ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 254

ਸਲੋਕੁ ॥ ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥ ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥ ਪਉੜੀ ॥ ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥ ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥ ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥ ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥ ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥ ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥ {ਪੰਨਾ 254}

ਪਦ ਅਰਥ: ਗਨਿ ਮਿਨਿ = ਗਿਣ ਕੇ, ਮਿਣ ਕੇ। ਸਰਪਰ = ਜ਼ਰੂਰ। ਅਨਿਤ ਆਸ = ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੀ ਆਸ।1।

ਪਉੜੀ: ਰਵਹੁ = ਚੇਤੇ ਕਰੋ। ਨੀਤ = ਨਿੱਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਿਸਾਸਾ = ਵਿਸਾਹ, ਇਤਬਾਰ। ਬਿਲਮ = ਢਿੱਲ। ਬੰਧੁ = ਰੁਕਾਵਟ। ਬੇਰਾ = ਵੇਲਾ। ਫੰਧੁ = ਫਾਹੀ, ਰੱਸਾ। ਪੇਖਿ = ਵੇਖ। ਲਪਟਾਹਿ = ਚੰਬੜਦੇ ਹਨ। ਜਾਹੂ ਮਸਤਕਿ = ਜਿਸ ਦੇ ਮੱਥੇ ਉਤੇ। ਪ੍ਰਿਅਹਿ = ਪਿਆਰੇ ਦਾ। 19।

ਅਰਥ: (ਹੇ ਭਾਈ!) ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?) ਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ।1।

ਪਉੜੀ: (ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, (ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ। ਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ। ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ। ਵੇਖੋ! ਗਿਆਨਵਾਨ ਹੋਣ, ਸੁਰਤਿ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ। ਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ।

ਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ। 19।

ਸਲੋਕੁ ॥ ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥ ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥ ਪਉੜੀ ॥ ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥ ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥ ਘੂਲਹਿ ਤਉ ਮਨ ਜਉ ਆਵਹਿ ਸਰਨਾ ॥ ਨਾਮ ਤਤੁ ਕਲਿ ਮਹਿ ਪੁਨਹਚਰਨਾ ॥ ਘਾਲਿ ਘਾਲਿ ਅਨਿਕ ਪਛੁਤਾਵਹਿ ॥ ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥ ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥ ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥ {ਪੰਨਾ 254}

ਪਦ ਅਰਥ: ਘੋਖੇ = ਗਹੁ ਨਾਲ ਪੜ੍ਹ ਵੇਖੇ ਹਨ। ਆਨ = ਕੋਈ ਹੋਰ। ਜੁਗਾਦੀ = ਜੁਗਾਂ ਦੇ ਆਦਿ ਤੋਂ। ਹੋਵਤ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ।1।

ਪਉੜੀ: ਘਾਲਹੁ = ਦ੍ਰਿੜ੍ਹ ਕਰੋ। ਮਨਹਿ = ਮਨ ਵਿਚ। ਜਤ ਕਤ = ਹਰ ਥਾਂ। ਘੂਲਹਿ = ਭਿੱਜੇਂਗਾ, ਰਸ ਮਾਣੇਂਗਾ। ਮਨ = ਹੇ ਮਨ! ਕਲਿ ਮਹਿ = ਮਨੁੱਖਾ ਜੀਵਨ ਵਿਚ {ਨੋਟ: ਕਿਸੇ ਖ਼ਾਸ ਜੁਗ ਬਾਰੇ ਇਥੇ ਜ਼ਿਕਰ ਨਹੀਂ ਚੱਲ ਰਿਹਾ}। ਪੁਨਹ ਚਰਨਾ = {ਪੁਨਹ = ਮੁੜ, ਦੂਜੀ ਵਾਰ। ਚਰਨ = ਆਚਰਨ, ਕਰਮ} ਕਿਸੇ ਪਾਪ-ਕਰਮ ਦਾ ਅਸਰ ਮਿਟਾਣ ਲਈ ਕੀਤੇ ਕਰਮ, ਪਛਤਾਵੇ ਵਜੋਂ ਕੀਤੇ ਕਰਮ। ਬਿਤਿ = ਆਤਮਕ ਟਿਕਾਉ, ਸ਼ਾਂਤੀ। ਗੁਰਿ = ਗੁਰੂ ਨੇ। 20।

ਅਰਥ: ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ। ਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ।1।

ਪਉੜੀ: (ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ, ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।

ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ। ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ। ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।

ਹੇ ਨਾਨਕ! ਗੁਰੂ ਨੇ ਜਿਸ ਨੂੰ ਹਰੀ-ਨਾਮ ਦੀ ਦਾਤਿ ਦੇ ਦਿੱਤੀ, ਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ) । 20।

ਸਲੋਕੁ ॥ ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥ ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥ ਪਉੜੀ ॥ ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ ॥ ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥ ਙਿਆਨ ਧਿਆਨ ਤਾਹੂ ਕਉ ਆਏ ॥ ਕਰਿ ਕਿਰਪਾ ਜਿਹ ਆਪਿ ਦਿਵਾਏ ॥ ਙਣਤੀ ਙਣੀ ਨਹੀ ਕੋਊ ਛੂਟੈ ॥ ਕਾਚੀ ਗਾਗਰਿ ਸਰਪਰ ਫੂਟੈ ॥ ਸੋ ਜੀਵਤ ਜਿਹ ਜੀਵਤ ਜਪਿਆ ॥ ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥ {ਪੰਨਾ 254}

ਪਦ ਅਰਥ: ਙਣਿ = ਗਿਣ ਕੇ। ਘਾਲੇ = ਭੇਜਦਾ ਹੈ। ਦਿਵਸ = ਦਿਨ। ਤਿਲੁ ਸਾਰ = ਤਿਲ ਜਿਤਨਾ ਭੀ। ਲੋਰਹਿ = ਲੋੜਦੇ ਹਨ।1।

ਪਉੜੀ: ਙ੍ਰਾਸੈ = ਗ੍ਰਸਦਾ ਹੈ। ਸਾਕਤ = ਮਾਇਆ-ਗ੍ਰਸੇ, ਰੱਬ ਨਾਲੋਂ ਟੁੱਟੇ ਹੋਏ। ਪ੍ਰਭਿ = ਪ੍ਰਭੂ ਨੇ। ਚੀਨ = ਪਛਾਣਿਆ। ਙਣਤੀ ਙਣੀ = ਗਿਣਤੀ ਗਿਣਿਆਂ, ਸੋਚਾਂ ਸੋਚਿਆਂ। ਸਰਪਰ = ਜ਼ਰੂਰ। 21।

ਅਰਥ: (ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ। ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ।1।

ਪਉੜੀ: ਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ, ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।

(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤਿ ਉਹਨਾਂ ਨੇ ਹੀ ਜੋੜੀ ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤਿ ਦਿੱਤੀ।

(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ, ਸੋਚਾਂ ਸੋਚਿਆਂ (ਭੀ ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।

(ਪਰ) ਹੇ ਨਾਨਕ! (ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ। 21।3।

ਨੋਟ: ਅੰਕ 3 ਦਾ ਭਾਵ ਇਹ ਹੈ ਕਿ ਅੱਖਰ 'ਙ' ਦੀਆਂ 3 ਪਉੜੀਆਂ ਆ ਚੁਕੀਆਂ ਹਨ।

ਸਲੋਕੁ ॥ ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥ ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥ ਪਉੜੀ ॥ ਚਚਾ ਚਰਨ ਕਮਲ ਗੁਰ ਲਾਗਾ ॥ ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥ ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥ ਭਈ ਕ੍ਰਿਪਾ ਤਬ ਦਰਸਨੁ ਪਾਇਓ ॥ ਚਾਰ ਬਿਚਾਰ ਬਿਨਸਿਓ ਸਭ ਦੂਆ ॥ ਸਾਧਸੰਗਿ ਮਨੁ ਨਿਰਮਲ ਹੂਆ ॥ ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥ ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥ {ਪੰਨਾ 254}

ਪਦ ਅਰਥ: ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ, ਸੋਹਣੇ ਚਰਨ। ਊਧ = ਉਲਟਿਆ ਹੋਇਆ, ਮਾਇਆ ਵਲ ਪਰਤਿਆ ਹੋਇਆ। ਆਪਹਿ = ਆਪ ਹੀ। ਗੋੁਬਿੰਦ = {ਨੋਟ: ਅਖਰ 'ਗ' ਦੇ ਨਾਲ ਦੋ ਲਗਾਂ ਹਨ– ੋ, ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ}।

ਪਉੜੀ: ਉਆ ਦਿਨ = ਉਹ ਦਿਹਾੜੇ। ਚਾਰ = ਸੁੰਦਰ। ਬਿਚਾਰ = ਵਿਚਾਰਾਂ। ਦੂਆ = ਦੂਜਾ ਭਾਵ, ਮਾਇਆ ਦਾ ਪਿਆਰ। ਦ੍ਰਿਸਟੇਤਾ = ਦਰਸਨ ਕੀਤਾ। ਅੰਜਨੁ = ਸੁਰਮਾ। ਜਿਹ = ਜਿਸ ਦੀਆਂ। 22।

ਅਰਥ: (ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ। ਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ।1।

ਪਉੜੀ: ਉਹ ਦਿਨ ਭਾਗਾਂ ਵਾਲੇ, ਉਹ ਸਮਾ ਭਾਗਾਂ ਵਾਲਾ ਸਮਝੋ ਜਦੋਂ (ਕਿਸੇ ਜੀਵ ਦਾ ਮੱਥਾ) ਗੁਰੂ ਦੇ ਸੋਹਣੇ ਚਰਨਾਂ ਤੇ ਲੱਗੇ। (ਪ੍ਰਭੂ ਦੀ ਦੀਦਾਰ ਦੀ ਖ਼ਾਤਰ, ਜੀਵ) ਚੌਹੀਂ ਤਰਫ਼ੀਂ ਦਸੀਂ ਪਾਸੀਂ ਭੀ ਭਟਕ ਆਵੇ (ਤਦ ਭੀ ਸਫਲਤਾ ਨਹੀਂ ਹੁੰਦੀ) ਦੀਦਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਦੀ ਮਿਹਰ ਹੋਵੇ (ਤੇ ਮਿਹਰ ਹੋਇਆਂ ਗੁਰੂ ਦੀ ਸੰਗਤਿ ਮਿਲਦੀ ਹੈ) ।

ਗੁਰੂ ਦੀ ਸੰਗਤਿ ਵਿਚ ਮਨ ਪਵਿਤ੍ਰ ਹੋ ਜਾਂਦਾ ਹੈ, ਵਿਚਾਰ ਸੁਅੱਛ ਹੋ ਜਾਂਦੇ ਹਨ, ਮਾਇਆ ਦਾ ਪਿਆਰ ਸਾਰਾ ਹੀ ਮੁੱਕ ਜਾਂਦਾ ਹੈ।

ਹੇ ਨਾਨਕ! (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਜਿਸ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ (ਹਰ ਥਾਂ) ਇਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ) । 22।

ਸਲੋਕੁ ॥ ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥ ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥ ਪਉੜੀ ॥ ਛਛਾ ਛੋਹਰੇ ਦਾਸ ਤੁਮਾਰੇ ॥ ਦਾਸ ਦਾਸਨ ਕੇ ਪਾਨੀਹਾਰੇ ॥ ਛਛਾ ਛਾਰੁ ਹੋਤ ਤੇਰੇ ਸੰਤਾ ॥ ਅਪਨੀ ਕ੍ਰਿਪਾ ਕਰਹੁ ਭਗਵੰਤਾ ॥ ਛਾਡਿ ਸਿਆਨਪ ਬਹੁ ਚਤੁਰਾਈ ॥ ਸੰਤਨ ਕੀ ਮਨ ਟੇਕ ਟਿਕਾਈ ॥ ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥ ਨਾਨਕ ਜਾ ਕਉ ਸੰਤ ਸਹਾਈ ॥੨੩॥ {ਪੰਨਾ 254-255}

ਪਦ ਅਰਥ: ਸੀਤਲ = ਠੰਡੀ। ਛੰਤ = ਛੰਦ, ਗੀਤ। ਗਾਇ = ਗਾ ਕੇ। ਦਾਸ ਦਸਾਇ = ਦਾਸਾਂ ਦਾ ਦਾਸ।1।

ਪਉੜੀ: ਛੋਹਰੇ = ਬਾਲਕੇ, ਦਾਸ। ਪਾਨੀਹਾਰੇ = ਪਾਣੀ ਭਰਨ ਵਾਲੇ। ਛਾਰੁ = ਚਰਨ-ਧੂੜ। ਭਗਵੰਤਾ = ਹੇ ਭਗਵਾਨ! ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ। ਮਨ = ਹੇ ਮਨ!। 23।

ਅਰਥ: ਹੇ ਨਾਨਕ! (ਆਖ–) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ। ਮੇਰੇ ਤੇ ਅਜੇਹੀ ਮਿਹਰ ਕਰ ਕਿ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ।1।

ਪਉੜੀ: ਹੇ ਭਗਵਾਨ! ਆਪਣੀ ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ। ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ) ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ) ।

ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ ਸੰਤ ਜਨਾਂ ਦਾ ਆਸਰਾ ਫੜ।

ਹੇ ਨਾਨਕ! ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ, ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। 23।

TOP OF PAGE

Sri Guru Granth Darpan, by Professor Sahib Singh