ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 250

ੴ ਸਤਿਗੁਰ ਪ੍ਰਸਾਦਿ ॥ ਗਉੜੀ ਬਾਵਨ ਅਖਰੀ ਮਹਲਾ ੫ ॥ ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥ {ਪੰਨਾ 250}

ਪਦ ਅਰਥ: ਬਾਵਨ ਅਖਰੀ = 52 ਅੱਖਰਾਂ ਵਾਲੀ ਬਾਣੀ। ਮਹਲਾ = ਸਰੀਰ। ਮਹਲਾ 5 = ਗੁਰੂ ਨਾਨਕ ਪੰਜਵੇਂ ਸਰੀਰ ਵਿਚ, ਗੁਰੂ ਅਰਜਨ ਦੇਵ (ਦੀ ਬਾਣੀ) ।

ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ-ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ। ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ। ਮੰਤੁ = ਉਪਦੇਸ਼। ਸਤਿ = ਸੱਚ, ਸਦਾ-ਥਿਰ ਪ੍ਰਭੂ। ਬੁਧਿ = ਅਕਲ। ਮੂਰਤਿ = ਸਰੂਪ। ਪਰਸ = ਛੋਹ। ਅੰਮ੍ਰਿਤ ਸਰੋਵਰੁ = ਅੰਮ੍ਰਿਤ ਦਾ ਸਰੋਵਰ। ਮਜਨੁ = ਚੁੱਭੀ, ਇਸ਼ਨਾਨ। ਅਪਰੰਪਰਾ = ਪਰੇ ਤੋਂ ਪਰੇ। ਸਭਿ = ਸਾਰੇ। ਹਰਤਾ = ਦੂਰ ਕਰਨ ਵਾਲਾ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਵਿਤ ਕਰਾ = ਪਵਿਤ੍ਰ ਕਰਨ ਵਾਲਾ। ਜੁਗੁ ਜੁਗੁ = ਹਰੇਕ ਜੁਗ ਵਿਚ। ਜਪਿ = ਜਪ ਕੇ। ਉਧਰਾ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ। ਪ੍ਰਭ = ਹੇ ਪ੍ਰਭੂ! ਜਿਤੁ = ਜਿਸ ਦੀ ਰਾਹੀਂ। ਜਿਤੁ ਲਗਿ = ਜਿਸ ਵਿਚ ਲੱਗ ਕੇ। ਨਾਨਕ = ਹੇ ਨਾਨਕ!।1।

ਅਰਥ: ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ) , ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ। ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ। ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।

ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।

ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ। ਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ। ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।

ਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤਿ ਵਿਚ (ਰਹਿ ਕੇ) ਤਰ ਜਾਈਏ। ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।1।

ਸਲੋਕੁ ॥ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥ ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥੧॥ ਪਉੜੀ ॥ ਓਅੰ ਸਾਧ ਸਤਿਗੁਰ ਨਮਸਕਾਰੰ ॥ ਆਦਿ ਮਧਿ ਅੰਤਿ ਨਿਰੰਕਾਰੰ ॥ ਆਪਹਿ ਸੁੰਨ ਆਪਹਿ ਸੁਖ ਆਸਨ ॥ ਆਪਹਿ ਸੁਨਤ ਆਪ ਹੀ ਜਾਸਨ ॥ ਆਪਨ ਆਪੁ ਆਪਹਿ ਉਪਾਇਓ ॥ ਆਪਹਿ ਬਾਪ ਆਪ ਹੀ ਮਾਇਓ ॥ ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥੧॥ {ਪੰਨਾ 250}

ਪਦ ਅਰਥ: ਆਪਹਿ = ਆਪ ਹੀ। ਰਵਿ ਰਹਿਆ = ਵਿਆਪਕ ਹੈ। ਹੋਗੁ = ਹੋਵੇਗਾ। ਓਅੰ = ਹਿੰਦੀ ਦੀ ਵਰਨਮਾਲਾ ਦਾ ਪਹਿਲਾ ਅੱਖਰ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਜਗਤ ਦੀ ਮੌਜੂਦਗੀ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਸੁੰਨ = ਸੁੰਞ, ਜਿਥੇ ਕੁਝ ਭੀ ਨ ਹੋਵੇ। ਜਾਸਨ = ਜਸ। ਆਪੁ = ਆਪਣੇ ਆਪ ਨੂੰ। ਮਾਇਓ = ਮਾਂ। ਅਸਥੂਲਾ = ਦ੍ਰਿਸ਼ਟਮਾਨ ਜਗਤ। ਲੀਲ੍ਹ੍ਹਾ = ਖੇਡ।1।

ਅਰਥ: ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ। ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ।1।

ਪਉੜੀ: ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ, ਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ। (ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ, ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।

ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ, ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ। ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।

ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ।1।

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥

ਪਦ ਅਰਥ: ਰਵਾਲਾ = ਚਰਨ-ਧੂੜ। ਰਹਾਉ = ਕੇਂਦਰੀ ਭਾਵ।

ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ। ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।

ਨੋਟ: ਸਾਰੀ ਬਾਣੀ ਬਾਵਨ ਅੱਖਰੀ ਦਾ ਕੇਂਦਰੀ ਖ਼ਿਆਲ ਇਹਨਾਂ ਉਪਰਲੀਆਂ ਦੋ ਤੁਕਾਂ ਵਿਚ ਹੈ।

ਸਲੋਕੁ ॥ ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥ ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥ ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥ ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥੨॥ {ਪੰਨਾ 250}

ਪਦ ਅਰਥ: ਆਕਾਰ = ਸਰੂਪ। ਨਿਰੰਕਾਰ = ਆਕਾਰ ਤੋਂ ਬਿਨਾ। ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ) । ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ। ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ। ਏਕਹਿ = ਇਕੋ ਹੀ।1।

ਪਉੜੀ: ਅਕਾਰਾ = ਜਗਤ-ਰਚਨਾ। ਸੂਤਿ = ਸੂਤਰ ਵਿਚ, ਹੁਕਮ ਵਿਚ। ਭਿੰਨ = ਵੱਖ। ਬਿਸਥਾਰ = ਖਿਲਾਰਾ। ਦ੍ਰਿਸਟਾਰੰ = ਦਿੱਸ ਪਿਆ। ਉਪਾਇਓ = ਉਤਪੱਤੀ। ਦੁਹੂ ਭਾਤਿ = ਜਨਮ ਤੇ ਮਰਨ।

ਅਰਥ: ਸਲੋਕ: ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ।1।

ਪਉੜੀ: ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ। ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ। ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ, ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ।

ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ, ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ, ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ। ਹੇ ਨਾਨਕ! (ਆਖ–) ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ।2।

ਸਲੋਕੁ ॥ ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥ ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥ ਪਵੜੀ ॥ ਸਸਾ ਸਤਿ ਸਤਿ ਸਤਿ ਸੋਊ ॥ ਸਤਿ ਪੁਰਖ ਤੇ ਭਿੰਨ ਨ ਕੋਊ ॥ ਸੋਊ ਸਰਨਿ ਪਰੈ ਜਿਹ ਪਾਯੰ ॥ ਸਿਮਰਿ ਸਿਮਰਿ ਗੁਨ ਗਾਇ ਸੁਨਾਯੰ ॥ ਸੰਸੈ ਭਰਮੁ ਨਹੀ ਕਛੁ ਬਿਆਪਤ ॥ ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥ ਸੋ ਸਾਧੂ ਇਹ ਪਹੁਚਨਹਾਰਾ ॥ ਨਾਨਕ ਤਾ ਕੈ ਸਦ ਬਲਿਹਾਰਾ ॥੩॥ {ਪੰਨਾ 250}

ਪਦ ਅਰਥ: ਸੇਈ = ਉਹੀ ਬੰਦੇ। ਭਗਵੰਤ = ਧਨ ਵਾਲੇ। ਸੇ = ਉਹੀ ਬੰਦੇ। ਸੰਪੈ = ਧਨ। ਰਾਸਿ = ਪੂੰਜੀ। ਸੁਚਿ = ਆਤਮਕ ਪਵਿਤ੍ਰਤਾ। ਤਿਹ = ਉਹਨਾਂ।1।

ਪਵੜੀ: ਸਤਿ = ਸਦਾ-ਥਿਰ ਰਹਿਣ ਵਾਲਾ। ਸੋਊ = ਉਹੀ ਬੰਦਾ ਜਿਸ ਨੂੰ। ਪਾਯੰ = ਪਾਂਦਾ ਹੈ। ਸੰਸੈ = ਸਹਸਾ, ਸਹਮ। ਭਰਮੁ = ਭਟਕਣਾ। ਬਿਆਪਤ = ਜ਼ੋਰ ਪਾਂਦਾ। ਤਾਹੂ ਕੋ = ਉਸ ਪ੍ਰਭੂ ਦਾ ਹੀ। ਜਾਪਤ = ਦਿੱਸਦਾ ਹੈ। ਇਹ = ਇਸ ਅਵਸਥਾ ਤਕ।3।

ਅਰਥ: ਸਲੋਕ = (ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ। ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ।1।

ਪਵੜੀ: ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ, ਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ, ਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤਿ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ। ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ) ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ। ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ। ਹੇ ਨਾਨਕ! (ਆਖ) = ਮੈਂ ਉਸ ਤੋਂ ਸਦਾ ਸਦਕੇ ਹਾਂ।3।

TOP OF PAGE

Sri Guru Granth Darpan, by Professor Sahib Singh