ਛਿਅ ਦਰਸਨ ਕੀ ਸੋਝੀ ਪਾਇ ॥੪॥੫॥ ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ। ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥ ਮੇਰੇ ਮਹਾਨ ਮਾਲਕ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ। ਗੁਰ ਤਾਰਿ ਤਾਰਣਹਾਰਿਆ ॥ ਤੂੰ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਮੇਰੀ ਰੱਖਿਆ ਕਰਨਹਾਰ ਗੁਰਦੇਵ। ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥ ਤੂੰ ਮੈਨੂੰ ਸਰਬ-ਵਿਆਪਕ ਅਤੇ ਅਮਰ ਸੁਆਮੀ ਦਾ ਸਿਮਰਨ ਪ੍ਰਦਾਨ ਕਰ। ਮੈਂ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਓ। ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ ਕੇਵਲ ਉਹ ਹੀ ਪੂਰਨ ਪੁਰਸ਼, ਅਭਿਆਸੀ, ਯੋਗੀ ਅਤੇ ਰਮਤਾ ਸਾਧੂ ਹੈ, ਜੋ ਇਕ ਉਚੇ ਸੁਆਮੀ ਦਾ ਸਿਮਰਨ ਕਰਦਾ ਹੈ। ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥ ਜੋ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦੇ ਹਨ, ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤ ਹੋ ਜਾਂਦੇ ਹਨ। ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥ ਮੈਂ ਪੂਜਾ ਪਾਠ, ਤਪੱਸਿਆ, ਸੰਜਮ ਅਤੇ ਕਰਮ ਕਾਂਡਾਂ ਨੂੰ ਨਹੀਂ ਜਾਣਦਾ, ਪ੍ਰੰਤੂ ਮੈਂ ਤੇਰੇ ਨਾਮ ਦਾ ਹੀ ਉਚਾਰਨ ਕਰਦਾ ਹਾਂ, ਹੇ ਸੁਆਮੀ! ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥ ਨਾਨਕ ਗੁਰੂ-ਪਾਰਬ੍ਰਹਮ ਨੂੰ ਮਿਲ ਪਿਆ ਹੈ ਅਤੇ ਸੱਚੇ ਨਾਮ ਦੇ ਰਾਹੀਂ ਮੁਕਤ ਹੋ ਗਿਆ ਹੈ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਸੁਰਤੀ ਸੁਰਤਿ ਰਲਾਈਐ ਏਤੁ ॥ ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ। ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ। ਅੰਤਰਿ ਭਾਹਿ ਤਿਸੈ ਤੂ ਰਖੁ ॥ ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ। ਅਹਿਨਿਸਿ ਦੀਵਾ ਬਲੈ ਅਥਕੁ ॥੧॥ ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ। ਐਸਾ ਦੀਵਾ ਨੀਰਿ ਤਰਾਇ ॥ ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ। ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥ ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ। ਹਛੀ ਮਿਟੀ ਸੋਝੀ ਹੋਇ ॥ ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ। ਤਾ ਕਾ ਕੀਆ ਮਾਨੈ ਸੋਇ ॥ ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ। ਕਰਣੀ ਤੇ ਕਰਿ ਚਕਹੁ ਢਾਲਿ ॥ ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ। ਐਥੈ ਓਥੈ ਨਿਬਹੀ ਨਾਲਿ ॥੨॥ ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ। ਆਪੇ ਨਦਰਿ ਕਰੇ ਜਾ ਸੋਇ ॥ ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ, ਗੁਰਮੁਖਿ ਵਿਰਲਾ ਬੂਝੈ ਕੋਇ ॥ ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ। ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ। ਪਾਣੀ ਮਰੈ ਨ ਬੁਝਾਇਆ ਜਾਇ ॥ ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ। ਐਸਾ ਦੀਵਾ ਨੀਰਿ ਤਰਾਇ ॥੩॥ ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ। ਡੋਲੈ ਵਾਉ ਨ ਵਡਾ ਹੋਇ ॥ ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ। ਜਾਪੈ ਜਿਉ ਸਿੰਘਾਸਣਿ ਲੋਇ ॥ ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ। ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼, ਨਿਰਤਿ ਨ ਪਾਈਆ ਗਣੀ ਸਹੰਸ ॥ ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ। ਐਸਾ ਦੀਵਾ ਬਾਲੇ ਕੋਇ ॥ ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ, ਨਾਨਕ ਸੋ ਪਾਰੰਗਤਿ ਹੋਇ ॥੪॥੭॥ ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ ਤੇਰੇ ਨਾਮ ਵਿੱਚ ਭਰੋਸਾ ਧਾਰਨਾ ਹੀ, ਹੇ ਮੇਰੇ ਸੁਆਮੀ! ਤੈਨੂੰ ਸੱਚੀ ਨਮਸਕਾਰ ਹੈ। ਸਾਚੁ ਭੇਟ ਬੈਸਣ ਕਉ ਥਾਉ ॥ ਸੱਚ ਦਾ ਨਜਰਾਨਾ ਪੇਸ਼ ਕਰਨ ਦੁਆਰਾ, ਪ੍ਰਾਣੀ ਨੂੰ ਬੈਠਣ ਲਈ ਜਗ੍ਹਾ ਮਿਲ ਜਾਂਦੀ ਹੈ। ਸਤੁ ਸੰਤੋਖੁ ਹੋਵੈ ਅਰਦਾਸਿ ॥ ਜੇਕਰ ਇਨਸਾਨ ਵਾਸਤਵ ਵਿੱਚ, ਸਬਰ ਸਿਦਕ ਨਾਲ, ਪ੍ਰਾਰਥਨਾ ਕਰੇ, ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਤਦ ਪ੍ਰਭੂ ਉਸ ਨੂੰ ਸ੍ਰਵਣ ਕਰਦਾ ਹੈ ਅਤੇ ਉਸ ਨੂੰ ਅੰਦਰ ਬੁਲਾ ਕੇ ਆਪਣੇ ਲਾਗੇ ਬਠਾਲ ਲੈਂਦਾ ਹੈ। ਨਾਨਕ ਬਿਰਥਾ ਕੋਇ ਨ ਹੋਇ ॥ ਹੇ ਨਾਨਕ! ਓਥੋਂ ਖਾਲੀ ਹੱਥੀਂ ਕੋਈ ਨਹੀਂ ਮੁੜਦਾ, ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥ ਐਹੋ ਜੇਹਾ ਹੈ ਉਹ ਸੱਚਾ ਸੁਆਮੀ ਅਤੇ ਉਸ ਦਾ ਦਰਬਾਰ। ਠਹਿਰਾਓ। ਪ੍ਰਾਪਤਿ ਪੋਤਾ ਕਰਮੁ ਪਸਾਉ ॥ ਤੇਰੀ ਰਹਿਮਤ ਦੀ ਦਾਤ ਦਾ ਖਜਾਨਾ, ਹੇ ਮੇਰੇ ਮਾਲਕ! ਮੈਂ ਲੈਣਾ ਲੋੜਦਾ ਹਾਂ। ਤੂ ਦੇਵਹਿ ਮੰਗਤ ਜਨ ਚਾਉ ॥ ਮੈਂ ਮੰਗਤੇ ਨੂੰ ਤੂੰ ਇਸ ਦੀ ਬਖਸ਼ਿਸ਼ ਕਰ। ਕੇਵਲ ਇਹ ਹੀ ਮੇਰੀ ਦਿਲੀ ਉਮੰਗ ਹੈ। ਭਾਡੈ ਭਾਉ ਪਵੈ ਤਿਤੁ ਆਇ ॥ ਪ੍ਰਭੂ ਦੀ ਪ੍ਰੀਤ ਤਦ ਉਸ ਮੰਗਤੇ ਨੂੰ ਦਿਲ ਦੇ ਬਰਤਨ ਵਿੱਚ ਆ ਪੈਦੀ ਹੈ। ਧੁਰਿ ਤੈ ਛੋਡੀ ਕੀਮਤਿ ਪਾਇ ॥੨॥ ਇਹ ਹੈ ਮੁੱਲ ਜੋ ਤੂੰ ਆਪਦੇ ਭਿਖਾਰੀ ਦਾ ਪਾਉਂਦਾ ਹੈਂ, ਹੇ ਆਦਿ ਪੁਰਖ! ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਜਿਸ ਨੇ ਇਹ ਸਾਰਾ ਕੁਝ ਰਚਿਆਹ ਹੈ, ਉਹੀ ਇਹ ਸਾਰਾ ਕੁਝ ਕਰਦਾ ਹੈ। ਅਪਨੀ ਕੀਮਤਿ ਆਪੇ ਧਰੈ ॥ ਆਪਣਾ ਮੁੱਲ ਉਹ ਆਪ ਹੀ ਪਾਉਂਦਾ ਹੈ। ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ, ਪਾਤਿਸ਼ਾਹ ਬੰਦੇ ਉਤੇ ਜ਼ਾਹਰ ਹੋ ਜਾਂਦਾ ਹੈ। ਨਾ ਕੋ ਆਵੈ ਨਾ ਕੋ ਜਾਇ ॥੩॥ ਤਦ ਉਹ ਨਾਂ ਆਉਂਦਾ (ਜੰਮਦਾ) ਹੈ ਨਾਂ ਹੀ ਜਾਂਦਾ (ਮਰਦਾ) ਹੈ। ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ ਲੋਕ ਉਸ ਮੰਗਤੇ ਪੁਰਸ਼ ਨੂੰ ਫਿਟਲਾਣ੍ਹਤ ਕਰਦੇ ਹਨ ਜੋ, ਮੰਗਣ ਦੁਆਰ, ਸੁਆਮੀ ਦੇ ਦਰਬਾਰ ਅੰਦਰ ਇਜਤ ਆਬਰੂ ਨਹੀਂ ਪਾਉਂਦਾ। ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥ ਹੇ ਕੰਤ! ਤੂੰ ਮੇਰੇ ਪਾਸੋਂ ਆਪਣੀਆਂ ਰੱਬੀ ਗੰਲਾਂ ਬਾਤਾਂ, ਧਰਮ-ਕਥਨ ਅਤੇ ਆਪਣੇ ਦਰਬਾਰ ਦੀਆਂ ਸਾਖੀਆਂ ਉਚਾਰਨ ਕਰਵਾਈਆਂ ਹਨ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ? ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ। copyright GurbaniShare.com all right reserved. Email |