ਐਸਾ ਗਿਆਨੁ ਬੀਚਾਰੈ ਕੋਈ ॥ ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ, ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥ ਜਿਸ ਦੇ ਰਾਹੀਂ ਉਸ ਨੂੰ ਮੋਖਸ਼ ਅਤੇ ਮਹਾਨ ਸ੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੇ ਹਨ। ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ ਦਿਨ ਵਿੱਚ ਰਾਤ ਹੈ ਅਤੇ ਰਾਤ ਵਿੱਚ ਦਿਨ ਹੈ। ਇਹੀ ਰੀਤੀ ਹੈ ਗਰਮੀ ਅਤੇ ਸਰਦੀ ਦੀ। ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥ ਉਸ ਦੀ ਅਵਸਥਾ ਅਤੇ ਵਿਸਥਾਰ ਨੂੰ ਹੋਰ ਕੋਈ ਨਹੀਂ ਜਾਣਦਾ। ਗੁਰਾਂ ਦੇ ਬਾਝੋਂ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ। ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਨਰ ਵਿੱਚ ਮਦੀਨ ਹੈ ਅਤੇ ਮਦੀਨ ਵਿੰਚ ਨਰ ਹੈ। ਤੂੰ ਇਸ ਨੂੰ ਅਨੁਭਵ ਕਰ ਹੇ ਵਾਹਿਗੁਰੂ ਦੇ ਗਿਆਨੀ। ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥ ਪ੍ਰਭੂ ਦੀ ਲਗਨ ਅੰਦਰ ਰੂਹਾਨੀ ਦ੍ਰਿਸ਼ਯ ਹੈ ਅਤੇ ਰੂਹਾਨੀ ਦ੍ਰਿਸ਼ਯ ਰਾਹੀਂ ਹੀ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਅਕਹਿ ਵਾਰਤਾ ਜਾਣੀ ਜਾਂਦੀ ਹੈ। ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਚਿੱਤ ਅੰਦਰ ਰੱਬੀ ਨੂਰ ਹੈ ਅਤੇ ਰੱਬੀ ਨੂਰ ਅੰਦਰ ਹੈ ਚਿੱਤ ਅਤੇ ਪੰਜੇ ਗਿਆਨ ਇੱਦਰੇ, ਜੋ ਇਕੋ ਗੁਰੂ ਦੇ ਚੇਲਿਆਂ ਦੀ ਮਾਨੰਦ ਮਿਲ ਕੇ ਇਕ ਸੁਰ ਤਾਲ ਵਿੱਚ ਹੋ ਗਏ ਹਨ। ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥ ਨਾਨਕ ਉਹਨਾਂ ਉਤੋਂ ਸਦੀਵੀ ਹੀ ਘੋਲੀ ਵੰਞਦਾ ਹੈ, ਜੋ ਇਕ ਨਾਮ ਨਾਲ ਪ੍ਰੀਤ ਪਾਉਂਦੇ ਹਨ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਜਾ ਹਰਿ ਪ੍ਰਭਿ ਕਿਰਪਾ ਧਾਰੀ ॥ ਜਦ ਸੁਆਮੀ ਵਾਹਿਗੁਰੂ ਨੇ ਮਿਹਰ ਕੀਤੀ, ਤਾ ਹਉਮੈ ਵਿਚਹੁ ਮਾਰੀ ॥ ਤਦ ਮੇਰੀ ਸਵੈ-ਹੰਗਤਾ ਮੇਰੇ ਅੰਦਰੋਂ ਦੂਰ ਹੋ ਗਈ। ਸੋ ਸੇਵਕਿ ਰਾਮ ਪਿਆਰੀ ॥ ਉਹ ਸਾਹਿਬ ਨੂੰ ਪਿਆਰਾ ਲੱਗਦਾ ਹੈ ਜਿਹੜਾ ਟਹਿਲੂਆ ਜੋ ਗੁਰ ਸਬਦੀ ਬੀਚਾਰੀ ॥੧॥ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ। ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਉਹ ਰੱਬ ਦਾ ਗੋਲਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥ ਜੋ ਦਿਹੁੰ ਰੈਣ ਸਦਾ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਜੱਸ ਤੇ ਅਪਜੱਸ ਦੀ ਪਰਵਾਹ ਨਾਂ ਕਰ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਠਹਿਰਾਓ। ਧੁਨਿ ਵਾਜੇ ਅਨਹਦ ਘੋਰਾ ॥ ਸੁਤੇ ਸਿੱਧ ਹੋਣ ਵਾਲਾ ਬੈਕੁੰਠੀ ਕੀਰਤਨ ਹੁੰਦਾ ਹੈ, ਮਨੁ ਮਾਨਿਆ ਹਰਿ ਰਸਿ ਮੋਰਾ ॥ ਤੇ ਗੂੰਜਦਾ ਹੈ ਅਤੇ ਇਸ ਈਸ਼ਵਰੀ ਅੰਮ੍ਰਿਤ ਨਾਲ ਮੇਰੀ ਜਿੰਦੜੀ ਪਤੀਜ ਗਈ ਹੈ। ਗੁਰ ਪੂਰੈ ਸਚੁ ਸਮਾਇਆ ॥ ਪੂਰਨ ਗੁਰਾਂ ਦੀ ਮਿਹਰ ਦੁਆਰਾ, ਮੈਂ ਸੱਚ ਅੰਦਰ ਲੀਨ ਹੋ ਗਿਆ ਹਾਂ, ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ ਅਤੇ ਵਿਸ਼ਾਲ ਪਰਾਪੂਰਬਲੇ ਪ੍ਰਭੂ ਨੂੰ ਪਾ ਲਿਆ ਹੈ। ਸਭਿ ਨਾਦ ਬੇਦ ਗੁਰਬਾਣੀ ॥ ਗੁਰਾਂ ਦੀ ਬਾਣੀ ਹੀ ਦਸਮ ਦੁਆਰ ਦਾ ਸੰਗੀਤ, ਵੇਦ ਅਤੇ ਹਰ ਵਸਤੂ ਹੈ। ਮਨੁ ਰਾਤਾ ਸਾਰਿਗਪਾਣੀ ॥ ਮੇਰੀ ਜਿੰਦੜੀ ਪ੍ਰਭੂ ਸੁਆਮੀ ਨਾਲ ਰੰਗੀ ਹੋਈ ਹੈ, ਤਹ ਤੀਰਥ ਵਰਤ ਤਪ ਸਾਰੇ ॥ ਉਸ ਅੰਦਰਹੀ ਸਮੂਹ ਯਾਤਰਾ ਅਸਥਾਨ, ਵਰਤ ਅਤੇ ਕਰੜੀਆਂ ਘਾਲਾਂ ਆ ਜਾਂਦੀਆਂ ਹਨ। ਗੁਰ ਮਿਲਿਆ ਹਰਿ ਨਿਸਤਾਰੇ ॥੩॥ ਵਾਹਿਗੁਰੂ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਨੂੰ ਮਿਲ ਪੈਂਦਾ ਹੈ। ਜਹ ਆਪੁ ਗਇਆ ਭਉ ਭਾਗਾ ॥ ਜਿਸ ਦੀ ਸਵੈ-ਹੰਗਤਾ ਮਿੱਟ ਗਈ ਹੈ, ਉਸ ਦਾ ਡਰ ਦੌੜ ਜਾਂਦਾ ਹੈ, ਗੁਰ ਚਰਣੀ ਸੇਵਕੁ ਲਾਗਾ ॥ ਅਤੇ ਉਹ ਗੋਲਾ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ। ਗੁਰਿ ਸਤਿਗੁਰਿ ਭਰਮੁ ਚੁਕਾਇਆ ॥ ਵੱਡੇ ਸੱਚੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ, ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥ ਅਤੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ, ਗੁਰੂ ਜੀ ਆਖਦੇ ਹਨ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਛਾਦਨੁ ਭੋਜਨੁ ਮਾਗਤੁ ਭਾਗੈ ॥ ਯੋਗੀ ਕੱਪੜੇ ਅਤੇ ਟੁੱਕਰ ਮੰਗਦਾ ਹੋਇਆ ਭੱਜਿਆ ਫਿਰਦਾ ਹੈ। ਖੁਧਿਆ ਦੁਸਟ ਜਲੈ ਦੁਖੁ ਆਗੈ ॥ ਉਹ ਪੈੜੀ ਭੁੱਖ ਦੀ ਪੀੜ ਨਾਲ ਸੜਦਾ ਹੈ ਅਤੇ ਪ੍ਰਲੋਕ ਵਿੱਚ ਭੀ ਕਸ਼ਟ ਉਠਾਉਂਦਾ ਹੈ। ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥ ਉਹ ਗੁਰਾਂ ਦੀ ਸਿੱਖਮਤ ਧਾਰਨ ਨਹੀਂ ਕਰਦਾ ਅਤੇ ਮੰਦੀ ਅਕਲ ਦੀ ਰਾਹੀਂ ਆਪਣੀ ਇਜ਼ਤ ਆਬਰੂ ਗੁਆ ਲੈਂਦਾ ਹੈ। ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥ ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਪੁਰਸ਼ ਹੀ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ। ਜੋਗੀ ਜੁਗਤਿ ਸਹਜ ਘਰਿ ਵਾਸੈ ॥ ਸੱਚੇ ਯੋਗੀ ਦਾ ਮਾਰਗ ਇਹ ਹੈ ਕਿ ਉਹ ਖੁਸ਼ੀ ਦੇ ਗ੍ਰਹਿ (ਅਵਸਥਾ) ਅੰਦਰ ਵੱਸਦਾ ਹੈ। ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥ ਜੋ ਪ੍ਰਭੂ ਦੀ ਪ੍ਰੀਤ ਦੀ ਖੈਰ ਨਾਲ ਰੱਜ ਗਿਆ ਹੈ ਉਸ ਦੀ ਨਿਗ੍ਹਾ ਪੱਖਪਾਤ-ਰਹਿਤ ਹੁੰਦੀ ਹੈ ਅਤੇ ਉਹ ਕੇਵਲ ਆਪਣੇ ਮਾਲਕ ਨੂੰ ਹੀ ਵੇਖਦਾ ਹੈ। ਠਹਿਰਾਓ। ਪੰਚ ਬੈਲ ਗਡੀਆ ਦੇਹ ਧਾਰੀ ॥ ਕਰਮ ਇੰਦਰੀਆਂ ਦੇ ਪੰਜੇ ਬਲ੍ਹਦ ਸਰੀਰ ਦੇ ਗੱਡੇ ਨੂੰ ਖਿੱਚਦੇ ਹਨ। ਰਾਮ ਕਲਾ ਨਿਬਹੈ ਪਤਿ ਸਾਰੀ ॥ ਸੁਆਮੀ ਦੀ ਸਤਿਆ ਦੁਆਰਾ ਸਾਰਾ ਕੁਝ ਇਜ਼ਤ ਨਾਲ ਸਹੀ ਸਲਾਮਤ ਤੁਰਿਆ ਜਾਂਦਾ ਹੈ। ਧਰ ਤੂਟੀ ਗਾਡੋ ਸਿਰ ਭਾਰਿ ॥ ਜਦ ਮਾਲਕ ਦੇ ਆਸਰੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ (ਸਰੀਰ ਦਾ) ਗੱਡਾ ਸਿਰਪਰਨੇ ਡਿੱਗ ਪੈਂਦਾ ਹੈ। ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥ ਜਦ ਸਰੀਰ ਡਿੱਗ ਪੈਂਦਾ ਹੈ ਤਾਂ ਇਹ ਲਕੜੀਆਂ ਦੇ ਢੇਰ ਵਿੱਚ ਸਾੜ ਦਿੱਤਾੈਜਾਂਦਾ ਹੈ। ਗੁਰ ਕਾ ਸਬਦੁ ਵੀਚਾਰਿ ਜੋਗੀ ॥ ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ, ਹੇ ਯੋਗੀ! ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ ਤੂੰ ਪੀੜ ਤੇ ਖੁਸ਼ੀ ਅਤੇ ਗਮ ਤੇ ਵਿਛੋੜੇ ਨੂੰ ਇਕ ਸਮਾਨ ਖਿਆਲ ਕਰ। ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ ਵਾਹਿਗੁਰੂ ਦੇ ਨਾਮ ਅਤੇ ਗੁਰਬਾਣੀ ਦੀ ਸੋਚ ਵਿਚਾਰ ਨੂੰ ਤੂੰ ਆਪਣਾ ਭੋਜਨ ਬਣਾ। ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥ ਸਰੂਪ ਰਹਿਤ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੇਰੀ ਆਤਮਾਂ ਦੀ ਦੀਵਾਰ ਮੁਸਤਕਿਲ (ਸਦੀਵੀ) ਰਹੇਗੀ। ਸਹਜ ਜਗੋਟਾ ਬੰਧਨ ਤੇ ਛੂਟਾ ॥ ਅਡੋਲਤਾ ਦਾ ਲੰਗੋਟਾ ਪਾਉਣ ਦੁਆਰਾ ਤੂੰ ਜੰਜਾਲਾਂ ਤੋਂ ਖਲਾਸੀ ਪਾ ਜਾਵੇਂਗਾ। ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥ ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਕਾਮਚੇਸ਼ਟਾ ਅਤੇ ਗੁੱਸਾ ਨਾਸ ਹੋ ਜਾਣਗੇ। ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥ ਗੁਰੂ-ਪ੍ਰਮੇਸ਼ਰ ਦੀ ਪਨਾਹ ਲੈਣੀ ਤੇਰੇ ਹਿਰਦੇ ਦੇ ਕਰਣ-ਕੁੰਡਲ ਹੋਣੇ ਉਚਿੱਤ ਹਨ। ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥ ਹੇ ਨਾਨਕ! ਸੁਆਮੀ ਦੇ ਸਿਮਰਨ ਦੁਆਰਾ, ਬੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾਂ ਹੈ। copyright GurbaniShare.com all right reserved. Email |