ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
ਜਿਹੜੇ ਸੀਸ (ਇਨਸਾਨ) ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਣੇ ਹਨ, ਉਹ ਸਫਲ ਹੋ ਜਾਂਦੇ ਹਨ। ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਸ ਕੇ ਉਹ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥ ਜੋ ਸੱਚੇ ਗੁਰਾਂ ਦੀ ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ। ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥ ਨਾਨਕ, ਸੁਆਮੀ ਉਹ ਕੁਝ ਕਰਦਾ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ। ਉਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ। ਮਃ ੩ ॥ ਤੀਜੀ ਪਾਤਸ਼ਾਹੀ। ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਜਿਸ ਦਾ ਮਨੂਆ ਪਾਪਾਂ ਨਾਲ ਘੇਰਿਆ ਹੋਇਆ ਹੈ, ਉਹ ਮੰਦੇ ਅਮਲ ਕਰਦਾ ਹੈ। ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਰੱਬੀ ਗਿਆਤ-ਹੀਣ ਦਵੈਤ-ਭਾਵ ਦੀ ਉਪਾਸਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ। ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ ਤੂੰ ਰੂਹ ਨੂੰ ਪ੍ਰਕਾਸ਼ ਕਰਨ ਵਾਲੇ ਸੁਆਮੀ ਦੀ ਪ੍ਰਸਤਿਸ਼ ਕਰ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਉਸ ਦੀ ਸਮਝ ਨਹੀਂ ਆ ਸਕਦੀ। ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ। ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥ ਨਾਨਕ ਧਿਆਨ ਨਾਲ ਸਾਹਿਬ ਦੀ ਟਹਿਲ ਸੇਵਾ ਕਰ ਪਰ ਕੇਵਲ ਉਹੀ ਟਹਿਲ ਸੇਵਾ ਪਰਵਾਨ ਹੋਵੇਗੀ ਜਿਹੜੀ ਵਾਹਿਗੁਰੂ ਨੂੰ ਚੰਗੀ ਲਗਦੀ ਹੈ। ਪਉੜੀ ॥ ਪਊੜੀ। ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ ਜਿਸ ਨਾਲ ਤੈਨੂੰ ਦਿਹੁੰ ਰੈਣ ਹਮੇਸ਼ਾਂ ਹੀ ਆਰਾਮ ਮਿਲੇਗਾ। ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥ ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ ਹੇ ਮੇਰੀ ਜਿੰਦੇ! ਜਿਸ ਦੇ ਅਰਾਧਨ ਕਰਨ ਦੁਆਰਾ ਤੇਰੇ ਸਾਰੇ ਕੁਕਰਮ ਤੇ ਗੁਨਾਹ ਮਿਟ ਜਾਣਗੇ। ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥ ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ ਸਭ ਦੂਰ ਹੋ ਜਾਣਗੀਆਂ। ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ, ਹੇ ਮੇਰੀ ਆਤਮਾ! ਜਿਸ ਦੁਆਰਾ ਮੁਖੀ ਉਤਕ੍ਰਿਸ਼ਟ ਗੁਰਾਂ ਨਾਲ ਤੇਰੀ ਪਿਰਹੜੀ ਪੈ ਜਾਵੇਗੀ। ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥ ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਐਨ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਜੋ ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ, ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ ਉਨ੍ਹਾਂ ਦੇ ਦਿਲ ਅੰਦਰ ਬ੍ਰਹਿਮ ਗਿਆਤ ਪ੍ਰਵੇਸ਼ ਨਹੀਂ ਕਰਦੀ ਅਤੇ ਉਹ ਇਸ ਜਗ ਵਿੱਚ ਮੁਰਦੇ ਦੀ ਮਾਨਿੰਦ ਹਨ। ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕਟਦੇ ਹਨ ਅਤੇ ਮਰਣ ਤੇ ਜੰਮਣ ਅੰਦਰ ਤਬਾਹ ਹੁੰਦੇ ਹਨ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥ ਜਿਸ ਪਾਸੋਂ ਉਹ ਸੁਆਮੀ ਖੁਦ ਕਰਾਉਂਦਾ ਹੈ, ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ। ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥ ਸੱਚੇ ਗੁਰਾਂ ਅੰਦਰ ਨਾਮ ਦਾ ਖ਼ਜ਼ਾਨਾ ਹੈ, ਜੋ ਰਬ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ। ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥ ਸਦੀਵੀ ਸੱਚੀ ਹੈ ਪਿਰਹੜੀ ਉਨ੍ਹਾਂ ਦੀ, ਜੋ ਵਾਸਤਵ ਵਿੱਚ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ। ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥ ਨਾਨਕ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਉਹ ਉਸ ਨਾਲੋਂ ਜੁਦਾ ਨਹੀਂ ਹੁੰਦਾ, ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਉਹ ਹੀ ਵਾਹਿਗੁਰੂ ਦੇ ਭੇਖ ਵਾਲਾ ਬੰਦਾ ਹੈ ਜਿਹੜਾ ਮੁਬਾਰਕ ਮਾਲਕ ਨੂੰ ਜਾਣਦਾ ਹੈ, ਗੁਰ ਪਰਸਾਦੀ ਆਪੁ ਪਛਾਣੈ ॥ ਅਤੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਿੰਞਾਣਦਾ ਹੈ। ਧਾਵਤੁ ਰਾਖੈ ਇਕਤੁ ਘਰਿ ਆਣੈ ॥ ਉਹ ਆਪਣੇ ਭੱਜੇ ਫਿਰਦੇ ਮਨੂਏ ਨੂੰ ਹੋੜ ਰਖਦਾ ਹੈ, ਅਤੇ ਇਕ ਹਰੀ ਨੂੰ ਆਪਣੇ ਦਿਲ ਦੇ ਗ੍ਰਹਿ ਵਿੱਚ ਲਿਆਉਂਦਾ ਹੈ। ਜੀਵਤੁ ਮਰੈ ਹਰਿ ਨਾਮੁ ਵਖਾਣੈ ॥ ਉਹ ਜੀਊਦੇ ਜੀ ਮਰਿਆ ਰਹਿੰਦਾ ਹੈ ਅਤੇ ਰੱਬ ਦੇ ਨਾਮ ਦਾ ਜਾਪ ਕਰਦਾ ਹੈ। ਐਸਾ ਭਗਉਤੀ ਉਤਮੁ ਹੋਇ ॥ ਸ਼੍ਰੇਸ਼ਟ ਹੈ ਇਹੋ ਜਿਹਾ ਅਨੁਰਾਗੀ। ਨਾਨਕ ਸਚਿ ਸਮਾਵੈ ਸੋਇ ॥੨॥ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ! ਮਃ ੩ ॥ ਤੀਜੀ ਪਾਤਸ਼ਾਹੀ। ਅੰਤਰਿ ਕਪਟੁ ਭਗਉਤੀ ਕਹਾਏ ॥ ਉਸ ਦੇ ਹਿਰਦੇ ਅੰਦਰ ਛਲ ਫ਼ਰੇਬ ਹੈ ਅਤੇ ਉਹ ਆਪਣੇ ਆਪ ਨੂੰ ਸੱਚਾ ਭਗਤ ਅਖਵਾਉਂਦਾ ਹੈ। ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ ਦੰਭ ਦੇ ਰਾਹੀਂ ਉਸ ਨੂੰ ਪਰਮ ਪ੍ਰਭੂ ਕਦਾਚਿੱਤ ਪਰਾਪਤ ਨਹੀਂ ਹੋਣਾ। ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਉਹ ਹੋਰਨਾਂ ਤੇ ਇਲਜਾਮ ਲਾਉਂਦਾ ਹੈ ਅਤੇ ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ। ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ ਉਹ ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ, ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ। ਸਤਸੰਗਤਿ ਸਿਉ ਬਾਦੁ ਰਚਾਏ ॥ ਸਾਧ ਸੰਗਤ ਨਾਲ ਉਹ ਵਿਵਾਦ ਖੜਾ ਕਰ ਲੈਂਦਾ ਹੈ। ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ, ਰੈਣ ਦਿੰਹੁ ਉਹ ਦੁਖਾਂਤ੍ਰ ਰਹਿੰਦਾ ਹੈ। ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਘਣੇਰੇ ਕਰਮ ਕਾਂਡ ਕਰਦਾ ਹੈ। ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ ਜੋ ਕੁਛ ਐਨ ਆਰੰਭ ਤੋਂ ਉਕਰਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ। ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ ਨਾਨਕ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੁੰਦੀ। ਪਉੜੀ ॥ ਪਊੜੀ। ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥ ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਸੜ ਕੇ ਸੁਆਹ ਨਹੀਂ ਹੁੰਦੇ। ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥ ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਰਜ ਤੇ ਧ੍ਰਾਪ ਜਾਂਦੇ ਹਨ। ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥ ਜੋ ਸੱਚੇ ਗੁਰਾਂ ਨੂੰ ਚੇਤੇ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ। copyright GurbaniShare.com all right reserved. Email:- |