ਅੰਦਰ ਪ੍ਰਭੂ ਦਾ ਆਸਰਾ ਹੈ।

ਨਾਰਾਇਣ ਬੋਹਿਥ ਸੰਸਾਰ ॥
ਪ੍ਰਭੂ ਜਗਤ-ਸਮੁੰਦਰ ਤੋਂ ਤਰਨ ਲਈ ਇਕ ਜਹਾਜ਼ ਹੈ।

ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ ਮੌਤ ਦਾ ਦੂਤ ਦੌੜ ਕੇ ਭੱਜ ਜਾਂਦਾ ਹੈ।

ਨਾਰਾਇਣ ਦੰਤ ਭਾਨੇ ਡਾਇਣ ॥੨॥
ਸੁਆਮੀ ਮਾਇਆ, ਚੁੜੇਲ ਦੇ ਦੰਦ ਭੰਨ ਦਿੰਦਾ ਹੈ।

ਨਾਰਾਇਣ ਸਦ ਸਦ ਬਖਸਿੰਦ ॥
ਸੁਆਮੀ ਸਦੀਵ, ਸਦੀਵ ਹੀ ਮੁਆਫੀ ਦੇਣਹਾਰ ਹੈ।

ਨਾਰਾਇਣ ਕੀਨੇ ਸੂਖ ਅਨੰਦ ॥
ਸੁਆਮੀ ਮੈਨੂੰ ਆਰਾਮ ਤੇ ਖੁਸ਼ੀ ਪਰਦਾਨ ਕਰਦਾ ਹੈ।

ਨਾਰਾਇਣ ਪ੍ਰਗਟ ਕੀਨੋ ਪਰਤਾਪ ॥
ਸਾਈਂ ਆਪਣੇ ਸੇਵਕ ਦੀ ਵਡਿਆਈ ਉਘੀ ਕਰ ਦਿੰਦਾ ਹੈ।

ਨਾਰਾਇਣ ਸੰਤ ਕੋ ਮਾਈ ਬਾਪ ॥੩॥
ਸੁਆਮੀ ਆਪਣੇ ਸਾਧੂ ਦੀ ਅੰਮੜੀ ਤੇ ਬਾਬਲ ਹੈ।

ਨਾਰਾਇਣ ਸਾਧਸੰਗਿ ਨਰਾਇਣ ॥
ਸੁਆਮੀ ਮਾਲਕ ਸਦਾ ਆਪਣੇ ਸੰਤਾ ਦੇ ਨਾਲ ਰਹਿੰਦਾ ਹੈ।

ਬਾਰੰ ਬਾਰ ਨਰਾਇਣ ਗਾਇਣ ॥
ਮੁੜ ਮੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।

ਬਸਤੁ ਅਗੋਚਰ ਗੁਰ ਮਿਲਿ ਲਹੀ ॥
ਗੁਰਾਂ ਨਾਲ ਮਿਲਣ ਦੁਆਰਾ, ਮੈਨੂੰ ਅਗਾਧ ਵਸਤੂ ਪਰਾਪਤ ਹੋ ਗਈ ਹੈ।

ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥
ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਜਾ ਕਉ ਰਾਖੈ ਰਾਖਣਹਾਰੁ ॥
ਰੱਖਣ ਵਾਲਾ ਜਿਸ ਦੀ ਰੱਖਿਆ ਕਰਦਾ ਹੈ,

ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥
ਉਸ ਦਾ ਪੱਖ ਸਰੂਤ-ਰਹਿਤ ਸੁਆਮੀ ਲੈ ਲੈਂਦਾ ਹੈ। ਠਹਿਰਾਉ।

ਮਾਤ ਗਰਭ ਮਹਿ ਅਗਨਿ ਨ ਜੋਹੈ ॥
ਉਸ ਦੀ ਮਾਂ ਦੇ ਪੇਟ ਅੰਦਰ ਦੀ ਅੱਗ ਉਸ ਨੂੰ ਪੋਂਹਦੀ ਨਹੀਂ।

ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥
ਕਾਮ-ਚੇਸਟਾ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ ਉਸ ਉਤੇ ਅਸਰ ਨਹੀਂ ਕਰਦੀਆਂ।

ਸਾਧਸੰਗਿ ਜਪੈ ਨਿਰੰਕਾਰੁ ॥
ਸਤਿ ਸੰਗਤ ਅੰਦਰ ਉਹ ਸਰੂਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।

ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥
ਉਸ ਦੀ ਬਦਖੋਈ ਕਰਨ ਵਾਲੇ ਦੇ ਮੂੰਹ ਤੇ ਮਿੱਟੀ ਪੈਂਦੀ ਹੈ।

ਰਾਮ ਕਵਚੁ ਦਾਸ ਕਾ ਸੰਨਾਹੁ ॥
ਸਾਈਂ ਦੇ ਨਾਮ ਦਾ ਮੰਤ੍ਰ ਉਸ ਦੇ ਗੋਲੇ ਦਾ ਸੰਜੋਅ ਹੈ।

ਦੂਤ ਦੁਸਟ ਤਿਸੁ ਪੋਹਤ ਨਾਹਿ ॥
ਭੂਤਨੇ ਅਤੇ ਲੁੱਚੇ ਲੰਡੇ ਉਸ ਨੂੰ ਛੂੰਹਦੇ ਤੱਕ ਨਹੀਂ।

ਜੋ ਜੋ ਗਰਬੁ ਕਰੇ ਸੋ ਜਾਇ ॥
ਜੋ ਕੋਈ ਭੀ ਹੰਕਾਰ ਕਰਦਾ ਹੈ; ਉਹ ਬਰਬਾਦ ਹੋ ਜਾਂਦਾ ਹੈ।

ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥
ਸੁਆਮੀ ਆਪਣੇ ਆਜਿਜ਼ ਗੋਲੇ ਦਾ ਆਸਰਾ ਹੈ।

ਜੋ ਜੋ ਸਰਣਿ ਪਇਆ ਹਰਿ ਰਾਇ ॥
ਜਿਹੜਾ ਕੋਈ ਵਾਹਿਗੁਰੂ ਪਾਤਿਸ਼ਾਹ ਦੀ ਪਨਾਹ ਲੈਂਦਾ ਹੈ,

ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥
ਉਸ ਗੋਲੇ ਨੂੰ ਸੁਆਮੀ ਆਪਣੀ ਛਾਤੀ ਨਾਲ ਲਾ ਕੇ ਬਚਾ ਲੈਂਦਾ ਹੈ।

ਜੇ ਕੋ ਬਹੁਤੁ ਕਰੇ ਅਹੰਕਾਰੁ ॥
ਜੋ ਕੋਈ ਘਣੇਰਾ ਹੰਕਾਰ ਕਰਦਾ ਹੈ;

ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥
ਉਹ ਇਕ ਮੁਹਤ ਅੰਦਰ ਮਿੱਟੀ ਵਿੱਚ ਰੁਲ ਜਾਂਦਾ ਹੈ।

ਹੈ ਭੀ ਸਾਚਾ ਹੋਵਣਹਾਰੁ ॥
ਉਹ ਸੱਚਾ ਸੁਆਮੀ ਹੈ ਅਤੇ ਅੱਗੇ ਨੂੰ ਭੀ ਹੋਵੇਗਾ।

ਸਦਾ ਸਦਾ ਜਾਈ ਬਲਿਹਾਰ ॥
ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।

ਅਪਣੇ ਦਾਸ ਰਖੇ ਕਿਰਪਾ ਧਾਰਿ ॥
ਆਪਣੇ ਗੋਲਿਆਂ ਦੀ ਸਾਈਂ ਮਿਹਰ ਧਾਰ ਕੇ ਰੱਖਿਆ ਕਰਦਾ ਹੈ।

ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥
ਸੁਆਮੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਅਚਰਜ ਕਥਾ ਮਹਾ ਅਨੂਪ ॥
ਅਦਭੁਤ ਅਤੇ ਮਹਾਨ ਲਾਸਾਨੀ ਹੈ ਵਰਣਨ,

ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
ਪਰਮ ਆਤਮਾ ਤੇ ਵਿਸ਼ਾਲ ਵਾਹਿਗੁਰੂ ਦੀ ਸੁੰਦਰਤਾ ਦਾ। ਠਹਿਰਾਉ।

ਨਾ ਇਹੁ ਬੂਢਾ ਨਾ ਇਹੁ ਬਾਲਾ ॥
ਨਾਂ ਉਹ ਬੁੱਢਾ ਹੈ ਅਤੇ ਨਾਂ ਹੀ ਉਹ ਜੁਆਨ।

ਨਾ ਇਸੁ ਦੂਖੁ ਨਹੀ ਜਮ ਜਾਲਾ ॥
ਨਾਂ ਉਸ ਨੂੰ ਕੋਈ ਗਮ ਹੈ ਨਾਂ ਹੀ ਉਹ ਮੌਤ ਦੀ ਫਾਹੀ ਵਿੱਚ ਫਸਦਾ ਹੈ।

ਨਾ ਇਹੁ ਬਿਨਸੈ ਨਾ ਇਹੁ ਜਾਇ ॥
ਨਾਂ ਉਹ ਨਾਸ ਹੁੰਦਾ ਹੈ ਨਾਂ ਹੀ ਉਹ ਜਾਂਦਾ ਹੈ।

ਆਦਿ ਜੁਗਾਦੀ ਰਹਿਆ ਸਮਾਇ ॥੧॥
ਆਰੰਭ ਅਤੇ ਯੁੱਗ ਦੇ ਸ਼ੁਰੂ ਵਿੱਚ ਉਹ ਹਰ ਥਾਂ ਰਮ ਰਿਹਾ ਹੈ।

ਨਾ ਇਸੁ ਉਸਨੁ ਨਹੀ ਇਸੁ ਸੀਤੁ ॥
ਨਾਂ ਉਸ ਨੂੰ ਗਰਮੀ ਲੱਗਦੀ ਹੈ ਨਾਂ ਹੀ ਉਸ ਨੂੰ ਸਰਦੀ।

ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
ਉਸ ਦਾ ਕੋਈ ਵੈਰੀ ਨਹੀਂ, ਨਾਂ ਹੀ ਉਸ ਦਾ ਕੋਈ ਮਿੱਤਰ।

ਨਾ ਇਸੁ ਹਰਖੁ ਨਹੀ ਇਸੁ ਸੋਗੁ ॥
ਉਹ ਖੁਸ਼ੀ ਮਹਿਸੂਸ ਨਹੀਂ ਕਰਦਾ ਅਤੇ ਨਾਂ ਹੀ ਉਹ ਅਫਸੋਸ।

ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥
ਹਰ ਵਸਤੂ ਉਸ ਦੀ ਮਲਕੀਅਤ ਹੈ ਅਤੇ ਉਹ ਸਾਰਾ ਕੁਝ ਕਰਨ ਨੂੰ ਸਮਰੱਥ ਹੈ।

ਨਾ ਇਸੁ ਬਾਪੁ ਨਹੀ ਇਸੁ ਮਾਇਆ ॥
ਉਸ ਦਾ ਪਿਓ ਨਹੀਂ ਅਤੇ ਨਾਂ ਹੀ ਉਸ ਦੀ ਕੋਈ ਮਾਂ।

ਇਹੁ ਅਪਰੰਪਰੁ ਹੋਤਾ ਆਇਆ ॥
ਉਹ ਪਰੇ ਤੋਂ ਭੀ ਬਹੁਤ ਪਰੇਡੇ ਅਤੇ ਸਦਾ ਹੀ ਹੁੰਦਾ ਆਇਆ ਹੈ।

ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥
ਬਦੀ ਅਤੇ ਨੇਕੀ ਉਸ ਉਤੇ ਅਸਰ ਨਹੀਂ ਕਰਦੇ।

ਘਟ ਘਟ ਅੰਤਰਿ ਸਦ ਹੀ ਜਾਗੈ ॥੩॥
ਸਾਰਿਆਂ ਦਿਲਾਂ ਅੰਦਰ ਉਹ ਹਮੇਸ਼ਾਂ ਹੀ ਜਾਗਦਾ ਰਹਿੰਦਾ ਹੈ।

ਤੀਨਿ ਗੁਣਾ ਇਕ ਸਕਤਿ ਉਪਾਇਆ ॥
ਉਸ ਦੇ ਤਿੰਨ ਲੱਛਣ ਅਤੇ ਇਕ ਮਾਇਆ ਉਤਪੰਨ ਕੀਤੇ ਹਨ।

ਮਹਾ ਮਾਇਆ ਤਾ ਕੀ ਹੈ ਛਾਇਆ ॥
ਪਰਮ ਮੋਹਨੀ ਉਸ ਦੀ ਛਾਂ ਹੈ।

ਅਛਲ ਅਛੇਦ ਅਭੇਦ ਦਇਆਲ ॥
ਉਹ ਨਾਂ ਠੱਗਿਆ ਜਾਣ ਵਾਲਾ, ਨਾਂ ਟੁੱਟ ਸਕਣ ਵਾਲਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜੋ ਮਿਹਰਬਾਨ ਹੈ।

ਦੀਨ ਦਇਆਲ ਸਦਾ ਕਿਰਪਾਲ ॥
ਉਹ ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਵਾਨ ਹੈ।

ਤਾ ਕੀ ਗਤਿ ਮਿਤਿ ਕਛੂ ਨ ਪਾਇ ॥
ਉਸ ਦੀ ਦਸ਼ਾ ਅਤੇ ਓੜਕ ਦਾ ਕੁਝ ਭੀ ਪਤਾ ਨਹੀਂ ਲੱਗਦਾ।

ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥
ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।

copyright GurbaniShare.com all right reserved. Email