ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 256

ਸਲੋਕੁ ॥ ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥ ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥ ਪਉੜੀ ॥ ਠਠਾ ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ ਏਕਹਿ ਲਪਟਾਹੀ ॥ ਠਹਕਿ ਠਹਕਿ ਮਾਇਆ ਸੰਗਿ ਮੂਏ ॥ ਉਆ ਕੈ ਕੁਸਲ ਨ ਕਤਹੂ ਹੂਏ ॥ ਠਾਂਢਿ ਪਰੀ ਸੰਤਹ ਸੰਗਿ ਬਸਿਆ ॥ ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ ਠਾਕੁਰ ਅਪੁਨੇ ਜੋ ਜਨੁ ਭਾਇਆ ॥ ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ {ਪੰਨਾ 256}

ਪਦ ਅਰਥ: ਠਾਕ = ਰੋਕ। ਦਰਿ = ਪ੍ਰਭੂ ਦੇ ਦਰ ਉਤੇ। ਪ੍ਰਭਿ = ਪ੍ਰਭੂ ਨੇ। ਧਨਿ ਧੰਨਿ = ਬੜੇ ਭਾਗਾਂ ਵਾਲੇ।1।

ਪਉੜੀ: ਠਾਹਹਿ = ਦੁਖਾਂਦੇ। ਠਹਕਿ ਠਹਕਿ = ਖਪ ਖਪ ਕੇ, ਖਹਿ ਖਹਿ ਕੇ, ਦੂਜਿਆਂ ਨਾਲ ਵੈਰ-ਵਿਰੋਧ ਬਣਾ ਬਣਾ ਕੇ। ਜੀਅ ਰਸਿਆ = ਜਿੰਦ ਵਿਚ ਰਚ ਜਾਂਦਾ ਹੈ। ਭਾਇਆ = ਪਿਆਰਾ ਲੱਗਾ। 28।

ਅਰਥ: (ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ) । ਹੇ ਨਾਨਕ! (ਆਖ–) ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ।1।

ਪਉੜੀ: ਜੋ ਮਨੁੱਖ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ, ਉਹ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ। (ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ, ਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ।

ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ, ਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ।

ਹੇ ਨਾਨਕ! ਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ। 28।

ਸਲੋਕੁ ॥ ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ ਪਉੜੀ ॥ ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ ਜਾ ਕਾ ਤਸੂ ਨਹੀ ਸੰਗਿ ਚਾਲੈ ॥ ਉਆ ਡੇਰਾ ਕੀ ਸੋ ਮਿਤਿ ਜਾਨੈ ॥ ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ ਨਾਨਕ ਤੇ ਜਨ ਨਹ ਡੋਲਾਇਆ ॥੨੯॥ {ਪੰਨਾ 256}

ਪਦ ਅਰਥ: ਦੇ ਕਰਿ = ਦੇ ਕੇ। ਕਲਾ = ਤਾਕਤ। ਤੇ = ਤੋਂ।1।

ਪਉੜੀ: ਡੇਰਾ = ਸਦਾ ਟਿਕੇ ਰਹਿਣ ਲਈ ਥਾਂ। ਜਾਨੁ = ਪਛਾਣ। ਸੰਜਮ = (ਟਿਕੇ ਰਹਿਣ ਦੀ) ਜੁਗਤਿ। ਸਬਦਿ = ਸ਼ਬਦ ਦੀ ਰਾਹੀਂ। ਸ੍ਰਮੁ = ਮਿਹਨਤ। ਘਾਲੈ = ਜਤਨ ਕਰਦਾ ਹੈ, ਘਾਲ ਘਾਲਦਾ ਹੈ। ਤਸੂ = ਰਤਾ ਭਰ ਭੀ। ਮਿਤਿ = ਮਰਯਾਦਾ, ਰੀਤ। 29।

ਅਰਥ: ਹੇ ਨਾਨਕ! (ਇਉਂ ਅਰਦਾਸ ਕਰ =) ਹੇ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ! ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ। ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ।1।

ਪਉੜੀ: (ਹੇ ਭਾਈ!) ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ।

ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ, ਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ।

ਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ, ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ।

ਹੇ ਨਾਨਕ! ਸਾਧ ਸੰਗਤਿ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ, ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ। 29।

ਸਲੋਕੁ ॥ ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ ਪਉੜੀ ॥ ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ {ਪੰਨਾ 256}

ਪਦ ਅਰਥ: ਧਰਮਰਾਇ ਢਾਹ = (ਆਤਮਕ ਜੀਵਨ ਦੇ ਮਹਲ ਨੂੰ) ਧਰਮਰਾਜ ਦੀ ਢਾਹ, ਆਤਮਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ। ਕਿਨਹਿ = ਕਿਸੇ ਭੀ ਵਿਕਾਰ ਨੇ। ਬੰਧ ਨ ਘਾਲਿਓ = ਆਤਮਕ ਜੀਵਨ ਦੇ ਰਸਤੇ ਵਿਚ ਰੋਕ ਨ ਪਾਈ। ਸਨਬੰਧ = ਸੰਬੰਧ, ਨਾਤਾ, ਪ੍ਰੀਤ।1।

ਪਉੜੀ: ਬਿਕਰਾਲ = ਡਰਾਉਣੀ। ਸਹਜੇ = ਸਹਜਿ, ਅਡੋਲ ਅਵਸਥਾ ਵਿਚ। ਨਿਹਾਲ = ਪ੍ਰਸੰਨ। ਜਾਪੈ = ਜੰਮਦੀ ਹੈ, ਬਣੀ ਰਹਿੰਦੀ ਹੈ। ਜਮਿ = ਜੰਮ ਕੇ। 60।

ਅਰਥ: ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਾਧ ਸੰਗਤਿ ਵਿਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ। ਉਹਨਾਂ (ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ। ਕੋਈ ਇਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿਚ ਰੋਕ ਨਹੀਂ ਪਾ ਸਕਿਆ।1।

ਪਉੜੀ: (ਹੇ ਭਾਈ!) ਪ੍ਰਭੂ ਤੁਹਾਡੇ ਨਾਲ (ਹਿਰਦੇ ਵਿਚ) ਵੱਸ ਰਿਹਾ ਹੈ, ਤੁਸੀ ਜੰਗਲ ਜੰਗਲ ਕਿੱਥੇ ਢੂੰਢਦੇ ਫਿਰਦੇ ਹੋ? ਹੋਰ ਕਿੱਥੇ ਲੱਭਦੇ ਫਿਰਦੇ ਹੋ? ਭਾਲ ਇਸ ਮਨ ਵਿਚ ਹੀ (ਕਰਨੀ ਹੈ) । ਸਾਧ ਸੰਗਤਿ ਵਿਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮਤਿ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ (ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸਨ ਹੋ ਜਾਇਗਾ, ਪ੍ਰਭੂ ਦਾ) ਦਰਸਨ ਕਰ ਕੇ ਆਤਮਾ ਖਿੜ ਪਏਗਾ, ਆਤਮਕ ਆਨੰਦ ਮਿਲੇਗਾ, ਅਡੋਲ ਅਵਸਥਾ ਵਿਚ ਟਿਕ ਜਾਵੋਗੇ।

ਜਿਤਨਾ ਚਿਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ, ਮਨੁੱਖ ਜੰਮਦਾ ਮਰਦਾ ਰਹਿੰਦਾ ਹੈ, ਜੂਨਾਂ ਦੇ ਗੇੜ ਵਿਚ ਦੁੱਖ ਭੋਗਦਾ ਹੈ, ਮੋਹ ਵਿਚ ਮਸਤ ਹੋ ਕੇ (ਮਾਇਆ ਨਾਲ) ਚੰਬੜਿਆ ਰਹਿੰਦਾ ਹੈ, ਹਉਮੈ ਦੇ ਕਾਰਨ ਜਨਮ ਮਰਨ ਵਿਚ ਪਿਆ ਰਹਿੰਦਾ ਹੈ।

ਹੇ ਨਾਨਕ! ਜੋ ਬੰਦੇ ਇਸ ਜਨਮ ਵਿਚ ਸਾਧ ਜਨਾਂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੀਆਂ (ਮੋਹ ਤੋਂ ਉਪਜੀਆਂ) ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। 30।

ਸਲੋਕੁ ॥ ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ ਪਉੜੀ ॥ ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ {ਪੰਨਾ 256}

ਪਦ ਅਰਥ: ਦੂਤ = ਹੇ ਮੇਰੇ ਦੂਤੋ! {ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਦੱਸਿਆ ਜਾ ਰਿਹਾ ਹੈ}।1।

ਪਉੜੀ: ਰਣ ਤੇ = ਜਗਤ ਦੀ ਰਣ-ਭੂਮੀ ਤੋਂ। ਸੀਝੀਐ = ਜਿੱਤੀਦਾ ਹੈ। ਆਤਮ = ਆਪਣੇ ਆਪ ਨੂੰ। ਅਨ = ਦ੍ਵੈਤ। ਮਰੈ = ਆਪਾ-ਭਾਵ ਵਲੋਂ ਮਰੇ। ਸੋਭਾਦੂ = ਦੋਹਾਂ ਬਾਹਵਾਂ ਨਾਲ ਤਲਵਾਰ ਚਲਾਣ ਵਾਲਾ ਸੂਰਮਾ। ਮਣੀ = ਹਉਮੈ। ਸੂਰਤਣ = ਸੂਰਮਤਾ, ਬਹਾਦਰੀ। ਟੇਕ = ਓਟ। ਰੈਣਿ = ਰਾਤ। ਰੇਣ = ਚਰਨ-ਧੂੜ। ਏਊ = ਇਹੀ, ਇਹੋ ਜੇਹੇ। 31।

ਅਰਥ: (ਧਰਮਰਾਜ ਆਖਦਾ ਹੈ–) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ। (ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀ ਬਚੋਗੇ।1।

ਪਉੜੀ: ਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ। ਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।

ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ, ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ।

ਹੇ ਨਾਨਕ! ਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ, ਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ, ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ– ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ। 31।

ਸਲੋਕੁ ॥ ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ ਪਉੜੀ ॥ ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥ ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥ ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥ ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥ ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥ ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥ {ਪੰਨਾ 256-257}

ਪਦ ਅਰਥ: ਅਰਪਉ = ਮੈਂ ਭੇਟਾ ਕਰ ਦਿਆਂ। ਮੋਹਿ = ਮੈਨੂੰ। ਜੋਹ = ਤੱਕ, ਘੂਰੀ।1।

ਪਉੜੀ: ਨਿਧਿ = ਖ਼ਜ਼ਾਨਾ। ਤਪਤਿ = ਸੜਨ, ਤਪਸ਼। ਤ੍ਰਾਸ = ਡਰ। ਪੰਥ = ਰਸਤਾ। ਜਾਸੁ ਮਨਿ = ਜਿਸ ਦੇ ਮਨ ਵਿਚ। ਮਹਲੀ = ਪ੍ਰਭੂ ਦੇ ਘਰ ਵਿਚ। ਠਾਉ = ਥਾਂ। ਤਾਹ ਸੰਗਿ = ਤੇਰੇ ਨਾਲ। ਤਾਤਾ = ਸਾੜਾ, ਕਲੇਸ਼। ਆਪਹਿ = ਆਪ ਹੀ। 32।

ਅਰਥ: ਹੇ ਨਾਨਕ! (ਆਖ–) ਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ) ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ।1।

ਪਉੜੀ: (ਹੇ ਭਾਈ!) ਉਸ ਗੋਬਿੰਦ ਰਾਇ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਮਨ-ਇੱਛਤ ਫਲ ਹਾਸਲ ਕਰੇਂਗਾ, ਤੇਰੇ ਮਨ ਦੀ (ਤ੍ਰਿਸ਼ਨਾ-ਅੱਗ ਦੀ) ਤਪਸ਼ ਦੂਰ ਹੋ ਜਾਏਗੀ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ) । (ਹੇ ਭਾਈ! ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤਿ ਟਿਕੀ ਰਹੇਗੀ। (ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ। (ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ।

ਹੇ ਨਾਨਕ! (ਆਖ–) ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ। 32।

TOP OF PAGE

Sri Guru Granth Darpan, by Professor Sahib Singh