ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 260 ਸਲੋਕੁ ॥ ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥ ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥ ਪਉੜੀ ॥ ੜਾੜਾ ੜਾੜਿ ਮਿਟੈ ਸੰਗਿ ਸਾਧੂ ॥ ਕਰਮ ਧਰਮ ਤਤੁ ਨਾਮ ਅਰਾਧੂ ॥ ਰੂੜੋ ਜਿਹ ਬਸਿਓ ਰਿਦ ਮਾਹੀ ॥ ਉਆ ਕੀ ੜਾੜਿ ਮਿਟਤ ਬਿਨਸਾਹੀ ॥ ੜਾੜਿ ਕਰਤ ਸਾਕਤ ਗਾਵਾਰਾ ॥ ਜੇਹ ਹੀਐ ਅਹੰਬੁਧਿ ਬਿਕਾਰਾ ॥ ੜਾੜਾ ਗੁਰਮੁਖਿ ੜਾੜਿ ਮਿਟਾਈ ॥ ਨਿਮਖ ਮਾਹਿ ਨਾਨਕ ਸਮਝਾਈ ॥੪੭॥ {ਪੰਨਾ 260} ਪਦ ਅਰਥ: ਹਉ ਹਉ = ਮੈਂ (ਹੀ ਹੋਵਾਂ) ਮੈਂ (ਹੀ ਵੱਡਾ ਬਣਾਂ) । ਸਾਕਤ = ਮਾਇਆ-ਗ੍ਰਸੇ ਜੀਵ। ਮੁਗਧ = ਮੂਰਖ। ੜੜਕਿ = (ਹਉਮੈ ਦਾ ਕੰਡਾ) ਚੁਭ ਚੁਭ ਕੇ। ਮੁਏ = ਆਤਮਕ ਮੌਤੇ ਮਰਦੇ ਹਨ, ਆਤਮਕ ਆਨੰਦ ਗਵਾ ਲੈਂਦੇ ਹਨ। ਤ੍ਰਿਖਾਵੰਤ = ਤਿਹਾਇਆ। ਕਿਰਤਿ = ਕਿਰਤ ਅਨੁਸਾਰ। ਕਿਰਤਿ ਕਮਾਨ = ਕਮਾਈ ਹੋਈ ਕਿਰਤ ਅਨੁਸਾਰ, ਹਉਮੈ ਦੇ ਆਸਰੇ ਕੀਤੇ ਕਰਮਾਂ ਅਨੁਸਾਰ।1। ਪਉੜੀ: ੜਾੜਿ = ਰੜਕ, ਚੋਭ, ਖਹ-ਖਹ। ਸਾਧੂ = ਗੁਰੂ। ਕਰਮ ਧਰਮ ਤਤੁ = ਧਾਰਮਿਕ ਕੰਮਾਂ ਦਾ ਤੱਤ। ਰੂੜੋ = ਸੁੰਦਰ ਹਰੀ। ਜੇਹ = ਜਿਸ ਦੇ। ਬਿਨਸਾਹੀ = ਨਾਸ ਹੋ ਜਾਂਦੀ ਹੈ। ਹੀਐ = ਹਿਰਦੇ ਵਿਚ। ਅਹੰਬੁਧਿ ਵਿਕਾਰਾ = ਮੈਂ ਵੱਡਾ ਬਣ ਜਾਵਾਂ = ਇਸ ਸਮਝ ਅਨੁਸਾਰ ਕੀਤੇ ਮਾੜੇ ਕੰਮ। 47। ਅਰਥ: ਮਾਇਆ-ਗ੍ਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਣ ਵਿਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ। ਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ।1। ਪਉੜੀ: (ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ (ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ, ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ। (ਪਰ) ਹੇ ਨਾਨਕ! ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ, ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ। 47। ਸਲੋਕੁ ॥ ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥ ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥ ਪਉੜੀ ॥ ਸਸਾ ਸਰਨਿ ਪਰੇ ਅਬ ਹਾਰੇ ॥ ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥ ਸੋਧਤ ਸੋਧਤ ਸੋਧਿ ਬੀਚਾਰਾ ॥ ਬਿਨੁ ਹਰਿ ਭਜਨ ਨਹੀ ਛੁਟਕਾਰਾ ॥ ਸਾਸਿ ਸਾਸਿ ਹਮ ਭੂਲਨਹਾਰੇ ॥ ਤੁਮ ਸਮਰਥ ਅਗਨਤ ਅਪਾਰੇ ॥ ਸਰਨਿ ਪਰੇ ਕੀ ਰਾਖੁ ਦਇਆਲਾ ॥ ਨਾਨਕ ਤੁਮਰੇ ਬਾਲ ਗੁਪਾਲਾ ॥੪੮॥ {ਪੰਨਾ 260} ਪਦ ਅਰਥ: ਸਾਧੂ = ਗੁਰੂ। ਮਨ = ਹੇ ਮਨ! ਗਹੁ = ਫੜ। ਉਕਤਿ = ਦਲੀਲ-ਬਾਜ਼ੀ। ਦੀਖਿਆ = ਸਿੱਖਿਆ। ਜਿਹ ਮਨਿ = ਜਿਸ ਦੇ ਮਨ ਵਿਚ। ਮਸਤਕਿ = ਮੱਥੇ ਉਤੇ। ਭਾਗੁ = ਚੰਗਾ ਲੇਖ।1। ਪਉੜੀ: ਹਾਰੇ = ਹਾਰਿ, ਹਾਰ ਕੇ। ਸਾਸਤ੍ਰ = ਹਿੰਦੂ ਫ਼ਿਲਾਸਫ਼ੀ ਦੇ ਛੇ ਪੁਸਤਕ = ਸਾਂਖ, ਜੋਗ, ਨਿਆਇ, ਮੀਮਾਂਸਾ, ਵੈਸ਼ੇਸਕ, ਵੇਦਾਂਤ। ਛੁਟਕਾਰਾ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਗੁਪਾਲਾ = ਹੇ ਗੋਪਾਲ! ਹੇ ਧਰਤੀ ਦੇ ਸਾਈਂ!। 48। ਅਰਥ: ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ।1। ਪਉੜੀ: ਹੇ ਧਰਤੀ ਦੇ ਸਾਈਂ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ। (ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ। ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ ਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ। ਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ, ਤੇ ਆਖ–) ਹੇ ਗੋਪਾਲ! ਅਸੀਂ ਤੇਰੇ ਬੱਚੇ ਹਾਂ, ਹੇ ਦਿਆਲ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ) । 48। ਸਲੋਕੁ ॥ ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥ ਪਉੜੀ ॥ ਖਖਾ ਖਰਾ ਸਰਾਹਉ ਤਾਹੂ ॥ ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥ ਖਰਾ ਨਿਮਾਨਾ ਹੋਤ ਪਰਾਨੀ ॥ ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥ ਭਾਵੈ ਖਸਮ ਤ ਉਆ ਸੁਖੁ ਦੇਤਾ ॥ ਪਾਰਬ੍ਰਹਮੁ ਐਸੋ ਆਗਨਤਾ ॥ ਅਸੰਖ ਖਤੇ ਖਿਨ ਬਖਸਨਹਾਰਾ ॥ ਨਾਨਕ ਸਾਹਿਬ ਸਦਾ ਦਇਆਰਾ ॥੪੯॥ {ਪੰਨਾ 260} ਪਦ ਅਰਥ: ਖੁਦ = ਖ਼ੁਦ, ਮੈਂ ਆਪ, ਹਉ। ਖੁਦੀ = ਮੈਂ ਮੈਂ ਵਾਲਾ ਸੁਭਾਉ, ਹਉਮੈ। ਅਰੋਗ = ਨਿਰੋਆ। ਦ੍ਰਿਸਟੀ ਆਇਆ = ਦਿੱਸ ਪੈਂਦਾ ਹੈ। ਉਸਤਤਿ ਕਰਨੈ ਜੋਗ = ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ।1। ਪਉੜੀ: ਖਰਾ = ਚੰਗੀ ਤਰ੍ਹਾਂ। ਸਰਾਹਉ = ਸਰਾਹਉਂ, ਮੈਂ ਸਲਾਹੁੰਦਾ ਹਾਂ। ਊਨੇ = ਖ਼ਾਲੀ। ਸੁਭਰ = ਨਕਾ-ਨਕ। ਨਿਮਾਨਾ = ਨਿਰ-ਅਹੰਕਾਰ। ਪਰਾਨੀ = ਜੀਵ। ਜਾਪੈ = ਜਾਪਦਾ ਹੈ। ਨਿਰਬਾਨੀ = ਵਾਸਨਾ ਤੋਂ ਰਹਿਤ। ਭਾਵੈ ਖਸਮ = ਖਸਮ ਨੂੰ ਚੰਗਾ ਲੱਗਦਾ ਹੈ। ਆਗਨਤਾ = ਬੇਅੰਤ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨ ਹੋ ਸਕੇ। ਖਤੇ = ਪਾਪ। ਦਇਆਰਾ = ਦਿਆਲ। 48। ਅਰਥ: ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ। ਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤਿ-ਸਾਲਾਹ ਦਾ ਹੱਕਦਾਰ ਹੈ।1। ਪਉੜੀ: ਮੈਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਲਾ ਕੇ ਕਰਦਾ ਹਾਂ, ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ। (ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ। (ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ। ਹੇ ਨਾਨਕ! ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ) , ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ, ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ। 49। ਸਲੋਕੁ ॥ ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥ ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥ ਪਉੜੀ ॥ ਸਸਾ ਸਿਆਨਪ ਛਾਡੁ ਇਆਨਾ ॥ ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥ ਸਹਸ ਭਾਤਿ ਕਰਹਿ ਚਤੁਰਾਈ ॥ ਸੰਗਿ ਤੁਹਾਰੈ ਏਕ ਨ ਜਾਈ ॥ ਸੋਊ ਸੋਊ ਜਪਿ ਦਿਨ ਰਾਤੀ ॥ ਰੇ ਜੀਅ ਚਲੈ ਤੁਹਾਰੈ ਸਾਥੀ ॥ ਸਾਧ ਸੇਵਾ ਲਾਵੈ ਜਿਹ ਆਪੈ ॥ ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥ {ਪੰਨਾ 260} ਪਦ ਅਰਥ: ਸਤਿ = ਸੱਚ। ਕਹਉ = ਕਹਉਂ, ਮੈਂ ਆਖਦਾ ਹਾਂ। ਮਨ = ਹੇ ਮਨ! ਉਕਤਿ = ਦਲੀਲ-ਬਾਜ਼ੀ।1। ਪਉੜੀ: ਇਆਨਾ = ਹੇ ਅੰਞਾਣ! ਹਿਕਮਤਿ = ਚਲਾਕੀ ਨਾਲ। ਹੁਕਮਿ = ਹੁਕਮ ਦੀ ਰਾਹੀਂ। ਸਹਸ = ਹਜ਼ਾਰਾਂ। ਸੋਊ = ਉਸ ਪ੍ਰਭੂ ਨੂੰ ਹੀ। ਰੇ ਜੀਅ = ਹੇ ਜਿੰਦੇ! ਸਾਧ = ਗੁਰੂ। ਜਿਹ = ਜਿਸ ਨੂੰ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। 50। ਅਰਥ: ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਪਰਮਾਤਮਾ ਦੀ ਸਰਨ ਪਉ। ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ।1। ਪਉੜੀ: ਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ। ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ। ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ, ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ) । ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ, ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ। (ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ, ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ। 50। ਸਲੋਕੁ ॥ ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥ ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥ ਪਉੜੀ ॥ ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥ ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥ ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥ ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥ ਸੰਤਹ ਸੰਗਿ ਹੋਤ ਕਿਰਪਾਲਾ ॥ ਓਰੈ ਕਛੂ ਨ ਕਿਨਹੂ ਕੀਆ ॥ ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥ {ਪੰਨਾ 260} ਪਦ ਅਰਥ: ਮਨਿ ਵੂਠੈ = ਜੇ ਮਨ ਵਿਚ ਵੱਸ ਪਏ। ਰਵਿ ਰਹਿਆ = ਵਿਆਪਕ ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਦੇ ਅੰਦਰ।1। ਪਉੜੀ: ਹੇਰਉ = ਹੇਰਉਂ, ਮੈਂ ਵੇਖਦਾ ਹਾਂ। ਘਟਿ ਘਟਿ = ਹਰੇਕ ਘਟ ਵਿਚ। ਗੁਰ ਗਿਆਨ = ਗੁਰੂ ਦਾ ਗਿਆਨ (ਇਹ ਦੱਸਦਾ ਹੈ) । ਹਉ = ਹਉਮੈ। ਤਿਹ ਹਉ = ਉਸ ਮਨੁੱਖ ਦੀ ਹਉਮੈ। ਤਹ = ਉਥੇ, ਉਸ ਦੇ ਅੰਦਰ। ਹਤੇ = ਨਾਸ ਹੋ ਗਏ। ਹਿਤ = ਪਿਆਰ, ਪ੍ਰੇਮ। ਸੰਤਹ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਓਰੈ = ਪਰਮਾਤਮਾ ਤੋਂ ਉਰੇ। 51। ਅਰਥ: ਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ, ਉਸ ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।1। ਪਉੜੀ: ਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ। ਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ– ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ) । ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ, ਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ। ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ। ਹੇ ਨਾਨਕ! (ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ, ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ। 51। |
![]() |
![]() |
![]() |
![]() |
Sri Guru Granth Darpan, by Professor Sahib Singh |