ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 253

ਸਲੋਕੁ ॥ ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥ ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥ ਪਉੜੀ ॥ ਯਯਾ ਜਾਰਉ ਦੁਰਮਤਿ ਦੋਊ ॥ ਤਿਸਹਿ ਤਿਆਗਿ ਸੁਖ ਸਹਜੇ ਸੋਊ ॥ ਯਯਾ ਜਾਇ ਪਰਹੁ ਸੰਤ ਸਰਨਾ ॥ ਜਿਹ ਆਸਰ ਇਆ ਭਵਜਲੁ ਤਰਨਾ ॥ ਯਯਾ ਜਨਮਿ ਨ ਆਵੈ ਸੋਊ ॥ ਏਕ ਨਾਮ ਲੇ ਮਨਹਿ ਪਰੋਊ ॥ ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥ ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥ {ਪੰਨਾ 253}

ਪਦ ਅਰਥ: ਯਾਸੁ = ਜਾਸੁ, ਜਿਸ ਨੂੰ। ਮਨਿ = ਮਨ ਵਿਚ। ਦੂਜਾ ਭਾਉ = ਕਿਸੇ ਹੋਰ ਨਾਲ ਪਿਆਰ। ਤ੍ਰਿਸਨਾ = ਮਾਇਆ ਦਾ ਲਾਲਚ। ਨਾਮਿ = ਨਾਮ ਵਿਚ। ਸਮਾਉ = ਲੀਨ ਹੋਵੋ।1।

ਪਉੜੀ: ਜਾਰਉ = ਜਾਰਹੁ, ਸਾੜ ਦਿਉ। ਦੋਊ = ਦੂਜਾ ਭਾਵ। ਤਿਸਹਿ = ਇਸ (ਦੁਰਮਤਿ) ਨੂੰ। ਸੋਊ = ਟਿਕੋਗੇ। ਮਨਹਿ = ਮਨ ਵਿਚ। ਨ ਹਾਰੀਐ = ਵਿਅਰਥ ਨਹੀਂ ਜਾਇਗਾ। ਟੇਕ = ਆਸਰਾ। ਤਿਹ = ਉਸ ਨੇ। ਹੀਅਰੈ = ਹਿਰਦੇ ਵਿਚ।14।

ਅਰਥ: ਹੇ ਨਾਨਕ! ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ, ਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਉਸ ਦੇ ਨਾਮ ਵਿਚ ਟਿਕੇ ਰਹੋ।1।

ਪਉੜੀ: (ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ, ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ। ਜਾ ਕੇ ਸੰਤਾਂ ਦੀ ਸਰਨੀ ਪਵੋ, ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ।

ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ, ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ।

ਹੇ ਨਾਨਕ! ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ। ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ।14।

ਸਲੋਕੁ ॥ ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥ ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥ ਪਉੜੀ ॥ ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥ ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥ ਕਾ ਕੋ ਮਾਤ ਪਿਤਾ ਸੁਤ ਧੀਆ ॥ ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥ ਐਸੀ ਸੰਚਿ ਜੁ ਬਿਨਸਤ ਨਾਹੀ ॥ ਪਤਿ ਸੇਤੀ ਅਪੁਨੈ ਘਰਿ ਜਾਹੀ ॥ ਸਾਧਸੰਗਿ ਕਲਿ ਕੀਰਤਨੁ ਗਾਇਆ ॥ ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥ {ਪੰਨਾ 253}

ਪਦ ਅਰਥ: ਅੰਤਰਿ = ਅੰਦਰ। ਈਤ ਊਤ ਕੇ ਮੀਤ = ਲੋਕ ਪਰਲੋਕ ਵਿਚ ਸਾਥ ਦੇਣ ਵਾਲਾ ਮਿੱਤਰ। ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ।1।

ਪਉੜੀ: ਤਾਸੁ ਕਉ = ਉਸ ਨੂੰ। ਬਿਖਿਆ = ਮਾਇਆ। ਚਾਰਿ ਛਿਅ = ਦਸ। ਸਭੁ ਕੋਇ = ਹਰੇਕ ਜੀਵ। ਕਾ ਕੋ = ਕਿਸ ਦਾ? ਕਿਸੇ ਦਾ ਨਹੀਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਸੰਚਿ = ਇਕੱਠੀ ਕਰ। ਪਤਿ = ਇੱਜ਼ਤ। ਅਪੁਨੈ ਘਰਿ = ਅਪਨੇ ਘਰ ਵਿਚ, ਜਿਸ ਘਰ ਵਿਚੋਂ ਕੋਈ ਕੱਢ ਨਹੀਂ ਸਕੇਗਾ। ਕਲਿ = ਇਸ ਸਮੇ ਵਿਚ, ਜਨਮ ਲੈ ਕੇ, ਜਗਤ ਵਿਚ ਆ ਕੇ। ਤੇ ਤੇ = ਉਹ ਉਹ ਬੰਦੇ।1।

ਅਰਥ: ਜਿਸ ਮਨੁੱਖ ਨੂੰ ਪੂਰਾ ਗੁਰੂ ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਨੇੜੇ ਵਿਖਾ ਦੇਂਦਾ ਹੈ। ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ। ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ।1।

ਪਉੜੀ: ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ। ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ।

ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ। ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ। (ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ, ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ।

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ।15।

ਸਲੋਕੁ ॥ ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ ਪਉੜੀ ॥ ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥ ਪੂਰਕੁ ਕੁੰਭਕ ਰੇਚਕ ਕਰਮਾਤਾ ॥ ਙਿਆਨ ਧਿਆਨ ਤੀਰਥ ਇਸਨਾਨੀ ॥ ਸੋਮਪਾਕ ਅਪਰਸ ਉਦਿਆਨੀ ॥ ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ ਜੋ ਕਛੁ ਕੀਨੋ ਸੋਊ ਅਨੇਤਾ ॥ ਉਆ ਤੇ ਊਤਮੁ ਗਨਉ ਚੰਡਾਲਾ ॥ ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥ {ਪੰਨਾ 253}

ਪਦ ਅਰਥ: ਮੁਖਿ = ਮੁਖੀ, ਮੰਨੇ-ਪਰਮੰਨੇ। ਮਿਰਤਕ = ਮੁਰਦੇ।1।

ਪਉੜੀ: ਖਟੁ = ਛੇ। ਖਟੁ ਸਾਸਤ੍ਰ = ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ। (ਇਹਨਾਂ ਦੇ ਕਰਤਾ = ਕਪਲ, ਗੋਤਮ, ਕਣਾਦ, ਜੈਮਨੀ, ਪਤੰਜਲੀ, ਵਿਆਸ) । ਪੂਰਕੁ = ਪ੍ਰਾਣ ਉਤਾਂਹ ਚਾੜ੍ਹਨੇ। ਕੁੰਭਕ = ਪ੍ਰਾਣ ਰੋਕ ਰੱਖਣੇ। ਰੇਚਕ = ਪ੍ਰਾਣ ਬਾਹਰ ਕੱਢਣੇ। ਸੋਮ ਪਾਕ = {ÔvXz pwk} ਆਪਣੀ ਹੱਥੀਂ ਰੋਟੀ ਪਕਾਣ ਵਾਲਾ। ਅਪਰਸ = ਜੋ ਕਿਸੇ (ਸ਼ੂਦਰ ਆਦਿਕ ਨਾਲ) ਨਾਹ ਛੁਹੇ। ਅਨੇਤਾ = ਨਾਹ ਨਿੱਤ ਰਹਿਣ ਵਾਲਾ, ਵਿਅਰਥ। ਗਨਉ = ਗਨਉਂ, ਮੈਂ ਸਮਝਦਾ ਹਾਂ। 16।

ਅਰਥ: ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ।1।

ਪਉੜੀ: ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ, (ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ, ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ, ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ।

ਹੇ ਨਾਨਕ! (ਆਖ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ, ਉਸ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ। 16।

ਸਲੋਕੁ ॥ ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥ ਪਵੜੀ ॥ ਕਕਾ ਕਾਰਨ ਕਰਤਾ ਸੋਊ ॥ ਲਿਖਿਓ ਲੇਖੁ ਨ ਮੇਟਤ ਕੋਊ ॥ ਨਹੀ ਹੋਤ ਕਛੁ ਦੋਊ ਬਾਰਾ ॥ ਕਰਨੈਹਾਰੁ ਨ ਭੂਲਨਹਾਰਾ ॥ ਕਾਹੂ ਪੰਥੁ ਦਿਖਾਰੈ ਆਪੈ ॥ ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥ ਆਪਨ ਖੇਲੁ ਆਪ ਹੀ ਕੀਨੋ ॥ ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥ {ਪੰਨਾ 253}

ਪਦ ਅਰਥ: ਕੁੰਟ = ਕੂਟ, ਤਰਫ਼। ਦਹ ਦਿਸਿ = ਦਸ ਦਿਸ਼ਾਂ। ਰੇਖ = ਲੀਕ, ਸੰਸਕਾਰ। ਕਿਰਤਿ = ਕੀਤੇ ਹੋਏ। ਨੋਟ: ਇਸ ਸਲੋਕ ਦੇ ਅਖ਼ੀਰ ਤੇ ਅੰਕ 2 ਦਾ ਭਾਵ ਇਹ ਹੈ ਕਿ ਅੱਖਰ 'ਕ' ਦੇ ਹੁਣ ਦੋ ਸਲੋਕ ਹੋ ਚੁਕੇ ਹਨ– ਪਉੜੀ ਨੰ: 8 ਅਤੇ 17 ਵਿਚ।1।2।

ਪਵੜੀ: ਪੰਥੁ = (ਜ਼ਿੰਦਗੀ ਦਾ ਰਸਤਾ) । ਉਦਿਆਨ = ਜੰਗਲ।

ਅਰਥ: ਹੇ ਨਾਨਕ! ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ। ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ।1।2।

ਪਵੜੀ: ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ। ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ। ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ, ਇਸ ਵਾਸਤੇ) ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।

ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ, ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ।

ਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ। ਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ। 17।

ਸਲੋਕੁ ॥ ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥ ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥ ਪਉੜੀ ॥ ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥ ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥ ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥ ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥ ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥ ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥ {ਪੰਨਾ 253}

ਪਦ ਅਰਥ: ਬਿਲਛਤ = {ivlisq} ਆਤਮਕ ਆਨੰਦ ਮਾਣਦੇ।1।

ਪਉੜੀ: ਖੂਨਾ = ਘਾਟ, ਕਮੀ। ਪਾਹਿ = ਪਾਸ। ਭਾਵੈ = ਜਿਵੇਂ ਪ੍ਰਭੂ ਨੂੰ ਭਾਉਂਦਾ ਹੈ। ਤਹ ਤਹ = ਉਥੇ ਉਥੇ। ਭਾਵੈ...ਜਾਹਿ = (ਭਗਤ ਜਨ) ਉਸ ਦੀ ਰਜ਼ਾ ਵਿਚ ਤੁਰਦੇ ਹਨ। ਸਹਜ = ਅਡੋਲਤਾ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਬਿਗਸਹਿ = ਖਿੜੇ ਰਹਿੰਦੇ ਹਨ। ਗਨੀਵ = ਧਨਾਢ, ਗ਼ਨੀ। ਗ੍ਰਿਹਿ = ਹਿਰਦੇ-ਘਰ ਵਿਚ। ਖੇਦੁ = ਕਲੇਸ਼। ਡਾਨੁ = ਡੰਨ। 18।

ਅਰਥ: ਹੇ ਨਾਨਕ! ਅਨੇਕਾਂ ਜੀਵ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰਮਾਤਮਾ ਦਾ ਨਾਮ ਜਪਦੇ ਹਨ (ਉਹਨਾਂ ਪਾਸ ਸਿਫ਼ਤਿ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ।1।

ਪਉੜੀ: ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ। ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ। ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ। ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ) ।

ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ। ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ।

ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ। 18।

TOP OF PAGE

Sri Guru Granth Darpan, by Professor Sahib Singh