ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 255

ਸਲੋਕੁ ॥ ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥ ਪਉੜੀ ॥ ਜਜਾ ਜਾਨੈ ਹਉ ਕਛੁ ਹੂਆ ॥ ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ ਜਉ ਜਾਨੈ ਹਉ ਭਗਤੁ ਗਿਆਨੀ ॥ ਆਗੈ ਠਾਕੁਰਿ ਤਿਲੁ ਨਹੀ ਮਾਨੀ ॥ ਜਉ ਜਾਨੈ ਮੈ ਕਥਨੀ ਕਰਤਾ ॥ ਬਿਆਪਾਰੀ ਬਸੁਧਾ ਜਿਉ ਫਿਰਤਾ ॥ ਸਾਧਸੰਗਿ ਜਿਹ ਹਉਮੈ ਮਾਰੀ ॥ ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥ {ਪੰਨਾ 255}

ਪਦ ਅਰਥ: ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ। ਕਾਚੀ = ਨਾਸਵੰਤ। ਬਿਕਾਰ = ਬੇਕਾਰ, ਵਿਅਰਥ। ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ।1।

ਪਉੜੀ: ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ। ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ। ਸੂਆ = ਤੋਤਾ। ਠਾਕੁਰਿ = ਠਾਕੁਰ ਨੇ। ਬਸੁਧਾ = ਧਰਤੀ। ਜਿਹ = ਜਿਸ ਨੇ। ਮੁਰਾਰੀ = ਪਰਮਾਤਮਾ। 24।

ਅਰਥ: ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ। ਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ।1।

ਪਉੜੀ: ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ, ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ। ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ, ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।

ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ ਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ) ।

ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ, ਉਸੇ ਨੂੰ ਪਰਮਾਤਮਾ ਮਿਲਦਾ ਹੈ। 24।

ਸਲੋਕੁ ॥ ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥ ਪਉੜੀ ॥ ਝਝਾ ਝੂਰਨੁ ਮਿਟੈ ਤੁਮਾਰੋ ॥ ਰਾਮ ਨਾਮ ਸਿਉ ਕਰਿ ਬਿਉਹਾਰੋ ॥ ਝੂਰਤ ਝੂਰਤ ਸਾਕਤ ਮੂਆ ॥ ਜਾ ਕੈ ਰਿਦੈ ਹੋਤ ਭਾਉ ਬੀਆ ॥ ਝਰਹਿ ਕਸੰਮਲ ਪਾਪ ਤੇਰੇ ਮਨੂਆ ॥ ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥ ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥ ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥ {ਪੰਨਾ 255}

ਪਦ ਅਰਥ: ਝਾਲਾਘੇ = ਸਵੇਰੇ, ਅੰਮ੍ਰਿਤ ਵੇਲੇ। ਉਠਿ = ਉਠ ਕੇ। ਨਿਸਿ = ਰਾਤ। ਬਾਸੁਰ = ਦਿਨ। ਕਾਰਾ = ਝੋਰਾ, ਚਿੰਤਾ-ਫ਼ਿਕਰ। ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ। ਉਪਾਧਿ = ਝਗੜੇ ਆਦਿਕ ਦਾ ਸੁਭਾਉ।1।

ਪਉੜੀ: ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ। ਬੀਆ = ਦੂਜਾ। ਕਸੰਮਲ = ਪਾਪ, ਕਸਮਲ। ਮਨੂਆ = ਮਨ ਦੇ। ਦ੍ਰੁਸਟਾਈ = ਦੁਸ਼ਟ, ਮੰਦੇ ਖ਼ਿਆਲ। ਗੁਸਾਈ = ਧਰਤੀ ਦਾ ਖਸਮ, ਪ੍ਰਭੂ। 25।

ਅਰਥ: ਹੇ ਨਾਨਕ! (ਆਖ– ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ। ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ।1।

(ਹੇ ਵਣਜਾਰੇ ਜੀਵ!) ਪਰਮਾਤਮਾ ਦੇ ਨਾਮ ਨਾਲ ਵਣਜ ਕਰ, ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ। ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ, ਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।

ਹੇ ਭਾਈ! ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਿਆਂ, ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ।

ਹੇ ਨਾਨਕ! ਜਿਸ ਮਨੁੱਖ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ, ਤੇ) ਉਸ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ। 25।

ਸਲੋਕੁ ॥ ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥ ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥ ਪਵੜੀ ॥ ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥ ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥ ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥ ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥ {ਪੰਨਾ 255}

ਪਦ ਅਰਥ: ਮੀਤ = ਹੇ ਮਿੱਤਰ! ਞਤਨ = ਜਤਨ। ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ।1।

ਪਵੜੀ: ਹੇਤ = ਮੋਹ। ਞਾਣਹੁ = ਸਮਝ ਲਵੋ। ਕੇਤ = ਕਿਤਨੇ ਕੁ? ਗਣਉ = ਗਣਉਂ, ਮੈਂ ਗਿਣਦਾ। ਸਕਉ = ਸਕਉਂ। ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ। ਞੋ = ਜੋ ਕੁਝ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਕਾ ਸਿਉ = ਕਿਸ ਨਾਲ? ਸੰਗੁ = ਸਾਥ। ਸਹੀ = ਠੀਕ। ਚਿਤ = ਹੇ ਚਿੱਤ! ਕੂਪ ਤੇ = ਖੂਹ ਵਿਚੋਂ। ਤਿਹ = ਉਸ (ਮਨੁੱਖ) ਨੂੰ। ਭ੍ਰਮ ਤੇ = ਭਟਕਣਾ ਤੋਂ। ਭਿੰਨ = ਵੱਖਰਾ। ਕਰਉ = ਕਰਉਂ, ਮੈਂ ਕਰਦਾ ਹਾਂ। ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ। 26।

ਅਰਥ: ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ। ਹੇ ਨਾਨਕ! (ਆਖ–) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ।1।

ਪਉੜੀ: (ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ; ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ। ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ? ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।

(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ। ਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।

ਹੇ ਨਾਨਕ! (ਆਖ–) ਮੈਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤਿ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ, ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ) । 26।

ਸਲੋਕੁ ॥ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ ਪਉੜੀ ॥ ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ ਬਾਰਿ ਬਾਰਿ ਜਾਉ ਸੰਤ ਸਦਕੇ ॥ ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥ {ਪੰਨਾ 255}

ਪਦ ਅਰਥ: ਪਉੜੀ: ਬ੍ਰਿਥਾ = ਖ਼ਾਲੀ। ਹੀਐ = ਹਿਰਦੇ ਵਿਚ। ਮਹਲ = ਅਵਸਰ, ਸਬਬ। ਸਾਧ = ਗੁਰੂ। ਆਪਨ = ਪ੍ਰਭੂ ਆਪ ਹੀ। ਟੋਹੇ ਟਾਹੇ = ਭਾਲੇ ਵੇਖੇ ਹਨ। ਭਵਨ = ਟਿਕਾਣੇ, ਆਸਰੇ, ਘਰ। ਤਿਹ = ਉਹਨਾਂ ਬੰਦਿਆਂ ਦੇ। ਕਦਿ ਕੇ = ਚਿਰ ਦੇ, ਕਈ ਜਨਮਾਂ ਦੇ ਕੀਤੇ ਹੋਏ। 27।

ਅਰਥ: ਹੇ ਨਾਨਕ! ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਦੇ ਮਨ ਤੋਂ ਭੁੱਲਦਾ ਨਹੀਂ ਹੈ, ਉਸ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ।1।

ਪਉੜੀ: (ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ। ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।

ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ। ਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।

ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ। ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ) ।

ਹੇ ਨਾਨਕ! (ਆਖ–) ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ। 27।

TOP OF PAGE

Sri Guru Granth Darpan, by Professor Sahib Singh