ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 257 ਸਲੋਕੁ ॥ ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥ ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥ ਪਉੜੀ ॥ ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥ ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥ ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥ ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥ ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥ ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥ ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥ {ਪੰਨਾ 257} ਪਦ ਅਰਥ: ਸੰਚਿ = ਇਕੱਠੀ ਕਰ ਕੇ। ਸਾਕਤ = ਮਾਇਆ-ਗ੍ਰਸੇ ਜੀਵ।1। ਪਉੜੀ: ਬੰਚ = ਠੱਗੀ। ਬਲ ਛਲ = ਵਲ-ਛਲ, ਫ਼ਰੇਬ। ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ! ਅਉਸਰ = ਸਮਾ। ਥਿਤਿ = ਸ਼ਾਂਤੀ, ਟਿਕਾਉ। ਸਿਖ = ਸਿੱਖਿਆ। ਅਸਨੇਹੁ = ਨੇਹੁ, ਪਿਆਰ {Ônyh ਦੇ ਦੋ ਪੰਜਾਬੀ ਰੂਪ = ਨੇਹੁ, ਅਸਨੇਹੁ। ਵੇਖੋ 'ਗੁਰਬਾਣੀ ਵਿਆਕਰਣ'}। 33। ਅਰਥ: ਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ; ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ।1। ਪਉੜੀ: ਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?) ਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ। ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ, ਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ। (ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ, ਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ। (ਪਰ) ਹੇ ਨਾਨਕ! (ਆਖ– ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ, ਜਿੱਧਰ ਤੂੰ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ। 33। ਸਲੋਕੁ ॥ ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥ ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥ ਪਉੜੀ ॥ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥ ਦੈਨਹਾਰੁ ਸਦ ਜੀਵਨਹਾਰਾ ॥ ਮਨ ਮੂਰਖ ਕਿਉ ਤਾਹਿ ਬਿਸਾਰਾ ॥ ਦੋਸੁ ਨਹੀ ਕਾਹੂ ਕਉ ਮੀਤਾ ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥ ਦਰਦ ਨਿਵਾਰਹਿ ਜਾ ਕੇ ਆਪੇ ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥ {ਪੰਨਾ 257} ਪਦ ਅਰਥ: ਦਾਸਹਿ = ਦਾਸਾਂ ਨੇ। ਨਿਹਾਰਿਆ = ਵੇਖਿਆ ਹੈ। ਅਧਾਰ = ਆਸਰਾ।1। ਪਉੜੀ: ਅਗਨਤ = ਅ-ਗਨਤ, ਜੋ ਗਿਣੇ ਨਾ ਜਾ ਸਕਣ। ਦੈਨਹਾਰੁ = ਦਾਤਾਰ। ਤਾਹਿ = ਉਸ ਨੂੰ। ਮੀਤਾ = ਹੇ ਮਿੱਤਰ! ਪ੍ਰਭਿ = ਪ੍ਰਭੂ ਨੇ। ਬੰਧੁ = ਬੰਨ੍ਹ, ਡੱਕਾ, ਰੋਕ। ਧ੍ਰਾਪੇ = ਰੱਜ ਜਾਂਦੇ ਹਨ। ਤੇ ਤੇ = ਉਹ ਉਹ ਬੰਦੇ। 34। ਅਰਥ: ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤਿ ਪ੍ਰਭੂ ਆਪ ਹੀ ਦੇਣ ਵਾਲਾ ਹੈ (ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ।1। ਪਉੜੀ: ਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ, ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ। ਹੇ ਮੂਰਖ ਮਨ! ਤੂੰ ਸਦਾ ਦਾਤਾਰ ਨੂੰ ਕਿਉਂ ਭੁਲਾਂਦਾ ਹੈਂ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ? ਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਭੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ, ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ੍ਹ ਬਣਾ ਦਿੱਤਾ ਹੈ। ਹੇ ਨਾਨਕ! (ਆਖ–) ਹੇ ਪ੍ਰਭੂ! ਜਿਨ੍ਹਾਂ ਬੰਦਿਆਂ ਦੇ ਦਿਲ ਵਿਚੋਂ ਤੂੰ ਆਪ ਹੀ (ਮਾਇਆ ਦੇ ਮੋਹ ਦੀਆਂ) ਚੋਭਾਂ ਦੂਰ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ ਮਾਇਆ ਵਲੋਂ ਰੱਜ ਜਾਂਦੇ ਹਨ (ਤ੍ਰਿਸ਼ਨਾ ਮੁਕਾ ਲੈਂਦੇ ਹਨ) । 34। ਸਲੋਕੁ ॥ ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥ ਪਉੜੀ ॥ ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥ ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥ ਧਨੁ ਸਾਚਾ ਤੇਊ ਸਚ ਸਾਹਾ ॥ ਹਰਿ ਹਰਿ ਪੂੰਜੀ ਨਾਮ ਬਿਸਾਹਾ ॥ ਧੀਰਜੁ ਜਸੁ ਸੋਭਾ ਤਿਹ ਬਨਿਆ ॥ ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥ ਗੁਰਮੁਖਿ ਜਿਹ ਘਟਿ ਰਹੇ ਸਮਾਈ ॥ ਨਾਨਕ ਤਿਹ ਜਨ ਮਿਲੀ ਵਡਾਈ ॥੩੫॥ {ਪੰਨਾ 257} ਪਦ ਅਰਥ: ਜੀਅਰੇ = ਹੇ ਜਿੰਦੇ! ਲਾਹਿ = ਦੂਰ ਕਰ। ਬਿਡਾਨੀ = ਬਿਗਾਨੀ।1। ਪਉੜੀ: ਧਾਵਤ = (ਮਾਇਆ ਦੀ ਖ਼ਾਤਰ) ਭਟਕਣਾ। ਤਉ = ਤਦੋਂ। ਬਾਸੁ = ਵਸੇਬਾ। ਧਰ ਤੇ = ਧੁਰ ਤੋਂ, ਆਪਣੇ ਦਰ ਤੋਂ। ਮਨਹਿ = ਮਨ ਵਿਚ। ਪਰਗਾਸੁ = ਚਾਨਣ, ਸਹੀ ਜੀਵਨ ਦੀ ਸੂਝ। ਸਾਚਾ = ਸਦਾ-ਥਿਰ ਰਹਿਣ ਵਾਲਾ। ਤੇਊ = ਉਹੀ ਬੰਦੇ। ਵਿਸਾਹਾ = ਵਿਹਾਝਿਆ, ਵਪਾਰ ਕੀਤਾ। ਧੀਰਜੁ = ਗੰਭੀਰਤਾ, ਜਿਗਰਾ। ਤਿਹ = ਉਹਨਾਂ ਦਾ। ਸ੍ਰਵਨ = ਕੰਨਾਂ ਨਾਲ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। 35। ਅਰਥ: ਹੇ ਮੇਰੀ ਜਿੰਦੇ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ। ਹੇ ਨਾਨਕ! ਸਦਾ ਪ੍ਰਭੂ ਦੀ ਯਾਦ ਮਨ ਵਿਚ ਵਸਾਣੀ ਚਾਹੀਦੀ ਹੈ, ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ।1। ਪਉੜੀ: ਜੇ ਸੰਤਾਂ ਦੀ ਸੰਗਤਿ ਵਿਚ ਬਹਣ-ਖਲੋਣ ਹੋ ਜਾਏ, ਤਾਂ (ਮਾਇਆ ਦੀ ਖ਼ਾਤਰ ਮਨ ਦੀ ਬੇ-ਸਬਰੀ ਵਾਲੀ) ਭਟਕਣਾ ਮਿਟ ਜਾਂਦੀ ਹੈ। (ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ) । (ਉਸ ਨੂੰ ਇਹ ਗਿਆਨ ਹੁੰਦਾ ਹੈ ਕਿ) ਅਸਲ ਸੱਚੇ ਸਾਹੂਕਾਰ ਉਹ ਹਨ (ਜਿਨ੍ਹਾਂ ਪਾਸ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਹੈ, ਜੋ ਹਰੀ-ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ। ਜੇਹੜੇ ਬੰਦੇ ਹਰੀ-ਨਾਮ ਕੰਨਾਂ ਨਾਲ (ਧਿਆਨ ਨਾਲ) ਸੁਣਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ। ਹੇ ਨਾਨਕ! ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ। 35। ਸਲੋਕੁ ॥ ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥ ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥ ਪਉੜੀ ॥ ਨੰਨਾ ਨਰਕਿ ਪਰਹਿ ਤੇ ਨਾਹੀ ॥ ਜਾ ਕੈ ਮਨਿ ਤਨਿ ਨਾਮੁ ਬਸਾਹੀ ॥ ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥ ਬਿਖੁ ਮਾਇਆ ਮਹਿ ਨਾ ਓਇ ਖਪਤੇ ॥ ਨੰਨਾਕਾਰੁ ਨ ਹੋਤਾ ਤਾ ਕਹੁ ॥ ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥ ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥ ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥ {ਪੰਨਾ 257} ਪਦ ਅਰਥ: ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ। ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ। ਰੰਗਿ = ਪਿਆਰ ਵਿਚ। ਗੁਰਿ = ਗੁਰੂ ਨੂੰ। ਉਪਦੇਸਿਆ = ਨੇੜੇ ਵਿਖਾ ਦਿੱਤਾ। ਨਰਕੁ = ਦੁੱਖ-ਕਲੇਸ਼।1। ਪਉੜੀ: ਨਰਕਿ = ਨਰਕ ਵਿਚ, ਘੋਰ ਦੁੱਖ ਵਿਚ। ਤੇ = ਉਹ ਬੰਦੇ। ਪਰਹਿ = ਪੈਂਦੇ। ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ। ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ। ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ। ਮੰਤ੍ਰੁ = ਉਪਦੇਸ਼। ਜਾ ਕਹੁ = ਜਿਨ੍ਹਾਂ ਨੂੰ। ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਪੂਰੇ = ਭਰੇ ਹੋਏ। ਤਹ = ਉਥੇ, ਉਸ ਹਿਰਦੇ ਵਿਚ। ਬਾਜੇ = ਵੱਜਦੇ ਹਨ। ਅਨਹਦ = {hn` to strike, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ। ਤੂਰੇ = ਵਾਜੇ। 36। ਅਰਥ: ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ) ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ।1। ਪਉੜੀ: ਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ, ਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ। ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ, ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ। ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ, ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ। ਹੇ ਨਾਨਕ! ਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ। 36। |
![]() |
![]() |
![]() |
![]() |
Sri Guru Granth Darpan, by Professor Sahib Singh |