ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 259

ਸਲੋਕ ॥ ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥ ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥ ਪਉੜੀ ॥ ਮਮਾ ਜਾਹੂ ਮਰਮੁ ਪਛਾਨਾ ॥ ਭੇਟਤ ਸਾਧਸੰਗ ਪਤੀਆਨਾ ॥ ਦੁਖ ਸੁਖ ਉਆ ਕੈ ਸਮਤ ਬੀਚਾਰਾ ॥ ਨਰਕ ਸੁਰਗ ਰਹਤ ਅਉਤਾਰਾ ॥ ਤਾਹੂ ਸੰਗ ਤਾਹੂ ਨਿਰਲੇਪਾ ॥ ਪੂਰਨ ਘਟ ਘਟ ਪੁਰਖ ਬਿਸੇਖਾ ॥ ਉਆ ਰਸ ਮਹਿ ਉਆਹੂ ਸੁਖੁ ਪਾਇਆ ॥ ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥ {ਪੰਨਾ 259}

ਪਦ ਅਰਥ: ਮਤਿ ਪੂਰੀ = ਮੁਕੰਮਲ ਅਕਲ, ਸਹੀ ਜੀਵਨ-ਰਸਤੇ ਦੀ ਪੂਰੀ ਸਮਝ। ਗੁਰ ਪੂਰੇ ਮੰਤ = ਪੂਰੇ ਗੁਰੂ ਦਾ ਉਪਦੇਸ਼। ਜਾਨਿਓ = ਜਾਣ ਲਿਆ, ਡੂੰਘੀ ਸਾਂਝ ਪਾ ਲਈ। ਭਗਵੰਤ = ਭਾਗਾਂ ਵਾਲੇ।1।

ਪਉੜੀ: ਜਾਹੂ = ਜਿਸ ਨੇ। ਮਰਮੁ = ਭੇਦ, (ਕਿ ਪ੍ਰਭੂ ਮੇਰੇ ਸਦਾ ਅੰਗ-ਸੰਗ ਹੈ) । ਪਤੀਆਨਾ = ਪਤੀਜ ਜਾਂਦਾ ਹੈ, ਤਸੱਲੀ ਹੋ ਜਾਂਦੀ ਹੈ। ਸਮਤ = ਸਮਾਨ। ਰਹਤ ਅਉਤਾਰਾ = ਉਤਰਨੋਂ ਰਹਿ ਜਾਂਦਾ ਹੈ, ਪੈਣੋਂ ਬਚ ਜਾਂਦਾ ਹੈ। ਤਾਹੂ = ਉਸ ਪ੍ਰਭੂ ਨੂੰ। ਨਿਰਲੇਪ = ਮਾਇਆ ਦੇ ਪ੍ਰਭਾਵ ਤੋਂ ਪਰੇ। ਬਿਸੇਖ = ਖ਼ਾਸ ਤੌਰ ਤੇ। ਉਆਹੂ = ਉਸੇ ਬੰਦੇ ਨੇ। ਲਿਪਤ ਨਹੀ = ਜ਼ੋਰ ਨਹੀਂ ਪਾਂਦੀ, ਪ੍ਰਭਾਵ ਨਹੀਂ ਪਾਂਦੀ। 42।

ਅਰਥ: ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ। ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ।1।

ਪਉੜੀ: ਜਿਸ ਮਨੁੱਖ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ) ਉਹ ਸਾਧ ਸੰਗਤਿ ਵਿਚ ਮਿਲ ਕੇ (ਇਸ ਲੱਭੇ ਭੇਤ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ। ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ, ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ। ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਅੰਗ-ਸੰਗ ਭੀ ਦਿੱਸਦਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ।

ਹੇ ਨਾਨਕ! (ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ ਕਿ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। 42।

ਸਲੋਕੁ ॥ ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥ ਪਵੜੀ ॥ ਯਯਾ ਜਤਨ ਕਰਤ ਬਹੁ ਬਿਧੀਆ ॥ ਏਕ ਨਾਮ ਬਿਨੁ ਕਹ ਲਉ ਸਿਧੀਆ ॥ ਯਾਹੂ ਜਤਨ ਕਰਿ ਹੋਤ ਛੁਟਾਰਾ ॥ ਉਆਹੂ ਜਤਨ ਸਾਧ ਸੰਗਾਰਾ ॥ ਯਾ ਉਬਰਨ ਧਾਰੈ ਸਭੁ ਕੋਊ ॥ ਉਆਹਿ ਜਪੇ ਬਿਨੁ ਉਬਰ ਨ ਹੋਊ ॥ ਯਾਹੂ ਤਰਨ ਤਾਰਨ ਸਮਰਾਥਾ ॥ ਰਾਖਿ ਲੇਹੁ ਨਿਰਗੁਨ ਨਰਨਾਥਾ ॥ ਮਨ ਬਚ ਕ੍ਰਮ ਜਿਹ ਆਪਿ ਜਨਾਈ ॥ ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥ {ਪੰਨਾ 259}

ਪਦ ਅਰਥ: ਛੂਟਨੁ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਤਿਹ = ਉਹਨਾਂ ਦੇ। ਪਾਹਿ = ਪੈਂਦੇ ਹਨ।1।

ਪਵੜੀ: ਕਹ ਲਉ = ਕਿਥੋਂ ਤਕ? ਸਿਧੀਆ = ਸਫਲਤਾ। ਯਾਹੂ = ਜੇਹੜੇ। ਯਾ ਉਬਰਨ = ਜੇਹੜਾ ਬਚਾਉ। ਸਭੁ ਕੋਊ = ਹਰ ਕੋਈ। ਧਾਰੈ = (ਮਨ ਵਿਚ) ਧਾਰਦਾ ਹੈ। ਨਿਰਗਨੁ = ਗੁਣ-ਹੀਨ। 43।

ਅਰਥ: ਹੇ ਮਿੱਤਰੋ! ਹੇ ਸੱਜਣੋ! ਸੁਣੋ। ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ।1।

ਪਵੜੀ: ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ, ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ। ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ, ਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ। ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ, ਪਰ ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ।

(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ, ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।

ਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ, ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) । 43।

ਸਲੋਕੁ ॥ ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥ ਪਉੜੀ ॥ ਰਾਰਾ ਰੇਨ ਹੋਤ ਸਭ ਜਾ ਕੀ ॥ ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ ਰਣਿ ਦਰਗਹਿ ਤਉ ਸੀਝਹਿ ਭਾਈ ॥ ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥ ਰਹਤ ਰਹਤ ਰਹਿ ਜਾਹਿ ਬਿਕਾਰਾ ॥ ਗੁਰ ਪੂਰੇ ਕੈ ਸਬਦਿ ਅਪਾਰਾ ॥ ਰਾਤੇ ਰੰਗ ਨਾਮ ਰਸ ਮਾਤੇ ॥ ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥ {ਪੰਨਾ 259}

ਪਦ ਅਰਥ: ਰੋਸ = ਗੁੱਸਾ। ਆਪਨ ਆਪੁ = ਆਪਣੇ ਆਪ ਨੂੰ। ਨਿਮਾਨਾ = ਧੀਰੇ ਸੁਭਾਵ ਵਾਲਾ। ਜਗਿ = ਜਗਤ ਵਿਚ। ਨਦਰੀ = ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ।1।

ਪਉੜੀ: ਰੇਨ = ਚਰਨ-ਧੂੜ। ਸਭ = ਸਾਰੀ ਲੁਕਾਈ। ਜਾ ਕੀ = ਜਿਸ (ਗੁਰੂ) ਦੀ। ਤਜਿ = ਤਿਆਗ। ਬਾਕੀ = (ਮਨ ਵਿਚ ਇਕੱਠੇ ਹੋ ਚੁੱਕੇ ਕ੍ਰੋਧ ਦੇ ਸੰਸਕਾਰਾਂ ਦਾ) ਲੇਖਾ। ਰਣਿ = ਰਣ ਵਿਚ, ਇਸ ਜਗਤ-ਰਣ-ਭੂਮੀ ਵਿਚ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਸੀਝਹਿ = ਕਾਮਯਾਬ ਹੋਵੇਂਗਾ। ਜਉ = ਜੇ। ਰਹਤ ਰਹਤ = ਰਹਿੰਦੇ ਰਹਿੰਦੇ, ਸਹਜੇ ਸਹਜੇ। ਰਹਿ ਜਾਹਿ = ਮੁੱਕ ਜਾਂਦੇ ਹਨ। ਸਬਦਿ = ਸ਼ਬਦ ਵਿਚ (ਜੁੜਿਆਂ) । ਅਪਾਰਾ = ਬੇਅੰਤ। ਰਾਤੇ = ਰੰਗੇ ਹੋਏ। ਮਾਤੇ = ਮਸਤ। ਗੁਰਿ = ਗੁਰੂ ਨੇ। 44।

ਅਰਥ: (ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ) । ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ।1।

ਪਉੜੀ: ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ, ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ। ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ, ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੇਂਗਾ। ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ।

ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤਿ ਦਿੱਤੀ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ) । 44।

ਸਲੋਕੁ ॥ ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥ ਪਉੜੀ ॥ ਲਲਾ ਲਾਵਉ ਅਉਖਧ ਜਾਹੂ ॥ ਦੂਖ ਦਰਦ ਤਿਹ ਮਿਟਹਿ ਖਿਨਾਹੂ ॥ ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥ ਤਾਹਿ ਰੋਗੁ ਸੁਪਨੈ ਨਹੀ ਆਵੈ ॥ ਹਰਿ ਅਉਖਧੁ ਸਭ ਘਟ ਹੈ ਭਾਈ ॥ ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥ ਗੁਰਿ ਪੂਰੈ ਸੰਜਮੁ ਕਰਿ ਦੀਆ ॥ ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥ {ਪੰਨਾ 259}

ਪਦ ਅਰਥ: ਬਿਖੈ = ਵਿਸ਼ੇ-ਵਿਕਾਰ। ਬਿਆਧਿ = ਬੀਮਾਰੀਆਂ, ਰੋਗ। ਇਆ = ਇਸ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਖਿ = ਸੁਖ ਵਿਚ, ਆਤਮਕ ਆਨੰਦ ਵਿਚ।1।

ਪਉੜੀ: ਲਾਵਉ = ਮੈਂ ਲਾਂਦਾ ਹਾਂ, ਮੈਨੂੰ ਯਕੀਨ ਹੈ ਕਿ ਜੇ ਕੋਈ ਵਰਤੇ। ਜਾਹੂ = ਜਿਸ ਨੂੰ। ਤਿਹ = ਉਸ ਦੇ। ਜਿਹ ਰਿਦੈ = ਜਿਸ ਦੇ ਹਿਰਦੇ ਵਿਚ। ਹਿਤਾਵੈ = ਪਿਆਰੀ ਲੱਗੇ। ਅਉਖਧੁ = ਦਵਾਈ। ਸਭ ਘਟ = ਸਾਰੇ ਸਰੀਰਾਂ ਵਿਚ। ਭਾਈ = ਹੇ ਭਾਈ! ਬਿਧਿ = ਤਰੀਕਾ, ਸਬਬ। ਗੁਰਿ = ਗੁਰੂ ਨੇ। ਸੰਜਮੁ = ਪੱਥ, ਪਰਹੇਜ਼। 45।

ਅਰਥ: (ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ; (ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ।1।

ਪਉੜੀ: ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ, ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ। ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ, ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।

ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ, ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ। ਹੇ ਨਾਨਕ! ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ) ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ। 45।

ਸਲੋਕੁ ॥ ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥ ਪਉੜੀ ॥ ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥ ਵਾਸੁਦੇਵ ਜਲ ਥਲ ਮਹਿ ਰਵਿਆ ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥ ਵੈਰ ਵਿਰੋਧ ਮਿਟੇ ਤਿਹ ਮਨ ਤੇ ॥ ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ ਵਰਨ ਚਿਹਨ ਸਗਲਹ ਤੇ ਰਹਤਾ ॥ ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥ {ਪੰਨਾ 259-260}

ਪਦ ਅਰਥ: ਵਾਸੁਦੇਵ = {ਵਸੁਦੇਵ ਦਾ ਪੁਤ੍ਰ, ਕ੍ਰਿਸ਼ਨ ਜੀ} ਪਰਮਾਤਮਾ। ਊਨ = ਅਣਹੋਂਦ, ਊਣਤਾ। ਕਤਹੂ ਠਾਇ = ਕਿਸੇ ਥਾਂ ਵਿਚ। ਕਾਇ ਦੁਰਾਇ = ਕੇਹੜਾ ਲੁਕਾਉ? ਠਾਉ = ਥਾਂ। ਠਾਇ = ਥਾਂ। ਵਿਚ।1।

ਪਉੜੀ: ਕਾਹੂ = ਕਿਸੇ ਨਾਲ। ਸਮਾਹੂ = ਵਿਆਪਕ ਹੈ। ਰਵਿਆ = ਮੌਜੂਦ ਹੈ। ਗਵਿਆ = ਗਮਨ ਕੀਆ, ਪਹੁੰਚ ਹਾਸਲ ਕੀਤੀ। ਵਰਨ = ਰੰਗ, ਜਾਤਿ-ਪਾਤ। ਚਿਹਨ– ਨਿਸ਼ਾਨ, ਰੂਪ-ਰੇਖ। ਸਗਲਹ ਤੇ = ਸਭ (ਜਾਤਿ-ਪਾਤਿ, ਰੂਪ-ਰੇਖ) ਤੋਂ। ਰਹਤਾ = ਵੱਖਰਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। {ਨੋਟ: ਤੀਜੀ ਚੌਥੀ ਤੁਕ ਦਾ ਅਰਥ ਇਕੱਠਾ ਹੀ ਕਰਨਾ ਹੈ ਤੇ ਚੌਥੀ ਤੁਕ ਤੋਂ ਸ਼ੁਰੂ ਕਰਨਾ ਹੈ}। 46।

ਅਰਥ: ਹੇ ਨਾਨਕ! ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ। ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ।1।

ਪਉੜੀ: ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ, (ਇਸ ਵਾਸਤੇ) ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ। ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ, ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।

ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ) । (ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ। 46।

TOP OF PAGE

Sri Guru Granth Darpan, by Professor Sahib Singh