ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 252

ਸਲੋਕੁ ॥ ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥ ਪਉੜੀ ॥ ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥ ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥ ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥ ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥ ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥ ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥ ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥ {ਪੰਨਾ 252}

ਪਦ ਅਰਥ: ਬਨਿਤਾ = ਇਸਤ੍ਰੀ। ਬਿਨੋਦ = ਚੋਜ-ਤਮਾਸ਼ੇ। ਕੁਸਮ-ਫੁੱਲ, ਕਸੁੰਭਾ ਫੁੱਲ। ਬਿਖ ਸੋਰ = ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ। ਪਰਉ = ਪਰਾਉਂ, ਮੈਂ ਪੈਂਦਾ ਹਾਂ। ਮੈ = ਹਉਮੈ। ਮੋਰ = ਮੇਰੀ, ਮਮਤਾ।1।

ਪਉੜੀ: ਸਾਕਤ = ਪ੍ਰਭੂ ਨਾਲੋਂ ਵਿੱਛੁੜੇ ਜੀਵ। ਕਰਮ ਰਤ = ਪੁੰਨ ਕਰਮਾਂ ਦੇ ਪ੍ਰੇਮੀ, ਕਰਮ ਕਾਂਡੀ। ਅਫਾਰ = ਨਾਹ ਝੱਲਿਆ ਜਾ ਸਕਣ ਵਾਲਾ, ਬਹੁਤ। ਭੀਤਿ = ਕੰਧ। ਸੁਧਿ = ਸਫ਼ਾਈ, ਪਵਿਤ੍ਰਤਾ।9।

ਅਰਥ: (ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ) । ਹੇ ਨਾਨਕ! (ਆਖ–) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ।1।

ਪਉੜੀ: ਹੇ ਮੇਰੇ ਮਨ! ਪ੍ਰਭੂ ਤੋਂ ਬਿਨਾ ਹੋਰ ਜਿਥੇ ਜਿਥੇ ਪ੍ਰੇਮ ਪਾਏਂਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ। ਹਰੀ ਤੋਂ ਵਿੱਛੁੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਭੀ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਾਹ ਹੋ ਸਕੇ।

(ਤੀਰਥ, ਦਾਨ ਆਦਿਕ) ਕਰਮਾਂ ਦੇ ਪ੍ਰੇਮੀ (ਇਹ ਕਰਮ ਕਰ ਕੇ, ਇਹਨਾਂ ਦੇ ਕੀਤੇ ਦਾ) ਮਾਣ ਕਰਦੇ ਫਿਰਦੇ ਹਨ, ਇਸ ਹਉਮੈ ਦਾ ਭਾਰ ਭੀ ਅਸਹਿ ਹੁੰਦਾ ਹੈ, ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ।

ਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿਚ ਬੱਝ ਜਾਂਦੇ ਹਨ। ਭਟਕਣਾ ਵਿਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ।

(ਅਸੀਂ ਜੀਵ ਇਤਨੇ ਮਾਇਆ-ਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ) ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ, (ਪਾਣੀ ਨਾਲ ਧੋਤਿਆਂ) ਗਾਰੇ ਦੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ (ਹੋਰ ਹੋਰ ਗਾਰਾ ਬਣਦਾ ਜਾਇਗਾ) ।

ਹੇ ਨਾਨਕ! (ਆਖ–) ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਦੀ ਬੁੱਧੀ ਪਵਿਤ੍ਰ ਹੋ ਜਾਂਦੀ ਹੈ।9।

ਸਲੋਕੁ ॥ ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥ ਪਉੜੀ ॥ ਰਾਰਾ ਰੰਗਹੁ ਇਆ ਮਨੁ ਅਪਨਾ ॥ ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ ਰੇ ਰੇ ਦਰਗਹ ਕਹੈ ਨ ਕੋਊ ॥ ਆਉ ਬੈਠੁ ਆਦਰੁ ਸੁਭ ਦੇਊ ॥ ਉਆ ਮਹਲੀ ਪਾਵਹਿ ਤੂ ਬਾਸਾ ॥ ਜਨਮ ਮਰਨ ਨਹ ਹੋਇ ਬਿਨਾਸਾ ॥ ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥ ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥ {ਪੰਨਾ 252}

ਪਦ ਅਰਥ: ਜਾਸੁ ਕੇ = ਜਿਸ ਮਨੁੱਖ ਦੇ। ਗੂੜਾ ਰੰਗ = ਪੱਕਾ (ਮਜੀਠੀ) ਰੰਗ (ਕਸੁੰਭੇ ਵਰਗਾ ਕੱਚਾ ਨਹੀਂ) ।1।

ਪਉੜੀ: ਰਸਨਾ = ਜੀਭ (ਨਾਲ) । ਰੇ ਰੇ = ਓਇ! ਓਇ! (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ) । ਸੁਭ = ਚੰਗਾ। ਮਸਤਕਿ = ਮੱਥੇ ਤੇ। ਕਰਮੁ = ਪ੍ਰਭੂ ਦੀ ਬਖ਼ਸ਼ਸ਼। ਸੰਪੈ = ਧਨ-ਪਦਾਰਥ।10।

ਅਰਥ: ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ। ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ।1।

ਪਉੜੀ: (ਹੇ ਭਾਈ!) ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ, (ਇਸ ਤਰ੍ਹਾਂ) ਆਪਣੇ ਇਸ ਮਨ ਨੂੰ (ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ! ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ, (ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ) = ਆਓ ਬੈਠੋ!

(ਹੇ ਭਾਈ!) ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ, ਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ।

ਪਰ ਹੇ ਨਾਨਕ! ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ, ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ।10।

ਸਲੋਕੁ ॥ ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥ ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥ ਪਉੜੀ ॥ ਲਲਾ ਲਪਟਿ ਬਿਖੈ ਰਸ ਰਾਤੇ ॥ ਅਹੰਬੁਧਿ ਮਾਇਆ ਮਦ ਮਾਤੇ ॥ ਇਆ ਮਾਇਆ ਮਹਿ ਜਨਮਹਿ ਮਰਨਾ ॥ ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥ ਕੋਊ ਊਨ ਨ ਕੋਊ ਪੂਰਾ ॥ ਕੋਊ ਸੁਘਰੁ ਨ ਕੋਊ ਮੂਰਾ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਠਾਕੁਰ ਸਦਾ ਅਲਿਪਨਾ ॥੧੧॥ {ਪੰਨਾ 252}

ਪਦ ਅਰਥ: ਬਿਆਪਤ = ਜ਼ੋਰ ਪਾ ਲੈਂਦੇ ਹਨ। ਅੰਧ = ਸੂਝ-ਹੀਣ, ਜਿਨ੍ਹਾਂ ਦੇ ਗਿਆਨ-ਨੇਤ੍ਰ ਬੰਦ ਹਨ। ਦੁਰਗੰਧ = ਗੰਦਗੀ, ਮੰਦੇ ਕੰਮ। ਬੰਧ = ਬੰਧਨ।1।

ਪਉੜੀ: ਲਪਟਿ = ਚੰਬੜੇ ਹੋਏ। ਬਿਖੈ ਰਸ = ਵਿਸ਼ਿਆਂ ਦੇ ਸੁਆਦ। ਅਹੰਬੁਧਿ = 'ਮੈਂ ਮੈਂ' ਕਰਨ ਵਾਲੀ ਬੁੱਧੀ। ਮਦ = ਨਸ਼ਾ। ਮਾਤੇ = ਮਸਤ। ਊਨ = ਸੱਖਣਾ, ਊਣਾ, ਘੱਟ। ਸੁਘਰੁ = ਸਿਆਣਾ। ਮੂਰਾ = ਮੂੜ੍ਹ, ਮੂਰਖ। ਅਲਿਪਨਾ = ਅਲੇਪ, ਮਾਇਆ ਦੇ ਪ੍ਰਭਾਵ ਤੋਂ ਪਰੇ।11।

ਅਰਥ: ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ, ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ।1।

ਪਉੜੀ: ਜੇਹੜੇ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਬੁਧਿ ਉਤੇ ਹਉਮੈ ਦਾ ਪਰਦਾ ਪੈ ਜਾਂਦਾ ਹੈ, ਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚੰਬੜੇ ਰਹਿੰਦੇ ਹਨ, ਤੇ ਇਸ ਮਾਇਆ ਵਿਚ ਫਸ ਕੇ ਜਨਮ ਮਰਨ (ਦੇ ਗੇੜ ਵਿਚ ਪੈ ਜਾਂਦੇ ਹਨ) , (ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ। (ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ, ਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ।

ਹੇ ਪ੍ਰਭੂ! ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈਂ, ਉਧਰ ਉਧਰ ਹੀ ਇਹ ਲੱਗ ਪੈਂਦੇ ਹਨ।

ਹੇ ਨਾਨਕ! (ਕੈਸੀ ਅਚਰਜ ਖੇਡ ਹੈ! ਸਭ ਜੀਵਾਂ ਵਿਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਭੀ) ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।11।

ਸਲੋਕੁ ॥ ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥ ਪਉੜੀ ॥ ਲਲਾ ਤਾ ਕੈ ਲਵੈ ਨ ਕੋਊ ॥ ਏਕਹਿ ਆਪਿ ਅਵਰ ਨਹ ਹੋਊ ॥ ਹੋਵਨਹਾਰੁ ਹੋਤ ਸਦ ਆਇਆ ॥ ਉਆ ਕਾ ਅੰਤੁ ਨ ਕਾਹੂ ਪਾਇਆ ॥ ਕੀਟ ਹਸਤਿ ਮਹਿ ਪੂਰ ਸਮਾਨੇ ॥ ਪ੍ਰਗਟ ਪੁਰਖ ਸਭ ਠਾਊ ਜਾਨੇ ॥ ਜਾ ਕਉ ਦੀਨੋ ਹਰਿ ਰਸੁ ਅਪਨਾ ॥ ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥ {ਪੰਨਾ 252}

ਪਦ ਅਰਥ: ਲਾਲ = ਪਿਆਰਾ। ਗੋਪਾਲ = ਧਰਤੀ ਦਾ ਪਾਲਕ। ਗਹਿਰ = ਡੂੰਘਾ, ਜਿਸ ਦਾ ਭੇਤ ਨ ਪਾਇਆ ਜਾ ਸਕੇ। ਗੰਭੀਰ = ਵੱਡੇ ਜਿਗਰੇ ਵਾਲਾ। ਬੇਪਰਵਾਹ = ਚਿੰਤਾ-ਫ਼ਿਕਰ ਤੋਂ ਉਤਾਂਹ।1।

ਪਉੜੀ: ਲਵੈ = ਬਰਾਬਰ ਦਾ, ਨੇੜੇ ਤੇੜੇ ਦਾ। ਹੋਵਨਹਾਰੁ = ਹੋਂਦ ਵਾਲਾ। ਕਾਹੂ = ਕਿਸੇ ਨੇ ਭੀ। ਕੀਟ = ਕੀੜੀ। ਹਸਤਿ = ਹਾਥੀ।12।

ਅਰਥ: ਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ ਉਸ ਦਾ ਭੇਤ ਨਹੀਂ ਪੈ ਸਕਦਾ, ਵੱਡੇ ਜਿਗਰੇ ਵਾਲਾ ਹੈ, ਉਹ ਇਕ ਐਸਾ ਸਮੁੰਦਰ ਸਮਝੋ, ਜਿਸ ਦੀ ਹਾਥ ਨਹੀਂ ਪੈਂਦੀ, ਕੋਈ ਚਿੰਤਾ-ਫ਼ਿਕਰ ਉਸ ਦੇ ਨੇੜੇ ਨਹੀਂ ਢੁਕਦੇ। ਹੇ ਨਾਨਕ! ਉਸ ਵਰਗਾ ਕੋਈ ਹੋਰ ਦੂਜਾ ਨਹੀਂ।1।

ਪਉੜੀ: ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਆਪਣੇ ਵਰਗਾ) ਉਹ ਆਪ ਹੀ ਆਪ ਹੈ (ਉਸ ਵਰਗਾ) ਹੋਰ ਕੋਈ ਨਹੀਂ। ਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ, ਕਿਸੇ ਨੇ ਉਸ (ਦੀ) ਹਸਤੀ ਦਾ ਅਖ਼ੀਰਲਾ ਬੰਨਾ ਨਹੀਂ ਲੱਭਾ। ਕੀੜੀ ਤੋਂ ਲੈ ਕੇ ਹਾਥੀ ਤਕ ਸਭ ਵਿਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ, ਉਹ ਸਰਬ-ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ।

ਹੇ ਨਾਨਕ! ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ, ਉਹ ਬੰਦਾ ਗੁਰੂ ਦੀ ਸਰਨ ਪੈ ਕੇ ਸਦਾ ਉਸ ਨੂੰ ਜਪਦਾ ਹੈ।12।

ਸਲੋਕੁ ॥ ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥ ਪਉੜੀ ॥ ਆਇਆ ਸਫਲ ਤਾਹੂ ਕੋ ਗਨੀਐ ॥ ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥ ਆਇ ਬਸਹਿ ਸਾਧੂ ਕੈ ਸੰਗੇ ॥ ਅਨਦਿਨੁ ਨਾਮੁ ਧਿਆਵਹਿ ਰੰਗੇ ॥ ਆਵਤ ਸੋ ਜਨੁ ਨਾਮਹਿ ਰਾਤਾ ॥ ਜਾ ਕਉ ਦਇਆ ਮਇਆ ਬਿਧਾਤਾ ॥ ਏਕਹਿ ਆਵਨ ਫਿਰਿ ਜੋਨਿ ਨ ਆਇਆ ॥ ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥ {ਪੰਨਾ 252}

ਪਦ ਅਰਥ: ਰਸੁ = ਆਨੰਦ। ਜਿਹ = ਜਿਨ੍ਹਾਂ ਨੇ। ਸਹਜੇ = ਸਹਜਿ, ਅਡੋਲਤਾ ਵਿਚ (ਟਿਕ ਕੇ) । ਧਨਿ = ਧੰਨ, ਭਾਗਾਂ ਵਾਲੇ। ਪਰਵਾਣੁ = ਕਬੂਲ।1।

ਪਉੜੀ: ਤਾਹੂ ਕੋ = ਉਸ ਦਾ। ਗਨੀਐ = ਸਮਝਣਾ ਚਾਹੀਦਾ ਹੈ। ਜਾਸੁ ਰਸਨ = ਜਿਸ ਦੀ ਜੀਭ। ਜਸੁ = ਸਿਫ਼ਤਿ-ਸਾਲਾਹ। ਭਨੀਐ = ਉਚਾਰਦੀ ਹੈ। ਸਾਧੂ = ਗੁਰੂ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗੇ = ਰੰਗ ਵਿਚ, ਪਿਆਰ ਨਾਲ। ਨਾਮਹਿ = ਨਾਮ ਵਿਚ। ਰਾਤਾ = ਮਸਤ। ਮਇਆ = ਮਿਹਰ, ਦਇਆ। ਬਿਧਾਤਾ = ਬਿਧਾਤੇ ਦੀ, ਸਿਰਜਣਹਾਰ ਦੀ। ਏਕਹਿ ਆਵਨ = ਇਕੋ ਵਾਰੀ ਜਨਮ। ਦਰਸਿ = ਦੀਦਾਰ ਵਿਚ।13।

ਅਰਥ: ਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ।1।

ਪਉੜੀ: (ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜ੍ਹਿਆ ਜਾਣੋ, ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੀ ਹੈ। (ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ, ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ।

ਜਿਸ ਮਨੁੱਖ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਜਗਤ ਵਿਚ ਉਹੀ) ਆਇਆ ਸਮਝੋ।

ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ, (ਜਗਤ ਵਿਚ) ਉਸ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ।13।

TOP OF PAGE

Sri Guru Granth Darpan, by Professor Sahib Singh