ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 258 ਸਲੋਕੁ ॥ ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ ਪਉੜੀ ॥ ਪਪਾ ਪਰਮਿਤਿ ਪਾਰੁ ਨ ਪਾਇਆ ॥ ਪਤਿਤ ਪਾਵਨ ਅਗਮ ਹਰਿ ਰਾਇਆ ॥ ਹੋਤ ਪੁਨੀਤ ਕੋਟ ਅਪਰਾਧੂ ॥ ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥ ਪਰਪਚ ਧ੍ਰੋਹ ਮੋਹ ਮਿਟਨਾਈ ॥ ਜਾ ਕਉ ਰਾਖਹੁ ਆਪਿ ਗੁਸਾਈ ॥ ਪਾਤਿਸਾਹੁ ਛਤ੍ਰ ਸਿਰ ਸੋਊ ॥ ਨਾਨਕ ਦੂਸਰ ਅਵਰੁ ਨ ਕੋਊ ॥੩੭॥ {ਪੰਨਾ 258} ਪਦ ਅਰਥ: ਗੁਰਿ = ਗੁਰੂ ਨੇ। ਤਜਿ = ਤਜੈ, ਤਿਆਗ ਦੇਂਦਾ ਹੈ।1। ਪਉੜੀ: ਪਰਮਿਤਿ = ਮਿਤ ਤੋਂ ਪਰੇ, ਜਿਸ ਦੀ ਹਸਤੀ ਦਾ ਸਹੀ ਅੰਦਾਜ਼ਾ ਨਾਹ ਲਾਇਆ ਜਾ ਸਕੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਕੋਟਿ ਅਪਰਾਧੂ = ਕ੍ਰੋੜਾਂ ਅਪਰਾਧੀ। ਸਾਧੂ = ਗੁਰੂ। ਮਿਲਿ = ਮਿਲ ਕੇ। ਪਰਪਚ = ਪਰਪੰਚ, ਠੱਗੀ, ਧੋਖਾ। ਮਿਟ = ਮਿਟੈ, ਮਿਟਦਾ ਹੈ। ਨਾਈ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ। ਗੁਸਾਈ = ਹੇ ਗੁਸਾਈਂ!। 37। ਅਰਥ: ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ। ਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।1। ਪਉੜੀ: ਹਰੀ ਪ੍ਰਭੂ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ, ਉਸ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ। ਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ। ਹੇ ਸ੍ਰਿਸ਼ਟੀ ਦੇ ਮਾਲਕ! ਜਿਸ ਮਨੁੱਖ ਦੀ ਤੂੰ ਆਪ ਰੱਖਿਆ ਕਰਦਾ ਹੈਂ, ਤੇਰੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ। ਹੇ ਨਾਨਕ! ਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ, ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ। 37। ਸਲੋਕੁ ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ ਪਉੜੀ ॥ ਫਫਾ ਫਿਰਤ ਫਿਰਤ ਤੂ ਆਇਆ ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥ ਫਿਰਿ ਇਆ ਅਉਸਰੁ ਚਰੈ ਨ ਹਾਥਾ ॥ ਨਾਮੁ ਜਪਹੁ ਤਉ ਕਟੀਅਹਿ ਫਾਸਾ ॥ ਫਿਰਿ ਫਿਰਿ ਆਵਨ ਜਾਨੁ ਨ ਹੋਈ ॥ ਏਕਹਿ ਏਕ ਜਪਹੁ ਜਪੁ ਸੋਈ ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥ ਮੇਲਿ ਲੇਹੁ ਨਾਨਕ ਬੇਚਾਰੇ ॥੩੮॥ {ਪੰਨਾ 258} ਪਦ ਅਰਥ: ਗਵਨ = ਭਟਕਣ। ਫਤਿਹ = ਵਿਕਾਰਾਂ ਤੇ ਜਿੱਤ। ਮਨਿ ਜੀਤ = ਮਨਿ ਜੀਤੈ, ਮਨ ਜਿੱਤਿਆਂ। ਥਿਤਿ = ਇਸਥਿਤੀ, ਮਨ ਦੀ ਅਡੋਲਤਾ। ਨਿਤ ਨੀਤ = ਸਦਾ ਲਈ। ਫਿਰਨ = ਜਨਮ ਮਰਨ ਦੇ ਗੇੜ।1। ਪਉੜੀ: ਕਲਿਜੁਗ ਮਹਿ = {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ, ਇਥੇ ਭਾਵ ਹੈ– ਜਗਤ ਵਿਚ} ਸੰਸਾਰ ਵਿਚ। ਇਆ ਅਉਸਰੁ = ਅਜੇਹਾ ਮੌਕਾ। ਕਟੀਅਹਿ = ਕੱਟੇ ਜਾਂਦੇ ਹਨ, ਕੱਟੇ ਜਾਣਗੇ। ਬੇਚਾਰੇ = ਬੇਵੱਸ ਜੀਵ ਨੂੰ, ਜਿਸ ਦੇ ਵੱਸ ਦੀ ਗੱਲ ਨਹੀਂ। 38। ਅਰਥ: ਹੇ ਨਾਨਕ! ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ।1। ਪਉੜੀ: (ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ, ਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ। (ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ। (ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ। ਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ, ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ। (ਪਰ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ–) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ) , ਤੂੰ ਆਪ ਕਿਰਪਾ ਕਰ, ਤੇ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ। 38। ਸਲੋਕੁ ॥ ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥ ਪਉੜੀ ॥ ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ ਬੀਰਾ ਆਪਨ ਬੁਰਾ ਮਿਟਾਵੈ ॥ ਤਾਹੂ ਬੁਰਾ ਨਿਕਟਿ ਨਹੀ ਆਵੈ ॥ ਬਾਧਿਓ ਆਪਨ ਹਉ ਹਉ ਬੰਧਾ ॥ ਦੋਸੁ ਦੇਤ ਆਗਹ ਕਉ ਅੰਧਾ ॥ ਬਾਤ ਚੀਤ ਸਭ ਰਹੀ ਸਿਆਨਪ ॥ ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥ {ਪੰਨਾ 258} ਪਦ ਅਰਥ: ਬਿਨਉ = ਬੇਨਤ {ivnX}। ਸੰਪੈ = ਧਨ। ਰਵਾਲ = ਚਰਨ-ਧੂੜ।1। ਪਉੜੀ: ਬ੍ਰਹਮਾ = ਬ੍ਰਾਹਮਣ। ਤੇ = ਉਹ ਬੰਦੇ। ਬੈਸਨੋ = ਖਾਣ ਪੀਣ ਆਦਿਕ ਵਿਚ ਸੁੱਚ ਦੀ ਮਰਯਾਦਾ ਦਾ ਧਿਆਨ ਰੱਖਣ ਵਾਲੇ। ਸੁਚ = ਆਤਮਕ ਪਵਿਤ੍ਰਤਾ। ਬੀਰਾ = ਸੂਰਮਾ। ਬੁਰਾ = ਦੂਜਿਆਂ ਵਾਸਤੇ ਬੁਰਾਈ, ਦੂਜਿਆਂ ਦਾ ਬੁਰਾ ਤੱਕਣਾ। ਤਾਹੂ ਨਿਕਟਿ = ਉਸ ਦੇ ਨੇੜੇ। ਬੰਧਾ = ਬੰਧਨ। ਆਗਹ ਕਉ = ਹੋਰਨਾਂ ਨੂੰ, ਅਗਲਿਆਂ ਨੂੰ। ਰਹੀ = ਰਹਿ ਜਾਂਦੀ ਹੈ, ਪੇਸ਼ ਨਹੀਂ ਜਾਂਦੀ। 39। ਅਰਥ: ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਪਾਰਬ੍ਰਹਮ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਧਰਤੀ ਦੇ ਪਾਲਣਹਾਰ! ਮੇਰੀ ਬੇਨਤੀ ਸੁਣ। (ਮੈਨੂੰ ਸੁਮਤਿ ਦੇਹ ਕਿ) ਗੁਰਮੁਖਾਂ ਦੀ ਚਰਨ-ਧੂੜ ਹੀ ਮੈਨੂੰ ਅਨੇਕਾਂ ਸੁਖਾਂ ਧਨ-ਪਦਾਰਥ ਤੇ ਅਨੇਕਾਂ ਰਸਾਂ ਦੇ ਭੋਗ ਦੇ ਬਰਾਬਰ ਜਾਪੇ।1। ਪਉੜੀ: ਅਸਲ ਬ੍ਰਾਹਮਣ ਉਹ ਹਨ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਪਾਂਦੇ ਹਨ, ਅਸਲ ਵੈਸ਼ਨੋ ਉਹ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਕ ਪਵਿਤ੍ਰਤਾ ਦੇ ਫ਼ਰਜ਼ ਨੂੰ ਪਾਲਦੇ ਹਨ। ਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ। (ਜਿਸ ਨੇ ਇਹ ਕਰ ਲਿਆ) ਦੂਜਿਆਂ ਵਲੋਂ ਚਿਤਵੀ ਬੁਰਾਈ ਉਸ ਦੇ ਨੇੜੇ ਨਹੀਂ ਢੁਕਦੀ। (ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ, ਕਿਸੇ ਵਿਗਾੜ ਦਾ) ਦੋਸ ਇਹ ਅੰਨ੍ਹਾ ਮਨੁੱਖ ਹੋਰਨਾਂ ਤੇ ਲਾਂਦਾ ਹੈ। (ਪਰ) ਹੇ ਨਾਨਕ! (ਅਜੇਹਾ ਸੁਭਾਵ ਬਨਾਣ ਲਈ) ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਦੀ ਪੇਸ਼ ਨਹੀਂ ਜਾ ਸਕਦੀ। (ਪ੍ਰਭੂ ਅਗੇ ਅਰਦਾਸ ਕਰ, ਤੇ ਆਖ–) ਹੇ ਪ੍ਰਭੂ! ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ। 39। ਸਲੋਕੁ ॥ ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥ ਪਉੜੀ ॥ ਭਭਾ ਭਰਮੁ ਮਿਟਾਵਹੁ ਅਪਨਾ ॥ ਇਆ ਸੰਸਾਰੁ ਸਗਲ ਹੈ ਸੁਪਨਾ ॥ ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਨਾਨਕ ਤੇਹ ਪਰਮ ਸੁਖ ਪਾਇਆ ॥੪੦॥ {ਪੰਨਾ 258} ਪਦ ਅਰਥ: ਭੰਜਨ = ਤੋੜਨ ਵਾਲਾ। ਅਘ = ਪਾਪ। ਮਨਹਿ = ਮਨ ਵਿਚ। ਹਰੇ = ਹਰੀ ਨੂੰ। ਸੰਗਿ = ਸੰਗ ਵਿਚ। ਜਿਹ = ਜਿਨ੍ਹਾਂ ਦੇ। ਤੇ = ਉਹ ਬੰਦੇ। ਭ੍ਰਮੇ = ਭੁਲੇਖੇ ਵਿਚ ਪਏ।1। ਪਉੜੀ: ਭਰਮੁ = ਦੌੜ-ਭੱਜ, ਭਟਕਣਾ। ਸਗਲ = ਸਾਰਾ। ਸੁਰਿ = ਸ੍ਵਰਗੀ ਜੀਵ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਬ੍ਰਹਮੇਵਾ = ਬ੍ਰਹਮਾ ਵਰਗੇ। ਡਹਕਾਏ = ਧੋਖੇ ਵਿਚ ਆਉਂਦੇ ਗਏ। ਦੁਤਰ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ। ਮਾਏ = ਮਾਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤੇਹ = ਉਹਨਾਂ ਨੇ। 40। ਅਰਥ: (ਹੇ ਭਾਈ! ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਨਾਨਕ! ਸਤਸੰਗ ਵਿਚ ਰਹਿ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਹਰੀ ਆ ਟਿਕਦਾ ਹੈ, ਉਹ ਪਾਪਾਂ ਵਿਕਾਰਾਂ ਦੀ ਭਟਕਣਾ ਵਿਚ ਨਹੀਂ ਪੈਂਦੇ।1। ਪਉੜੀ: (ਹੇ ਭਾਈ!) ਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ) , ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ, ਇਸ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ। (ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ) ਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ, (ਧਰਤੀ ਦੇ) ਬੰਦੇ (ਮਾਇਕ ਪਦਾਰਥਾਂ ਦੀ ਖ਼ਾਤਰ) ਭਟਕ ਭਟਕ ਕੇ ਧੋਖੇ ਵਿਚ ਆਉਂਦੇ ਚਲੇ ਆ ਰਹੇ ਹਨ, ਇਹ ਮਾਇਆ ਇਕ ਐਸਾ ਮਹਾਨ ਔਖਾ (ਸਮੁੰਦਰ) ਹੈ (ਜਿਸ ਵਿਚੋਂ) ਤਰਨਾ ਬਹੁਤ ਹੀ ਕਠਨ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਮਾਇਆ ਪਿਛੇ) ਭਟਕਣਾ, ਸਹਮ ਤੇ ਮੋਹ (ਆਪਣੇ ਅੰਦਰੋਂ) ਮਿਟਾ ਲਏ, ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ। 40। ਸਲੋਕੁ ॥ ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥ ਪਉੜੀ ॥ ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ ਰਹਿਓ ਸੁਜਾਨਾ ॥ ਜੋ ਦੀਨੋ ਸੋ ਏਕਹਿ ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥ ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ ॥੪੧॥ {ਪੰਨਾ 258} ਪਦ ਅਰਥ: ਮਾਇਆ = ਮਾਇਆ ਵਿਚ, ਮਾਇਆ ਦੀ ਖ਼ਾਤਰ। ਮਾਗਨ ਤੇ = ਮਾਇਆ ਮੰਗਣ ਤੋਂ। ਜਿਹ = ਜਿਸ ਜੀਵ ਨੂੰ। ਨਾਮਹਿ = ਨਾਮ ਵਿਚ ਹੀ। ਰੰਗ = ਪਿਆਰ।1। ਪਉੜੀ: ਇਆਨਾ = ਬੇ-ਸਮਝ ਜੀਵ। ਸੁਜਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਜੋ...ਬਾਰ = ਉਸ ਨੇ ਸਭ ਕੁਝ ਇਕੋ ਵਾਰੀ ਦੇ ਦਿੱਤਾ ਹੋਇਆ ਹੈ, ਉਸ ਦੀਆਂ ਦਿੱਤੀਆਂ ਦਾਤਾਂ ਕਦੇ ਮੁੱਕਣ ਵਾਲੀਆਂ ਨਹੀਂ। ਪੁਕਾਰ = ਗਿਲੇ। ਬੀਆ = ਨਾਮ ਤੋਂ ਬਿਨਾ ਹੋਰ ਪਦਾਰਥ ਹੀ। ਕੁਸਲ = ਆਤਮਕ ਸੁਖ। ਕਾਹੂ = ਕਿਸੇ ਨੂੰ ਭੀ। ਪਰਹਿ ਪਰਾਗ = (ਮਾਇਕ ਪਦਾਰਥਾਂ ਦੀ ਮੰਗ ਤੋਂ) ਪਰਲੇ ਪਾਰ ਲੰਘ ਜਾਏਂ। 41। ਅਰਥ: ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ। ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ ਤੇ ਆਖ–) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ।1। ਪਉੜੀ: ਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ (ਇਹ ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ। ਹੇ ਮੂਰਖ ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ? ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ। (ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ, ਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ। ਹੇ ਨਾਨਕ! (ਆਖ– ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ, ਜਿਸ ਦੀ ਬਰਕਤਿ ਨਾਲ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ। 41। |
![]() |
![]() |
![]() |
![]() |
Sri Guru Granth Darpan, by Professor Sahib Singh |