ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 261

ਸਲੋਕੁ ॥ ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥ ਪਉੜੀ ॥ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥ ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥ ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥ {ਪੰਨਾ 261}

ਪਦ ਅਰਥ: ਨ ਛੂਟੀਐ = ਸੁਰਖ਼ਰੂ ਨਹੀਂ ਹੋ ਸਕੀਦਾ, ਵਿਕਾਰਾਂ ਦੇ ਕਰਜ਼ੇ ਹੇਠੋਂ ਨਹੀਂ ਨਿਕਲ ਸਕਦੇ।1।

ਪਉੜੀ = ਲੂਣ ਹਰਾਮੀ = ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕ੍ਰਿਤਘਣ। ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ। ਅਲਪ = ਥੋੜੀ। ਜੀਉ = ਜਿੰਦ। ਪਿੰਡੁ = ਸਰੀਰ। ਤਾਹਿ = ਉਸ ਨੂੰ। ਤਤ = (ਜਿੰਦ ਤੇ ਸਰੀਰ ਦੇ) ਅਸਲੇ ਨੂੰ। ਲਾਹਾ = ਲਾਭ। ਦਹਦਿਸਿ = ਦਸੀਂ ਪਾਸੀਂ। ਨਿਮਖ = {inmy = } ਅੱਖ ਫਰਕਣ ਜਿੰਨਾ ਸਮਾ। ਮਨਹਿ = ਮਨ ਵਿਚ। ਸੰਪੈ = ਧਨ। ਲੰਪਟ = ਵਿਸ਼ਈ। ਬਿਹਾਇ = ਉਮਰ ਬੀਤਦੀ ਹੈ। ਪਾਹਨ– ਪੱਥਰ, ਪੱਥਰ-ਦਿਲ ਬੰਦੇ। ਨੀਰਿ = ਪਾਣੀ ਵਿਚ, ਨਾਮ-ਅੰਮ੍ਰਿਤ ਨਾਲ। 52।

ਅਰਥ: ਹੇ ਨਾਨਕ! (ਆਖ–) ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ। ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ।1।

ਪਉੜੀ: ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ, ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ। ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ, ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ। ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ = ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ। ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ। (ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।

ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤਿ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ। 52।

ਸਲੋਕੁ ॥ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥ ਪਉੜੀ ॥ ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥ ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥ ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥ ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥ ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥ ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥ ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥ {ਪੰਨਾ 261}

ਪਦ ਅਰਥ: ਭਵਜਲ = ਸੰਸਾਰ-ਸਮੁੰਦਰ। ਤੇ = ਤੋਂ।1।

ਪਉੜੀ: ਖੇਲਤ ਖੇਲਤ = ਮਨ ਪਰਚਾਂਦਾ ਪਰਚਾਂਦਾ। ਖੇਦ = ਦੁੱਖ-ਕਲੇਸ਼। ਸਾਧੂ = ਗੁਰੂ। ਸਮਾਇ = ਲੀਨ ਹੋ ਕੇ, ਚਿੱਤ ਜੋੜ ਕੇ। ਗਹੀ = ਫੜੀ, ਗ੍ਰਹਣ ਕੀਤੀ। ਸੰਚਿਓ = ਜੋੜਿਆ। ਖਾਇਓ = ਖ਼ੁਰਾਕ ਬਣਾਇਆ। ਖੇਪ = ਸੌਦਾ, ਵਣਜ-ਵਪਾਰ। ਘਰਿ ਆਏ = ਅੰਤਰ ਆਤਮੇ ਟਿਕ ਗਏ। ਪਤਿਵੰਤ = ਇੱਜ਼ਤ ਵਾਲੇ। ਗੁਰਿ = ਗੁਰੂ ਨੇ। ਦਿਲਾਸਾ = ਦਿਲ ਨੂੰ ਢਾਰਸ। ਆਗੈ ਪਾਛੈ = ਲੋਕ ਪਰਲੋਕ ਵਿਚ। ਸਰਾਹੀਐ = ਵਡਿਆਈਏ, ਸਿਫ਼ਤਿ-ਸਾਲਾਹ ਕਰੀਏ। 53।

ਅਰਥ: ਹੇ ਨਾਨਕ! (ਆਖ–) ਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ, ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ।1।

ਪਉੜੀ: ਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ। ਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ। ਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ ਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।

ਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤਿ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ। ਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ। (ਪਰ ਇਹ ਸਭ ਪ੍ਰਭੂ ਦੀ ਮਿਹਰ ਹੈ) ।

ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ। ਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। 53।

ਸਲੋਕੁ ॥ ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥ ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥ ਪਉੜੀ ॥ ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ਅਖਰ ਕਰਿ ਕਰਿ ਬੇਦ ਬੀਚਾਰੇ ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ਅਖਰ ਨਾਦ ਕਥਨ ਵਖ੍ਯ੍ਯਾਨਾ ॥ ਅਖਰ ਮੁਕਤਿ ਜੁਗਤਿ ਭੈ ਭਰਮਾ ॥ ਅਖਰ ਕਰਮ ਕਿਰਤਿ ਸੁਚ ਧਰਮਾ ॥ ਦ੍ਰਿਸਟਿਮਾਨ ਅਖਰ ਹੈ ਜੇਤਾ ॥ ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥ {ਪੰਨਾ 261}

ਪਦ ਅਰਥ: ਨਿਧਿ = ਖ਼ਜ਼ਾਨਾ। ਅਖਰੁ = {A˜r} = 1. ਅਵਿਨਾਸ਼ੀ ਪ੍ਰਭੂ 2. ਪ੍ਰਭੂ ਦਾ ਹੁਕਮ। ਮਨਿ = ਮਨ ਵਿਚ। ਨਿਹਾਲ = ਆਨੰਦਿਤ, ਖਿੜਿਆ ਹੋਇਆ।1।

ਪਉੜੀ: ਅਖਰ ਮਹਿ = ਹੁਕਮ ਵਿਚ। ਪ੍ਰਭਿ = ਪ੍ਰਭੂ ਨੇ। ਧਾਰੇ = ਅਸਥਾਪਨ ਕੀਤੇ। ਅਖਰ ਕਰਿ = ਹੁਕਮ ਕਰ ਕੇ, ਹੁਕਮ ਦੀ ਰਾਹੀਂ। ਕਰਿ ਬੇਦ = ਵੇਦ ਬਣਾ ਕੇ। ਨਾਦ = ਆਵਾਜ਼, ਰਾਗ, ਕੀਰਤਨ। ਵਖ੍ਯ੍ਯਾਨਾ = ਉਪਦੇਸ਼, ਵਿਆਖਿਆ। ਭੈ = ਦੁਨੀਆ ਵਾਲੇ ਡਰ। ਅਖਰ ਹੈ– ਅੱਖਰ ਦਾ (ਪਸਾਰਾ) ਹੈ, ਹੁਕਮ ਦਾ ਪਸਾਰਾ ਹੈ। ਕਿਰਤਿ = {øÄX} ਕਰਨ-ਜੋਗ। 45।

ਅਰਥ: ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ। ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।1।

ਪਉੜੀ: ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ। ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ। ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ। ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।

ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ। (ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ = ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।

ਹੇ ਨਾਨਕ! ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ, ਪਰ (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ। 54।

ਸਲੋਕੁ ॥ ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥ ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥ ਪਉੜੀ ॥ ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥ ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥ ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥ {ਪੰਨਾ 261}

ਪਦ ਅਰਥ: ਹਥਿ = ਹੱਥ ਵਿਚ। ਅਗੰਮ = ਅਪਹੁੰਚ। ਅਗੰਮ ਹਥਿ = ਅਪਹੁੰਚ ਹਰੀ ਦੇ ਹੱਥ ਵਿਚ। ਮਸਤਕਿ = ਮੱਥੇ ਉਤੇ। ਉਰਝਿ ਰਹਿਓ = ਮਿਲਿਆ ਹੋਇਆ ਹੈ (ਤਾਣੇ ਪੇਟੇ ਵਾਂਗ) । ਅਨੂਪ = ਸੋਹਣਾ। ਰੂਪਾਵਤੀ = ਰੂਪ ਵਾਲਾ। ਮੁਖਹੁ = ਮੂੰਹ ਤੋਂ। ਮੋਹੀ = ਮਸਤ ਹੋ ਗਈ ਹੈ।

ਪਉੜੀ: ਅਚੁਤ = {ÁXu = ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ। ਅਘ = ਪਾਪ। ਸਰਬਮੈ = ਸਰਬ-ਵਿਆਪਕ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ। ਨਿਰੰਕਾਰ = ਆਕਾਰ-ਰਹਿਤ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ। ਨਿਧਾਨ = ਖ਼ਜ਼ਾਨਾ। ਬਿਬੇਕ = ਪਰਖ ਦੀ ਤਾਕਤ। ਅਪਰੰਪਰ = ਪਰੇ ਤੋਂ ਪਰੇ। ਹਹਿ ਭੀ = ਹੁਣ ਭੀ ਮੌਜੂਦ ਹੈਂ। ਨਿਧਾਰਾ = ਨਿਆਸਰਿਆਂ ਦਾ। ਦਾਸਰੋ = ਨਿੱਕਾ ਜਿਹਾ ਦਾਸ। ਨਿਰਗੁਨ = ਗੁਣ-ਹੀਨ। ਰਾਖਉ = ਰਾਖਉਂ, ਮੈਂ ਰੱਖਾਂਗਾ। ਹੀਐ = ਹਿਰਦੇ ਵਿਚ। 55।

ਅਰਥ: ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ। ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ) । ਹੇ ਨਾਨਕ! (ਆਖ–) ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ।1।

ਪਉੜੀ: ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ! ਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ! ਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ! ਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ। ਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ! ਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ। ਮੈਨੂੰ ਆਪਣੇ ਨਾਮ ਦਾ ਦਾਨ ਬਖ਼ਸ਼, (ਇਹ ਦਾਨ) ਮੈਂ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖਾਂ। 55।

TOP OF PAGE

Sri Guru Granth Darpan, by Professor Sahib Singh