ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 251

ਸਲੋਕੁ ॥ ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥ ਪਵੜੀ ॥ ਧਧਾ ਧੂਰਿ ਪੁਨੀਤ ਤੇਰੇ ਜਨੂਆ ॥ ਧਨਿ ਤੇਊ ਜਿਹ ਰੁਚ ਇਆ ਮਨੂਆ ॥ ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥ ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥ ਧੰਧੇ ਕਹਾ ਬਿਆਪਹਿ ਤਾਹੂ ॥ ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ ਜਾ ਕੈ ਹੀਐ ਦੀਓ ਪ੍ਰਭ ਨਾਮ ॥ ਨਾਨਕ ਸਾਧ ਪੂਰਨ ਭਗਵਾਨ ॥੪॥ {ਪੰਨਾ 251}

ਪਦ ਅਰਥ: ਕੂਰ = ਕੂੜ, ਨਾਸਵੰਤ। ਧੂਰ = ਖੇਹ।1।

ਪਵੜੀ: ਪੁਨੀਤ = ਪਵਿਤ੍ਰ। ਜਨੂਆ = ਦਾਸਾਂ ਦੀ। ਧਨਿ = ਭਾਗਾਂ ਵਾਲੇ। ਤੇਊ = ਉਹ ਬੰਦੇ। ਜਿਹ ਮਨੂਆ = ਜਿਨ੍ਹਾਂ ਦੇ ਮਨ ਵਿਚ। ਇਆ ਰੁਚ = ਇਸ (ਧੂਰ) ਦੀ ਤਾਂਘ। ਬਾਛਹਿ = ਚਾਹੁੰਦੇ। ਆਛਹਿ = ਚਾਹੁੰਦੇ। ਰਜ = ਚਰਨ-ਧੂੜ। ਰਾਚਹਿ = ਮਸਤ ਹੁੰਦੇ ਹਨ। ਧੰਧੇ = ਜੰਜਾਲ। ਤਾਹੂ = ਉਹਨਾਂ ਨੂੰ। ਅਨ ਕਤਹਿ = ਕਿਸੇ ਹੋਰ ਥਾਂ। ਹੀਐ = ਹਿਰਦੇ ਵਿਚ।4।

ਅਰਥ: ਸਲੋਕ = (ਹੇ ਭਾਈ!) ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ? ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ) । ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ।1।

ਪਵੜੀ: ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ। ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ। (ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ, ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ। ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ, ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ।

ਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ, ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ।4।

ਸਲੋਕ ॥ ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥ ਪਉੜੀ ॥ ਙੰਙਾ ਙਿਆਨੁ ਨਹੀ ਮੁਖ ਬਾਤਉ ॥ ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥ ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥ ਕਹਤ ਸੁਨਤ ਕਛੁ ਜੋਗੁ ਨ ਹੋਊ ॥ ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥ ਉਸਨ ਸੀਤ ਸਮਸਰਿ ਸਭ ਤਾ ਕੈ ॥ ਙਿਆਨੀ ਤਤੁ ਗੁਰਮੁਖਿ ਬੀਚਾਰੀ ॥ ਨਾਨਕ ਜਾ ਕਉ ਕਿਰਪਾ ਧਾਰੀ ॥੫॥ {ਪੰਨਾ 251}

ਪਦ ਅਰਥ: ਙਿਆਨ = ਗਿਆਨ, ਧਰਮ-ਚਰਚਾ। ਹਠਿ = ਹਠ ਨਾਲ, ਬਦੋ-ਬਦੀ ਜ਼ੋਰ ਲਾ ਕੇ। ਙਿਆਨੀ = ਗਿਆਨੀ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।1।

ਪਉੜੀ: ਙਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਮੁਖ ਬਾਤਉ = ਮੂੰਹ ਦੀਆਂ ਗੱਲਾਂ ਨਾਲ। ਅਨਿਕ ਭਾਤਉ ਜੁਗਤਿ = ਅਨੇਕ ਭਾਂਤ ਦੀਆਂ ਜੁਗਤੀਆਂ ਨਾਲ। ਜਾ ਕੈ = ਜਿਸ ਦੇ ਹਿਰਦੇ ਵਿਚ। ਜੋਗੁ = ਮਿਲਾਪ। ਆਗਿਆ = ਰਜ਼ਾ। ਉਸਨ = ਗਰਮੀ, ਦੁੱਖ। ਸੀਤ = ਸਰਦੀ, ਸੁਖ। ਸਮਸਰਿ = ਬਰਾਬਰ।5।

ਅਰਥ: ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਹੇ ਨਾਨਕ! ਆਖ– ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ।1।

ਪਉੜੀ: ਨਿਰੀਆਂ ਮੂੰਹ ਦੀਆਂ ਗੱਲਾਂ ਨਾਲ, ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ। ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ। ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ। ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ, ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ।5।

ਸਲੋਕੁ ॥ ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥ ਪਉੜੀ ॥ ਯਾ ਜੁਗ ਮਹਿ ਏਕਹਿ ਕਉ ਆਇਆ ॥ ਜਨਮਤ ਮੋਹਿਓ ਮੋਹਨੀ ਮਾਇਆ ॥ ਗਰਭ ਕੁੰਟ ਮਹਿ ਉਰਧ ਤਪ ਕਰਤੇ ॥ ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥ ਉਰਝਿ ਪਰੇ ਜੋ ਛੋਡਿ ਛਡਾਨਾ ॥ ਦੇਵਨਹਾਰੁ ਮਨਹਿ ਬਿਸਰਾਨਾ ॥ ਧਾਰਹੁ ਕਿਰਪਾ ਜਿਸਹਿ ਗੁਸਾਈ ॥ ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥ {ਪੰਨਾ 251}

ਪਦ ਅਰਥ: ਢੋਰ = ਡੰਗਰ, ਮਹਾ ਮੂਰਖ। ਆਏ = ਜੰਮੇ। ਮਥੋਰ = ਮੱਥੇ ਉਤੇ।1।

ਪਉੜੀ: ਯਾ ਜੁਗ ਮਹਿ = ਇਸ ਮਨੁੱਖਾ ਜਨਮ ਵਿਚ। ਜਨਮਤ = ਜੰਮਦਿਆਂ ਹੀ। ਮੋਹਨੀ = ਠਗਣੀ। ਗਰਭ ਕੁੰਟ ਮਹਿ = ਮਾਂ ਦੇ ਪੇਟ ਵਿਚ। ਉਰਧ = ਉਲਟਾ, ਪੁੱਠਾ। ਉਰਝਿ ਪਰੇ = ਫਸ ਗਏ, ਉਲਝ ਪਏ। ਮਨਹਿ = ਮਨ ਵਿਚੋਂ। ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ! ਇਤ ਉਤ = ਲੋਕ ਪਰਲੋਕ ਵਿਚ।

ਅਰਥ: ਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ) । ਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ।1।

ਪਉੜੀ: ਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ, ਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ। (ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ, ਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ (ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ, ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਹੇ ਨਾਨਕ! (ਆਖ–) ਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ।6।

ਸਲੋਕੁ ॥ ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥ ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥ ਪਉੜੀ ॥ ਏਊ ਜੀਅ ਬਹੁਤੁ ਗ੍ਰਭ ਵਾਸੇ ॥ ਮੋਹ ਮਗਨ ਮੀਠ ਜੋਨਿ ਫਾਸੇ ॥ ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥ ਆਪਨ ਮੋਹ ਘਟੇ ਘਟਿ ਦੀਨੇ ॥ ਏ ਸਾਜਨ ਕਛੁ ਕਹਹੁ ਉਪਾਇਆ ॥ ਜਾ ਤੇ ਤਰਉ ਬਿਖਮ ਇਹ ਮਾਇਆ ॥ ਕਰਿ ਕਿਰਪਾ ਸਤਸੰਗਿ ਮਿਲਾਏ ॥ ਨਾਨਕ ਤਾ ਕੈ ਨਿਕਟਿ ਨ ਮਾਏ ॥੭॥ {ਪੰਨਾ 251}

ਪਦ ਅਰਥ: ਹੁਕਮਿ = ਹੁਕਮ ਅਨੁਸਾਰ। ਆਗਿਆ = ਹੁਕਮ। ਭਿੰਨ = ਵੱਖਰਾ, ਆਕੀ। ਆਵਨ ਜਾਨਾ = ਜਨਮ ਮਰਨ। ਤਿਹ = ਉਸ ਦਾ। ਜਿਹ ਮਨਿ = ਜਿਸ ਦੇ ਮਨ ਵਿਚ।1।

ਪਉੜੀ: ਏਊ ਜੀਅ = ਇਹ ਜੀਵ {ਬਹੁ-ਵਚਨ}। ਗ੍ਰਭ = ਜੂਨਾਂ। ਮਗਨ = ਮਸਤ। ਇਨਿ = ਇਸ ਨੇ। ਬਸਿ = ਵੱਸ ਵਿਚ। ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ। ਏ = ਹੇ! ਉਪਾਇਆ = ਇਲਾਜ। ਤਰਉ = ਤਰਉਂ, ਮੈਂ ਤਰਾਂ। ਬਿਖਮ = ਔਖੀ। ਨਿਕਟਿ = ਨੇੜੇ। ਮਾਏ = ਮਾਇਆ।7।

ਅਰਥ: ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ।1।

ਪਉੜੀ: ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ, ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ। ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ, ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।

ਹੇ ਸੱਜਣ! ਕੋਈ ਐਸਾ ਇਲਾਜ ਦੱਸ, ਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ। ਹੇ ਨਾਨਕ! (ਆਖ–) ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ, ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ।7।

ਸਲੋਕੁ ॥ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥ ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥ ਪਉੜੀ ॥ ਏਕਹਿ ਆਪਿ ਕਰਾਵਨਹਾਰਾ ॥ ਆਪਹਿ ਪਾਪ ਪੁੰਨ ਬਿਸਥਾਰਾ ॥ ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥ ਸੋ ਸੋ ਪਾਇਓ ਜੁ ਆਪਿ ਦਿਵਾਇਓ ॥ ਉਆ ਕਾ ਅੰਤੁ ਨ ਜਾਨੈ ਕੋਊ ॥ ਜੋ ਜੋ ਕਰੈ ਸੋਊ ਫੁਨਿ ਹੋਊ ॥ ਏਕਹਿ ਤੇ ਸਗਲਾ ਬਿਸਥਾਰਾ ॥ ਨਾਨਕ ਆਪਿ ਸਵਾਰਨਹਾਰਾ ॥੮॥ {ਪੰਨਾ 251}

ਪਦ ਅਰਥ: ਸੁਭ ਅਸੁਭ ਕਿਰਤ = ਚੰਗੇ ਮੰਦੇ ਕੰਮ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਸੁ = ਪਸ਼ੂ, ਮੂਰਖ। ਹਉ ਹਉ ਕਰੈ = 'ਮੈਂ ਮੈਂ' ਕਰਦਾ ਹੈ, ਅਹੰਕਾਰ ਕਰਦਾ ਹੈ ਕਿ ਮੈਂ ਕਰਦਾ ਹਾਂ।1।

ਪਉੜੀ: ਏਕਹਿ = ਸਿਰਫ਼। ਪਾਪ ਪੁੰਨ = ਮੰਦੇ ਚੰਗੇ ਕੰਮ। ਇਆ ਜੁਗ = ਇਸ ਮਨੁੱਖਾ ਜਨਮ ਵਿਚ। ਜਿਤੁ = ਜਿਸ ਪਾਸੇ। ਆਪਹਿ = ਆਪ ਹੀ। ਉਆ ਕਾ = ਉਸ ਪ੍ਰਭੂ ਦਾ। ਫੁਨਿ = ਮੁੜ, ਫਿਰ।8।

ਅਰਥ: (ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ) । ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ।1।

ਪਉੜੀ: (ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ, ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ। ਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ) , ਜੇਹੜੀ (ਮਤਿ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ। ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ, (ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ।

ਹੇ ਨਾਨਕ! ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ, ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ।8।

TOP OF PAGE

Sri Guru Granth Darpan, by Professor Sahib Singh