Page 87
ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
ਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।

ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥
ਜੇਕਰ ਗੋਲਾ ਨਾਨਕ ਨਾਰਾਇਣ ਦੇ ਨਾਮ ਦਾ ਜਾਪ ਕਰੇ, ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ। ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ।

ਪਉੜੀ ॥
ਪਊੜੀ।

ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
ਜੋ ਵਾਹਿਗੁਰੂ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
ਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।

ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ਉਸ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਦਾ ਹੈ।

ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
ਨਾਮ ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾਂ ਨੂੰ ਨਾਬੂਦ ਕਰਦਾ ਹੈ।

ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥
ਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।

ਸਲੋਕ ਮਃ ੩ ॥
ਸਲੋਕ, ਤੀਜੀ ਪਾਤਸ਼ਾਹੀ।

ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
ਗੁਰਾਂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਉਪਾਸ਼ਨਾ ਕਰ।

ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
ਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
ਗੁਰਾਂ ਦੇ ਕੁਦਰਤੀ ਰਜੂਅ ਦੀ ਤਰ੍ਹਾਂ ਤਦ ਰੂਹ ਅਸਥਿਰ ਹੋ ਜਾਂਦੀ ਹੈ, ਅਤੇ ਡਿਕਡੋਲੇ ਨਹੀਂ ਖਾਂਦੀ।

ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
ਗੁਰਾਂ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਲਾਲਚ ਦੀ ਮਲੀਨਤਾ ਅੰਦਰੋ ਦੂਰ ਨਹੀਂ ਹੁੰਦੀ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਜੇਕਰ ਰਬ ਦਾ ਨਾਮ ਇਕ ਮਹਤ ਤੇ ਲਮ੍ਹੇ ਭਰ ਲਈ ਭੀ ਚਿੱਤ ਅੰਦਰ ਟਿਕ ਜਾਵੇ ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾ ਤੇ ਨ੍ਹਾਉਣਾ ਇਸ ਵਿੱਚ ਆ ਜਾਂਦਾ ਹੈ।

ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਸਚਿਆਰਾਂ ਨੂੰ ਗੰਦਗੀ ਨਹੀਂ ਚਿਮੜਦੀ। ਪਲੀਤੀ ਉਸ ਨੂੰ ਚਿਮੜਦੀ ਹੈ ਜੋ ਹੋਰਸ ਨਾਲ ਪ੍ਰੀਤ ਪਾਉਂਦਾ ਹੈ।

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
ਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।

ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
ਪ੍ਰਤੀਕੂਲ ਪੁਰਸ਼ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ।

ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥
ਨਾਨਕ, ਕੇਵਲ ਤਦ, ਹੀ ਗਲੀਜ਼-ਪ੍ਰਾਣੀ ਸਾਫ ਸੁਥਰਾ ਹੁੰਦਾ ਹੈ, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
ਆਪਹੁਦਰੇ ਪੁਰਸ਼ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸ ਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?

ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
ਭਲਿਆਂ ਨਾਲ ਮਿਲਾਇਆ ਹੋਇਆ ਭੀ, ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਪੁਰਬਲ ਮੱਦ ਅਮਲਾਂ ਦੇ ਸਬੱਬ ਆਵਾਗਉਣ ਅੰਦਰ ਭਟਕਦਾ ਹੈ।

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
ਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।

ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
ਗੁਰਬਾਣੀ ਦੀ ਘਸਵੱਟੀ ਦਾ ਅਭਿਆਸ ਕਰਨ ਦੁਆਰਾ ਗੁਰੂ ਅਨੁਸਾਰੀ ਨੇ ਆਪਣੇ ਮਨੂਹੈ ਨੂੰ ਕਾਬੂ ਕਰ ਲਿਆ ਹੈ।

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥
ਆਪਣੇ ਮਨੂਏ ਨਾਲ ਉਹ ਟਾਕਰਾ ਕਰਦਾ ਹੈ, ਮਨੂਏ ਨਾਲ ਹੀ ਉਹ ਸੁਲ੍ਹਾ ਦੀ ਗੱਲ ਕਰਦਾ ਹੈ ਅਤੇ ਮਨੂਏ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ।

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
ਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ।

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
ਉਹ ਹਮੇਸ਼ਾਂ ਨਾਮ ਸੁਘਾਰਸ ਪਾਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ।

ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
ਜੋ ਆਪਣੇ ਮਨੂਏ ਦੇ ਬਗੈਰ ਕਿਸੇ ਹੋਰਸ ਨਾਲ ਹਥੋ-ਪਾਈ ਹੁੰਦਾ ਹੈ, ਉਹ ਆਪਣਾ ਜੀਵਨ ਗੁਆ ਕੇ ਟੁਰ ਜਾਏਗਾ।

ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
ਮਨੂਏ ਦੀ ਜ਼ਿੱਦ ਅਤੇ ਝੂਠ ਤੇ ਨਾਰਾਸਤੀ ਦੀ ਕਿਰਤ ਰਾਹੀਂ ਆਪ-ਹੁੰਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ।

ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਮੰਦੇ-ਆਪੇ ਤੇ ਕਾਬੂ ਪਾ ਲੈਂਦਾ ਹੈ, ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ।

ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥
ਨਾਨਕ ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਪਉੜੀ ॥
ਪਊੜੀ।

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
ਹੇ ਹਰੀ ਦੇ ਸਾਧੂ ਸਰੂਪ ਪੁਰਸ਼ੌ! ਮੇਰੇ ਵੀਰਨੋ ਤੁਸੀਂ ਰਬ-ਰੂਪ ਸਚੇ ਗੁਰਾਂ ਦੀ ਇਕ ਸਿਖਿਆ ਸਰਵਣ ਕਰੋ।

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
ਉਥੇ ਉਸ ਦੇ ਦਿਲ ਅੰਦਰ ਰਬੀ ਨੂਰ ਉਦੇ ਹੋ ਜਾਂਦਾ ਹੈ, ਜੋ ਭਾਨ ਦੇ ਰਾਤ੍ਰੀ ਦੇ ਹਨ੍ਹੇਰੇ ਨੂੰ ਹਟਾਉਣ ਦੀ ਮਾਨਿੰਦ ਉਸ ਦੀ ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ।

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
ਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।

copyright GurbaniShare.com all right reserved. Email:-