ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
ਜੇਕਰ ਮੈਂ ਆਪਣੇ ਮਨ ਅੰਦਰ ਉਸ ਦਾ ਚਿੰਤਨ ਕਰਾਂ, ਤਦ ਮੇਰੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥ ਮੇਰੀ ਫਿਕਰ ਦੀ ਬੀਮਾਰੀ ਤੇ ਹੰਕਾਰ ਦਾ ਦਰਦ ਦੂਰ ਹੋ ਗਏ ਹਨ, ਅਤੇ ਪ੍ਰਭੂ ਖੁਦ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ। ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ ਬੱਚੇ ਦੀ ਮਾਨਿੰਦ ਮੈਂ ਹਰ ਸ਼ੈ ਦੀ ਯਾਚਨਾ ਕਰਦਾ ਹਾਂ। ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ ਇਸ ਤਰ੍ਹਾਂ ਦੇਣ ਨਾਲ ਪ੍ਰਭੂ ਪਾਤਸ਼ਾਹ ਨੂੰ ਕੋਈ ਕਮੀ ਨਹੀਂ ਵਾਪਰਦੀ। ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥ ਉਸਨੂੰ ਪਰਮ ਪ੍ਰਸੰਨ ਕਰਨ ਲਈ ਮੈਂ ਵਾਹਿਗੁਰੂ ਦੇ ਪਗੀਂ ਬਾਰੰਬਾਰ ਪੈਦਾ ਹਾਂ, ਜੋ ਗਰੀਬਾਂ ਤੇ ਮਿਹਰਬਾਨ ਤੇ ਆਲਮ ਦਾ ਪਾਲਣਹਾਰ ਹੈ। ਹਉ ਬਲਿਹਾਰੀ ਸਤਿਗੁਰ ਪੂਰੇ ॥ ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨਿ ਬੰਧਨ ਕਾਟੇ ਸਗਲੇ ਮੇਰੇ ॥ ਜਿਨ੍ਹਾਂ ਨੇ ਮੇਰੀਆਂ ਸਾਰੀਆਂ ਬੇੜੀਆਂ ਵੱਢ ਸੁਟੀਆਂ ਹਨ। ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥ ਮੇਰੇ ਮਨ ਅੰਦਰ ਨਾਮ ਚੋ ਕੇ ਉਨ੍ਹਾਂ ਨੇ ਮੈਨੂੰ ਪਵਿੱਤਰ ਕਰ ਦਿਤਾ ਹੈ। ਪ੍ਰਭੂ ਦੀ ਪ੍ਰੀਤ ਰਾਹੀਂ, ਹੈ ਨਾਨਕ! ਮੈਂ ਅੰਮ੍ਰਿਤ ਦਾ ਘਰ ਬਣ ਗਿਆ ਹਾਂ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਲਾਲ ਗੋਪਾਲ ਦਇਆਲ ਰੰਗੀਲੇ ॥ ਹੈ ਮੇਰੇ ਪ੍ਰੀਤਮ ਪ੍ਰਭੂ! ਤੂੰ ਸ੍ਰਿਸ਼ਟੀ ਦਾ ਪਾਲਣਹਾਰ ਮਿਹਰਬਾਨ, ਗਹਿਰ ਗੰਭੀਰ ਬੇਅੰਤ ਗੋਵਿੰਦੇ ॥ ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ, ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥ ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ, ਬੁਲੰਦ, ਬੇਇਨਤਹਾ ਅਤੇ ਹਦਬੰਨਾ-ਰਹਿਤ ਹੈ। ਮੈਂ ਤੈਨੂੰ ਇਕ ਰਸ ਅਰਾਧਨ ਦੁਆਰਾ ਜੀਉਂਦਾ ਹਾਂ। ਦੁਖ ਭੰਜਨ ਨਿਧਾਨ ਅਮੋਲੇ ॥ ਤੂੰ ਦਰਦ-ਨਾਸ਼ਕਰਤਾ, ਅਣਮੁੱਲਾ ਖ਼ਜ਼ਾਨਾ, ਨਿਰਭਉ ਨਿਰਵੈਰ ਅਥਾਹ ਅਤੋਲੇ ॥ ਭੈ-ਰਹਿਤ, ਦੁਸ਼ਮਨੀ-ਰਹਿਤ, ਬੇਥਾਹ, ਅਮਾਪ, ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥ ਅਮਰ, ਸਰੂਪ ਜੰਮਣ-ਮਰਣ ਰਹਿਤ ਅਤੇ ਸਵੈ ਪ੍ਰਕਾਸ਼ਵਾਨ ਹੈ। ਆਪਣੇ ਹਿਰਦੇ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਮੈਂ ਅਮਨ ਚੈਨ ਸਹਿਤ ਹੋ ਜਾਂਦਾ ਹਾਂ। ਸਦਾ ਸੰਗੀ ਹਰਿ ਰੰਗ ਗੋਪਾਲਾ ॥ ਸ੍ਰਿਸ਼ਟੀ ਦਾ ਪਾਲਣ ਪੋਸਣਹਾਰ, ਅਨੰਦੀ ਸਾਹਿਬ ਮੇਰਾ ਸਦੀਵ ਹੀ ਸਾਥੀ ਹੈ। ਊਚ ਨੀਚ ਕਰੇ ਪ੍ਰਤਿਪਾਲਾ ॥ ਉਚਿਆ ਅਤੇ ਨੀਵਿਆਂ ਦੀ ਉਹ ਪਰਵਰਸ਼ ਕਰਦਾ ਹੈ। ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥ ਸੁਧਾਰਸ ਦੇ ਘਰ ਸਾਈਂ ਦੇ ਨਾਮ ਨਾਲ ਮੇਰਾ ਮਨੂਆ ਰੱਜ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਸੁਧਾਰਸ ਪਾਨ ਕਰਦਾ ਹਾਂ। ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ ਗ਼ਮੀ ਤੇ ਖੁਸ਼ੀ ਵਿੱਚ, ਹੈ ਪ੍ਰੀਤਮ! ਮੈਂ ਤੈਨੂੰ ਯਾਦ ਕਰਦਾ ਹਾਂ। ਏਹ ਸੁਮਤਿ ਗੁਰੂ ਤੇ ਪਾਈ ॥ ਇਹ ਸਰੇਸ਼ਟ ਸਮਝ ਮੈਂ ਗੁਰਾਂ ਪਾਸੋਂ ਪਰਾਪਤ ਕੀਤੀ ਹੈ। ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥ ਤੂੰ ਨਾਨਕ ਦਾ ਆਸਰਾ ਹੈਂ, ਹੇ ਵਾਹਿਗੁਰੂ ਸੁਆਮੀ! ਤੇਰੀ ਪ੍ਰੀਤ ਦੁਆਰਾ ਮੈਂ ਜੀਵਨ ਦੇ ਸਮੁੰਦਰ ਨੂੰ ਤਰ ਜਾਂਦਾ ਹਾਂ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ। ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥ ਉਨ੍ਹਾਂ ਦਾ ਅਮੋਘ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਣ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥ ਸੁਲੱਖਣੇ ਹਨ ਮਹੂਰਤ (48 ਮਿੰਟਾਂ), ਚਸਾ (4ੇ5 ਸੈਕਿੰਡਾਂ), ਪਲ (24 ਸੈਕਿੰਡਾ) ਅਤੇ ਘੜੀ (24 ਮਿੰਟਾ) ਦੇ ਅਰਸੇ ਅਤੇ ਸੁਬਹਾਨ ਹੈ ਉਹ ਮਿਲਾਪ ਜੋ ਸੱਚੇ ਗੁਰਾਂ ਦੇ ਨਾਲ ਹੈ। ਉਦਮੁ ਕਰਤ ਮਨੁ ਨਿਰਮਲੁ ਹੋਆ ॥ ਉਪਰਾਲਾ ਕਰਦਿਆਂ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ। ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ ਰੱਬ ਦੇ ਰਾਹੇਂ ਟੁਰਦਿਆਂ ਮੇਰਾ ਸੰਦੇਹ ਸਭ ਦੂਰ ਹੋ ਗਿਆ ਹੈ। ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥ ਸੱਚੇ ਗੁਰਾਂ ਨੇ ਵਡਿਆਈਆਂ ਦਾ ਖ਼ਜ਼ਾਨਾ ਵਾਹਿਗੁਰੂ ਦਾ ਨਾਮ, ਮੈਨੂੰ ਸਰਵਣ ਕਰਾਇਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਮਲੀਆ-ਮੇਟ ਹੋ ਗਈਆਂ ਹਨ। ਅੰਤਰਿ ਬਾਹਰਿ ਤੇਰੀ ਬਾਣੀ ॥ ਅੰਦਰ ਤੇ ਬਾਹਰਵਾਰ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ। ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ ਤੂੰ ਖੁਦ ਇਸ ਨੂੰ ਉਚਾਰਣ ਕੀਤਾ ਅਤੇ ਖੁਦ ਹੀ ਇਸ ਨੂੰ ਵਰਨਣ ਕੀਤਾ। ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥ ਗੁਰਾਂ ਨੇ ਆਖਿਆ, "ਵਾਹਿਗੁਰੂ ਇਕ ਹੈ ਅਤੇ ਸਾਰਿਆਂ ਸਮਿਆਂ ਅੰਦਰ ਕੇਵਲ ਇਕ ਹੈ ਅਤੇ ਹੋਰ ਕੋਈ ਬਿਲਕੁਲ ਨਹੀਂ ਹੋਵੇਗਾ"। ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ ਅਮਰ ਕਰਣ ਵਾਲਾ ਆਬਿ-ਹਿਯਾਤ ਮੈਂ ਰੱਬ-ਰੂਪ ਗੁਰਾਂ ਪਾਸੋਂ ਪੀਤਾ ਹੈ। ਹਰਿ ਪੈਨਣੁ ਨਾਮੁ ਭੋਜਨੁ ਥੀਆ ॥ ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਤੇ ਖੁਰਾਕ ਬਣ ਗਿਆ ਹੈ। ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥ ਮੇਰੇ ਲਈ ਨਾਮ ਖੁਸ਼ੀ ਹੈ ਅਤੇ ਨਾਮ ਹੀ ਖੇਡਾਂ ਤੇ ਦਿਲ ਬਹਿਲਾਵੇ। ਵਾਹਿਗੁਰੂ ਦੇ ਨਾਮ ਨੂੰ ਹੀ ਨਾਨਕ ਨੇ ਆਪਣੀਆਂ ਨਿਹਮਤਾ ਬਣਾਇਆ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ ਮੈਂ ਸਮੁਹ ਸਾਧੂਆਂ ਕੋਲੋਂ ਇਕ ਚੀਜ਼ ਦੀ ਯਾਚਨਾ ਕਰਦਾ ਹਾਂ। ਕਰਉ ਬਿਨੰਤੀ ਮਾਨੁ ਤਿਆਗਉ ॥ ਮੈਂ ਇਕ ਪ੍ਰਾਰਥਨਾ ਕਰਦਾ ਹਾਂ ਤੇ ਆਪਣੀ ਹੰਗਤਾ ਨੂੰ ਛੱਡਦਾ ਹਾਂ। ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥ ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਪਰਾਪਤੀ ਲਈ ਬੇਨਤੀ ਕਰਦਾ ਹਾਂ। ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ। ਤੁਮ ਸਮਰਥ ਸਦਾ ਸੁਖਦਾਤੇ ॥ ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ। ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥ ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ ਹਨ! ਮੇਰਾ ਜੀਵਨ ਸਮਾਂ ਤੂੰ ਸਫਲਾ ਕਰ ਦੇ। ਦਰਸਨਿ ਤੇਰੈ ਭਵਨ ਪੁਨੀਤਾ ॥ ਜਿਨ੍ਹਾਂ ਦਾ ਘਰ (ਦੇਹਿ) ਤੇਰੇ ਦੀਦਾਰ ਦੁਆਰਾ ਪਵਿੱਤ੍ਰ ਹੋ ਗਿਆ ਹੈ, ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ ਉਹ ਆਤਮਾ ਦੇ ਕਠਿਨ ਕਿਲ੍ਹੇ ਨੂੰ ਜਿੱਤ ਲੈਂਦੇ ਹਨ। ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥ ਤੂੰ ਦੇਣ ਵਾਲਾ ਹੈ ਅਤੇ ਤੂੰ ਹੀ ਤਾਕਤਵਰ ਢੋ ਮੇਲ ਮੇਲਣਹਾਰ। ਤੇਰੇ ਜਿੱਡਾ ਵੱਡਾ ਹੋਰ ਕੋਈ ਯੋਧਾ ਨਹੀਂ।
|